ਕਾਂਗਰਸ ਸਰਕਾਰ ਵੇਲੇ ਬਣੇ ਹਸਪਤਾਲ ਦਾ ‘ਆਪ’ ਨੇ ਕੀਤਾ ਉਜਾੜਾ, ਵਿਰੋਧਤਾ ਕਰਨ ਵਾਲੇ ਭਾਜਪਾ ਆਗੂ ਆਮ ਆਦਮੀ ਪਾਰਟੀ ਦੀ ‘ਬੀ-ਟੀਮ’ ਵਜੋਂ ਕਰ ਰਹੇ ਨੇ ਕੰਮ ਕਾਂਗਰਸੀ ਆਗੂ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ): ਕਾਠਗੜ੍ਹ ਦੇ ਸਰਕਾਰੀ ਹਸਪਤਾਲ ਦੀ ਖਸਤਾ ਹਾਲਤ ਨੂੰ ਲੈ ਕੇ ਇਲਾਕੇ ਦੀ ਸਿਆਸਤ ਪੂਰੀ ਤਰ੍ਹਾਂ ਭੜਕ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਵੱਲੋਂ ਬੀਤੇ ਦਿਨੀਂ ਕਾਠਗੜ੍ਹ ਹਸਪਤਾਲ ਦਾ ਦੌਰਾ ਕਰਕੇ ਉੱਥੋਂ ਦੇ ਮਾੜੇ ਪ੍ਰਬੰਧਾਂ, ਬੰਦ ਪਏ ਆਪ੍ਰੇਸ਼ਨ ਥੀਏਟਰ ਅਤੇ ਡਾਕਟਰਾਂ ਦੀ ਕਮੀ ਨੂੰ ਜਨਤਕ ਕਰਨ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ‘ਤੇ ਕਾਂਗਰਸ ਨੇ ਕਰਾਰਾ ਜਵਾਬ ਦਿੱਤਾ ਹੈ। ਇਸ ਸਬੰਧੀ ਸਾਂਝਾ ਬਿਆਨ ਜਾਰੀ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲ ਮਾਜਰਾ ਪ੍ਰਧਾਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਚੇਅਰਮੈਨ ਧਰਮਪਾਲ ਪਵਾਰ ਭਰਥਲਾ ਨੇ ਵਿਰੋਧੀਆਂ, ਖ਼ਾਸ ਕਰਕੇ ਭਾਜਪਾ ਆਗੂਆਂ ਦੇ ਬਿਆਨਾਂ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਗੁਮਰਾਹਕੁੰਨ ਕਰਾਰ ਦਿੱਤਾ ਹੈ। ਕਾਂਗਰਸੀ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਪੂਰੇ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਕ੍ਰਾਂਤੀ ਦਾ ਝੂਠਾ ਢੰਡੋਰਾ ਪਿੱਟ ਰਹੀ ਹੈ, ਉੱਥੇ ਹੀ ਰਾਜਾ ਵੜਿੰਗ ਨੇ ਕਾਠਗੜ੍ਹ ਹਸਪਤਾਲ ਦੀ ਅਸਲ ਅਤੇ ਤਰਸਯੋਗ ਤਸਵੀਰ ਸਾਹਮਣੇ ਲਿਆ ਕੇ ਸਰਕਾਰ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਉਨ੍ਹਾਂ ਹੈਰਾਨੀ ਜਤਾਈ ਕਿ ਹਸਪਤਾਲ ਦੀ ਇਸ ਬਦਹਾਲੀ ‘ਤੇ ਆਮ ਆਦਮੀ ਪਾਰਟੀ ਦੇ ਵਿਧਾਇਕ, ਹਲਕਾ ਪ੍ਰਧਾਨ ਜਾਂ ਬੁਲਾਰੇ ਤਾਂ ਸਾਹਮਣੇ ਆ ਕੇ ਜਵਾਬ ਨਹੀਂ ਦੇ ਸਕੇ, ਪਰ ਉਨ੍ਹਾਂ ਦੀ ‘ਬੀ-ਟੀਮ’ ਵਜੋਂ ਕੰਮ ਕਰ ਰਹੀ ਭਾਜਪਾ ਦੇ ਆਗੂ ਕਾਂਗਰਸ ਸਿਰ ਭਾਂਡਾ ਭੰਨਣ ਲਈ ਤੁਰੰਤ ਮੈਦਾਨ ਵਿੱਚ ਨਿੱਤਰ ਆਏ ਹਨ। ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਅਤੇ ਧਰਮਪਾਲ ਭਰਥਲਾ ਨੇ ਰਿਕਾਰਡ ਦਾ ਹਵਾਲਾ ਦਿੰਦਿਆਂ ਸਾਫ਼ ਕੀਤਾ ਕਿ ਇਹ ਹਸਪਤਾਲ ਕਾਂਗਰਸ ਪਾਰਟੀ ਦੀ ਦੇਣ ਹੈ, ਜਿਸ ਨੂੰ ਐਮ.ਪੀ. ਰਵਨੀਤ ਸਿੰਘ ਬਿੱਟੂ ਤੋਂ ਗਰਾਂਟਾਂ ਦਿਵਾ ਕੇ ਅਤੇ ਕਹਿ ਕੇ ਵੱਡੇ ਪੱਧਰ ‘ਤੇ ਮਨਜ਼ੂਰ ਕਰਵਾਇਆ ਗਿਆ ਸੀ। ਸਾਲ 2017 ਤੋਂ 2022 ਤੱਕ ਕਾਂਗਰਸ ਸਰਕਾਰ ਦੇ ਸਮੇਂ ਅਤੇ ਤਤਕਾਲੀ ਵਿਧਾਇਕ ਚੌਧਰੀ ਦਰਸ਼ਨ ਲਾਲ ਦੀ ਅਗਵਾਈ ਹੇਠ ਇੱਥੇ ਬਕਾਇਦਾ ਐਸ.ਐਮ.ਓ , ਲੇਡੀ ਡਾਕਟਰ ਅਤੇ ਗਾਇਨੀ ਦੇ ਮਾਹਿਰ ਡਾਕਟਰਾਂ ਸਮੇਤ ਹੋਰ ਕਈ ਸਪੈਸ਼ਲਿਸਟ ਡਾਕਟਰ ਤਾਇਨਾਤ ਕੀਤੇ ਗਏ ਸਨ, ਜੋ ਬਲਾਚੌਰ ਦੇ ਨਾਲ-ਨਾਲ ਇੱਥੇ ਵੀ ਆਪਣੀ ਡਿਊਟੀ ਨਿਭਾਉਂਦੇ ਸਨ ਅਤੇ ਉਸ ਸਮੇਂ ਹਸਪਤਾਲ ਵਿੱਚ ਮਰੀਜ਼ਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਉਨ੍ਹਾਂ ਭਾਜਪਾ ਆਗੂਆਂ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਜੋ ਲੋਕ ਅੱਜ ਅਖ਼ਬਾਰਾਂ ਵਿੱਚ ਸੁਰਖੀਆਂ ਬਟੋਰਨ ਲਈ ਬਿਆਨ ਦੇ ਰਹੇ ਹਨ, ਉਹ ਸ਼ਾਇਦ ਕਦੇ ਹਸਪਤਾਲ ਦੇ ਅੰਦਰ ਗਏ ਹੀ ਨਹੀਂ, ਕਿਉਂਕਿ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਹਸਪਤਾਲ ਦੇ ਕਮਰੇ ਕਿੰਨੇ ਹਨ, ਐਕਸਰੇਅ ਰੂਮ, ਸਕੈਨ ਰੂਮ ਜਾਂ ਲੈਬਾਰਟਰੀ ਕਿੱਥੇ ਹੈ। ਕਾਂਗਰਸੀ ਆਗੂਆਂ ਨੇ ਦੋਸ਼ ਲਾਇਆ ਕਿ ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਅੰਦਰਖਾਤੇ ਮਿਲੇ ਹੋਏ ਹਨ ਅਤੇ ਬਲਾਕ ਸੰਮਤੀ ਤੋਂ ਲੈ ਕੇ ਸ਼ਹਿਰੀ ਚੋਣਾਂ ਤੱਕ ਇਹਨਾਂ ਨੇ ਵਾਰਡ ਵੰਡ ਕੇ ਆਪਸ ਵਿੱਚ ਮਿਲ ਕੇ ਚੋਣਾਂ ਲੜੀਆਂ ਹਨ, ਜਿਨ੍ਹਾਂ ਦਾ ਇੱਕੋ-ਇੱਕ ਮਕਸਦ ਕਾਂਗਰਸ ਦਾ ਵਿਰੋਧ ਕਰਨਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਜਦੋਂ ਬਲਾਚੌਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਿਨ-ਦਿਹੜੇ ਗੋਲੀਆਂ ਚੱਲੀਆਂ, ਗੁੰਡਾਗਰਦੀ ਹੋਈ, ਅਧਿਆਪਕਾਂ ਤੇ ਲਾਈਨਮੈਨਾਂ ‘ਤੇ ਅੱਤਿਆਚਾਰ ਹੋਏ ਅਤੇ ਨੀਟ ਪੇਪਰ ਲੀਕ ਵਰਗੇ ਘੁਟਾਲੇ ਹੋਏ, ਉਦੋਂ ਭਾਜਪਾ ਜਾਂ ਹੋਰ ਕਿਸੇ ਪਾਰਟੀ ਨੇ ਮੌਜੂਦਾ ਸਰਕਾਰ ਖ਼ਿਲਾਫ਼ ਮੂੰਹ ਨਹੀਂ ਖੋਲ੍ਹਿਆ, ਕਿਉਂਕਿ ਇਹ ਸਾਰੇ ਸਰਕਾਰ ਦੇ ਦਬਾਅ ਹੇਠ ਡਰੇ ਹੋਏ ਹਨ। ਉਨ੍ਹਾਂ ਅਖੀਰ ਵਿੱਚ ਕਿਹਾ ਕਿ ਸਿਰਫ਼ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਹੀ ਲੋਕਾਂ ਦੇ ਮੁੱਦਿਆਂ ‘ਤੇ ਡਟ ਕੇ ਲੜ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਲਾਕੇ ਦੇ ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਰੱਖੀ ਜਾਵੇਗੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



