ਲੰਡਨ (ਸਮਾਜ ਵੀਕਲੀ):ਬਰਤਾਨੀਆ ਦੇ ਰਾਜਕੁਮਾਰ ਵਿਲੀਅਮ ਦੀ ਪਤਨੀ ਕੇਟ ਮਿਡਲਟਨ ਇਕ ਕੋਵਿਡ ਪਾਜ਼ੇਟਿਵ ਵਿਅਕਤੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਇਕਾਂਤਵਾਸ ਵਿਚ ਹੈ। ਕੇਨਸਿੰਗਟਨ ਪੈਲੇਸ ਮੁਤਾਬਕ ਉਹ ਦਸ ਦਿਨ ਇਕਾਂਤਵਾਸ ਰਹੇਗੀ। ਕੈਥਰੀਨ (ਡੱਚੈਸ ਆਫ ਕੈਮਬ੍ਰਿਜ) ਵਜੋਂ ਜਾਣੀ ਜਾਂਦੀ ਕੇਟ ਨੇ ਆਪਣੇ ਪਤੀ ਡਿਊਕ ਆਫ਼ ਕੈਂਬ੍ਰਿਜ ਵਿਲੀਅਮ ਦੇ ਨਾਲ ਕਈ ਸਮਾਗਮਾਂ ਵਿਚ ਹਿੱਸਾ ਲੈਣਾ ਸੀ। ਨੈਸ਼ਨਲ ਹੈਲਥ ਸਰਵਿਸ (ਐਨਐਚਐੱਸ) ਦੀ 73ਵੀਂ ਵਰ੍ਹੇਗੰਢ ਬਰਤਾਨੀਆ ਵਿਚ ਮਨਾਈ ਜਾ ਰਹੀ ਹੈ। ਹੁਣ ਮਿਡਲਟਨ ਕਿਸੇ ਵੀ ਸਮਾਗਮ ਵਿਚ ਹਿੱਸਾ ਨਹੀਂ ਲੈ ਸਕੇਗੀ। ਪੈਲੇਸ ਦੇ ਬੁਲਾਰੇ ਨੇ ਕਿਹਾ ਕਿ ਸ਼ਾਹੀ ਸ਼ਖ਼ਸੀਅਤ ਨੂੰ ਅਜੇ ਤੱਕ ਕੋਵਿਡ ਦਾ ਕੋਈ ਲੱਛਣ ਨਹੀਂ ਹੈ ਪਰ ਉਹ ਸਾਰੀਆਂ ਸਾਵਧਾਨੀਆਂ ਵਰਤ ਰਹੀ ਹੈ। ਕਰੋਨਾ ਬਾਰੇ ਜਾਰੀ ਹਦਾਇਤਾਂ ਦਾ ਪੂਰਾ ਪਾਲਣ ਕੀਤਾ ਜਾ ਰਿਹਾ ਹੈ। ਯੂਕੇ ਦੇ ਮੀਡੀਆ ਮੁਤਾਬਕ 39 ਸਾਲਾ ਕੇਟ ਕੋਵਿਡ ਵੈਕਸੀਨ ਦੀਆਂ ਦੋ ਡੋਜ਼ ਲੈ ਚੁੱਕੀ ਹੈ। ਰਾਜਕੁਮਾਰ ਵਿਲੀਅਮ ਨੂੰ ਪਿਛਲੇ ਸਾਲ ਅਪਰੈਲ ਵਿਚ ਕਰੋਨਾ ਹੋ ਗਿਆ ਸੀ ਪਰ ਉਹ ਆਪਣਾ ਕੰਮਕਾਜ ਕਰਦੇ ਰਹੇ ਸਨ। ਉਨ੍ਹਾਂ ਦੇ ਪਿਤਾ ‘ਪ੍ਰਿੰਸ ਆਫ ਵੇਲਜ਼’ ਨੂੰ ਵੀ ਹਲਕੇ ਲੱਛਣਾਂ ਨਾਲ ਪਿਛਲੇ ਸਾਲ ਕਰੋਨਾ ਹੋ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly