ਕਾਰਗਿੱਲ ਸ਼ਹੀਦ

ਕਾਰਗਿੱਲ ਸ਼ਹੀਦ ਬਲਦੇਵ ਸਿੰਘ
ਲੇਖਕ ਜਸਜੀਤ ਸਿੰਘ ਸ਼ਹਿਰੀਆ

(ਸਮਾਜ ਵੀਕਲੀ) ਸੰਨ 1979-80 ਸਰਕਾਰੀ ਸਕੂਲ ਤਲਵੰਡੀ ਚੌਧਰੀਆਂ ਅਪ੍ਰੈਲ ਮਹੀਨੇ ਕਲਾਸਾਂ ਦੀ ਅਜੇ ਸ਼ੁਰੂਆਤ ਸੀ ,ਪੜਾਈ ਨਹੀ ਖੇਡਾਂ ਤੇ ਸ਼ਰਾਰਤਾਂ ਦਾ ਵਕਤ ਸੀ, ਖੇਡਦਿਆਂ ਇਕ ਸਾਥੀ ਦੇ  ਡਿੱਗਣ ਕਰਕੇ ਬਾਂਹ ਤੇ ਗਹਿਰੀ ਸੱਟ ਲੱਗੀ ਦਰਦ ਨਾਲ ਵਿਲਕਦੇ ਕੋਲ ਸਕੂਲ ਦਾ ਸਟਾਫ਼ ਮੌਜੂਦ ਸੀ ਮੁਢਲੀ ਮੱਦਦ ਲਈ, ਚਾਰ ਦੀਵਾਰੀ ਤੋ ਵਾਂਝੇ ਸਕੂਲ ਤੋਂ ਨਜ਼ਦੀਕ ਬੂਟਾ ਸਿੰਘ ਲਾਹੌਰੀਏ ਦੀ ਮੋਟਰ ਤੇ  ਉਸ ਕੋਲ ਬੈਠਾ ਚਾਨਣ ਰਾਮ ਹਕੀਮ ਕਿਸੇ ਦੀ ਨਜ਼ਰੀ ਪਿਆ ,ਵੈਸੇ ਹਕੀਮ ਪਸ਼ੂਆਂ ਦਾ ਸਿਆਣਾ ਸੀ ,ਬੁਲਾਉਣ ਤੇ ਹਕੀਮ ਨੇ ਮੁੰਡੇ ਦੀ ਬਾਂਹ ਦੇਖਦਿਆ ਹੌਸਲਾ ਦਿੱਤਾ ਕੁਝ ਨਹੀਂ ਹੋਇਆ, ਸ਼ੇਰ ਬਣ ਮਾਸ ਪਾਟਾ ਹੁਣੇ ਠੀਕ ਕਰ ਦਿੰਦੇ ਆ ,ਮਾਲਸ਼ ਕਰ ਫਿਸਲੀ ਹੱਡੀ ਸਹੀ ਕਰ ਬੰਨਦਿਆਂ ਹਕੀਮ ਸਾਹਿਬ ਨੂੰ ਪਿਛੋਂ ਅਵਾਜ਼ ਆਈ ਭਾਪਾ ਜੀ ਘਰੇ ਪ੍ਰਾਹੁਣੇ ਆਏ ਆ ,ਸਾਇਕਲ ਦੇ ਟਾਇਰ ਨੂੰ ਗੁਲਾਬਾਸ਼ੀ ਦੇ ਡੰਡੇ ਨਾਲ ਕੁੱਟਦਾ ਆਉਦਾ ਮੁੰਡਾ ਮਾ. ਮਹਿੰਦਰ ਸਿੰਘ ਬਾਜਵਾ ਜੀ ਮਸੀਤਾਂ ਵਾਲਿਆਂ ਨੂੰ ਕਿਸੇ ਤਰਾਸ਼ਣ ਵਾਲੇ ਹੀਰੇ ਤੋ ਘੱਟ ਨਹੀਂ ਲੱਗਾ ,ਹਕੀਮ ਸਾਹਿਬ ਇਹ ਕਾਕਾ ਪੜਦਾ ਨਹੀਂ ,ਨਹੀਂ ਜੀ ਪਿਛਲੇ ਵਰ੍ਹੇ ਤੁਹਾਡੇ ਕਿਸੇ ਮਾਸਟਰ ਜੀ ਨੇ  ਐਨੀਂ ਬੁਰੀ ਤਰਾਂ ਕੁਟਿਆ ਸਕੂਲ ਵੱਲ ਮੂੰਹ ਹੀ ਨਹੀਂ ਕਰਦਾ ,ਬਾਜਵਾ ਜੀ ਨੇ ਮੁੰਡੇ ਨੂੰ ਕੁਝ ਪਿਆਰ ਨਾਲ ਸਮਝਾਇਆ ਉਹ ਰਾਜ਼ੀ ਹੋ ਗਿਆ ,ਬੱਸ ਹਕੀਮ ਜੀ ਤੁਸੀਂ ਕੱਲ ਸਵੇਰੇ ਮੇਰੇ ਕੋਲ ਛੱਡ ਜਾਇਓ ਬਾਕੀ ਅਸੀਂ ਵੇਖਾਂਗੇ ,ਅਗਲੀ ਸਵੇਰ ਅੱਥਰਾ ਮੁੰਡਾ ਬੀਬਾ ਕਾਕਾ ਬਣ ਕੇ ਸਾਡੇ ਨਾਲ ਪੰਜਵੀਂ ਕਲਾਸ ਚ ਦਾਖਲ ਹੋ ਗਿਆ ,ਸਾਡੇ ਨਾਲ ਪੜ੍ਹਦੇ ਨਰਿੰਦਰ  (ਮਾ.ਜੀ ਦਾ ਲੜਕਾ ਜੋ ਅਜਕਲ ਟੀਚਰ ਆ )ਦੀ ਵੀ ਸਾਡੇ ਨਾਲ ਹੀ ਸੇਵਾ ਹੋ ਜਾਂਦੀ ਸੀ ,ਪਰ ਇਸ ਬੀਬੇ ਕਾਕੇ ਨਾਲ ਮਾਸਟਰ ਜੀ  ਪਿਆਰ ਨਾਲ ਹੀ ਪੇਸ਼ ਆਉਦੇ ,ਰੁਕੀ ਗੱਡੀ ਤੁਰੀ ਦਸਵੀਂ ਤੱਕ ਪਹੁੰਚ ਗਈ ,ਬਾਅਦ ਚ ਵੱਡੇ ਫੌਜੀ ਵੀਰ ਪ੍ਰੇਰਨਾ ਨਾਲ ਉਸਦਾ ਸਾਥੀ ਬਣ ਗਿਆ ,ਪੌਦੇ ਦੇ ਮਾਲੀਆਂ ਦੇ ਨਾਲ ਇਹ ਮਾਣ ਬਾਜਵਾ ਜੀ ਨੂੰ ਜਾਂਦਾ ਹੈ

                ਖ਼ਬਰਾਂ ਆਉਦਿਆ ਹੀ ਲੋਕੀ ਟੀਵੀ ਰੇਡੀਓ ਨਾਲ ਜੁੜ ਜਾਂਦੇ ,ਰਿਟਾਇਰ ਫੌਜੀਆ ਨੂੰ ਵੀ ਸੂਚਿਤ ਲੈਟਰ ਆ ਗਏ ,ਮੇਰਾ ਬਾਪੂ ਸੰਪੂਰਨ ਸਿੰਘ ਸ਼ਹਿਰੀਆ ਵੀ ਤਿੰਨ ਜੰਗਾਂ ਚ ਸੇਵਾ ਨਿਭਾ ਕੇ ਹੁਣ ਸੇਵਾ ਮੁਕਤ ਸੀ ,ਸਵੇਰ  ਨੂੰ ਅਕਸਰ ਬਾਪੂ ਕੋਲ ਦੁਕਾਨ ਤੇ ਸਮਕਾਲੀ ਫੌਜੀ ਅਖ਼ਬਾਰ ਵੇਖਣ ਆਉਦੇ ਘੰਟਿਆਂ ਬੱਧੀ ਚਰਚਾ ਕਰਦੇ ,ਪਿੰਡ ਚ ਸਾਡੇ ਕਾਫੀ ਫੌਜੀ ਅੰਕਲ ਸੀ ਕੈ.ਰਤਨ ਸਿੰਘ ,ਸੂ.ਦਾਰਾ ਸਿੰਘ,ਸੂ.ਬੇਅੰਤ ਸਿੰਘ,ਸਾਈ ਦਾਸ,ਗੁਰਦਿੱਤ ਸਿੰਘ,ਬਖਸ਼ੀਸ਼ ਸਿੰਘ ,ਮਹਿੰਦਰ ਸਿੰਘ ਜੋ 1965 ਵਾਲੀ ਜੰਗ ਚ ਇਕ ਲੱਤ ਦੇਸ਼ ਨੂੰ ਭੇਂਟ ਕਰ ਚੁਕੇ ਸੀ,ਹੋਰ ਬਹੁਤ ਅੰਕਲ ਤੇ ਵੀਰ ,ਗੱਲਾਂ ਕਰਦਿਆ ਇਹਨਾ ਬੁੱਢੇ ਜਰਨੈਲਾਂ ਦੇ ਚਿਹਰਿਆਂ ਤੇ ਦੇਸ਼ ਭਗ਼ਤੀ ਦਾ ਜਲਾਲ ਵੇਖਣ ਵਾਲਾ ਹੁੰਦਾ ਸੀ,ਪਿੰਡ ਦੇ ਹੀ ਕਈ ਸੱਜਣ ਜਿਨਾਂ ਦਾ ਦੇਸ਼ ਪ੍ਰੇਮ ਨਾਲ ਕੋਈ ਵਾਹ ਵਾਸਤਾ ਨਹੀਂ ਸੀ ਸਾਰੀ ਊਰਜਾ ਭਰਾਵਾਂ ਦੀਆਂ ਜ਼ਮੀਨਾਂ ਹੜੱਪਣ ਚ ਲਾਈ ਹੋਈ ਸੀ ਅਕਸਰ ਪਿੱਠ ਪਿਛੇ ਆਖ ਦਿੰਦੇ ,ਇਹਨਾਂ ਫੌਜੀਆਂ ਦੀ ਅੱਕਲ਼ ਤੇ ਰਫ਼ਲ ਸਰਕਾਰੀ ਹੁੰਦੀ ਆ ।
      ਗਰਮੀ ਜੋਰਾਂ ਤੇ ਸੀ ਪਿੰਡੋ ਪਿੰਡ ਤਿਰੰਗੇ ਚ ਲਪੇਟੀਆਂ ਸ਼ਹੀਦਾਂ ਦੀਆਂ ਲਾਸ਼ਾਂ ਆ ਰਹੀਆਂ ਸੀ,ਹਾਕਮਾਂ ਦੀ ਨਾਲਾਇਕੀ ਤੇ ਹੁਣ ਢਿੱਲੀ ਰਣਨੀਤੀ ਹਰ ਰੋਜ਼ ਸ਼ੇਰ ਢੇਰੀ ਕਰਵਾ ਰਹੀ ਸੀ,ਲੋਕਾਂ ਚ ਗੁੱਸਾ ਤੇ ਰੋਹ ਸਿਖਰ ਤੇ ਸੀ,ਹੋਣੀ ਨੇ ਮੇਰੇ ਪਿੰਡ ਆ ਪੈਰ ਪਾਇਆ ਤਿਰੰਗੇ ਨਾਲ ਨਿਵਾਜਿਆ ਹਕੀਮ ਜੀ ਉਹੀ ਬੱਬਰ ਸ਼ੇਰ ਬਲਦੇਵ ਸਿੰਘ ਫੌਜੀ ਜਰਨੈਲ ਵੈਰੀ ਦੀਆ ਗੋਲੀਆਂ ਆਪਣੇ ਸੀਨੇ ਨਾਲ ਰੋਕ ਅਮਰ ਹੋ ਗਿਆ,ਅੱਜ ਕਾਰਗਿੱਲ ਸ਼ਹੀਦ ਬਣ ਗਿਆ,ਸਹੀਦ ਲਫਜ਼ ਲਿਖਣ ਚ ਕੁੱਝ ਹੋਰ ਹੈ ਪਰ ਪਰਿਭਾਸ਼ਾ ਉਹਨਾਂ ਦੇ ਪਰਿਵਾਰਾਂ ਨੂੰ ਪੁਛੋ,ਜਿਹੜੇ ਪਰਿਵਾਰਾਂ ਨੇ ਸ਼ਹਾਦਤਾਂ ਦਿੱਤੀਆਂ ਨੇ,ਅੱਜ ਘੁੱਗ ਵੱਸਦਾ ਬਜਾਰ ਸੁੰਨਾ ਸੀ ਤੇ ਖਿਲੂ ਖਿਲੂ ਕਰਦੇ ਬਾਣੀਏ ਚੁੱਪ ਸੀ ਸਾਰੇ ਪਿੰਡ ਚ ਮਾਤਮ ਛਾ ਗਿਆ ਸੀ ,ਸ਼ਹੀਦ ਦਾ ਸਸਕਾਰ ਫੌਜੀ ਰਸਮਾਂ ਨਾਲ ਹੋਇਆ, ਨੇੜਲੇ ਪਿੰਡਾਂ ਦੀਆਂ ਸੰਗਤਾਂ ਇਲਾਕੇ ਦੇ ਲੀਡਰ ਸਾਹਿਬਾਨਾਂ ਨੇ ਫੁੱਲ ਭੇਂਟ ਕੀਤੇ,ਰਸਮਾਂ ਚਲਦੀਆਂ ਰਹੀਆਂ ਸਿਆਸਤ ਵਾਲੇ ਹਮਦਰਦੀ ਵਾਲੇ ਸਾਰੇ ਪਰਿਵਾਰ ਕੋਲ ਆਏ,ਹਕੀਮ ਸਾਹਿਬ ਇਹ ਪਿੰਡ ਦਾ ਸ਼ਹੀਦ ਆ ਇਲਾਕੇ ਦਾ ਸ਼ਹੀਦ ਆ,ਮੁਲਕ ਦਾ ਸ਼ਹੀਦ ਆ ਅਸੀਂ ਤੁਹਾਡੇ ਨਾਲ ਆ ਹੌਸਲਾ ਰੱਖਿਓ ਜੇ,ਬਹੁਤ ਕੁੱਝ ਹੋਇਆ, ਭੋਗ ਪਿਆ ਹਕੀਮ ਜੀ ਨੇ ਵਿਧਵਾ ਨੂੰਹ ਤੇ ਬੱਚਿਆਂ ਦੀ ਕੁਵੇਲੇ ਪਈ ਜੁੰਮੇਵਾਰੀ ਨੂੰ ਰੱਬ ਦਾ ਭਾਣਾ ਮੰਨ ਲਿਆ,ਪਿੰਡ ਵਾਲਿਆਂ ਤਲਵੰਡੀ ਚੌਧਰੀਆਂ  ਬੱਸ ਅੱਡੇ ਤੇ ਬਣਿਆ ਸ਼ੈਡ ਰੰਗਾ ਕੇ ਉਸ ਉੱਪਰ ਯਾਦਗਾਰ ਕਾਰਗਿੱਲ ਸ਼ਹੀਦ ਬਲਦੇਵ ਸਿੰਘ ਲਿਖ ਦਿਤਾ,ਛੇ ਫੁੱਟ ਦਾ ਬਾਹਾਂ ਚ ਅੰਤਾਂ ਦੀ ਤਾਕਤ ਰੱਖਣ ਵਾਲਾ ਹਕੀਮ ਕਮਜੋਰ ਪੈ ਗਿਆ ਸੀ,ਪੁੱਤ ਦੀ ਅਰਥੀ ਦਾ ਭਾਰ ਲੱਕ ਤੋੜ ਗਿਆ ਸੀ,ਹਿੰਮਤ ਕਰ ਕੇ ਕਦੇ -ਕਦੇ ਬੱਸ ਅੱਡੇ ਤੇ ਆਉਦਾ ਉੱਥੇ ਖੜੇ ਕਿਸੇ ਕਾਲਜੀਏਟ ਮੁੰਡੇ ਨੂੰ ਪੁਛ ਲੈਂਦਾ ਕਾਕਾ ਓਹ ਕੀ ਲਿਖਿਆ ਆ,ਸ਼ਹੀਦ ਪੁੱਤ ਦਾ ਨਾਮ ਸੁਣ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਸੀ,ਸਾਲ ਬੀਤਦੇ ਗਏ ਸ਼ੈਡ ਦਾ ਰੰਗ ਫਿੱਕਾ ਪੈ ਗਿਆ ਸਿਹਾਰੀ -ਕੰਨਾ ਵੀ ਅਲੋਪ ਹੋ ਗਏ ਸੀ,ਹਕੀਮ ਸਾਹਿਬ ਅੱਜ ਸਵੇਰੇ ਬਸ ਉਡੀਕਦੇ ਕਾਲਜੀਏਟ ਮੁੰਡਿਆ ਕੋਲ ਆ ਕੇ ਇਕ ਦੇ ਮੋਢੇ ਹੱਥ ਰੱਖਦਿਆਂ ਅਸੀਸਾ ਦਿੰਦਿਆਂ ਪੁਛਿਆ ਬੇਟਾ ਓਹ ਕੀ ਲਿਖਿਆ ਆ,ਬਾਪੂ ਜੀ( ਕਰ ਗੱਲ ਸ਼ਹੀਦ ਬਲਦੇਵ ਸਿੰਘ ਜੀ )ਲਿਖਿਆ ਆ ,ਸੁਣ ਕੇ ਹਕੀਮ ਦੀ ਧਾਹ ਨਿਕਲੀ ਤੇ ਆਲੇ ਦੁਵਾਲੇ ਆਪਣੇ ਸੱਮਕਾਲੀਆ ਦੇ ਪੁੱਤ ਪੋਤੇ ਦੁਕਾਨਾਂ ਤੇ ਵੇਖ ਚਿਮਨ ਲਾਲ ਦੇ ਢਾਬੇ ਤੇ  ਜਾ ਖਲੋਤਾ ਪੁੱਤ ਅੱਜ ਮੈਨੂੰ ਮੋਟਰ ਸਾਇਕਲ ਤੇ ਘਰੇ ਛੱਡ ਆ,ਲੱਤਾਂ ਲੜਖੜਾਉਦੀਆਂ ਸਨ ਜੁਬਾਨ ਥਿੜਕਦੀ ਸੀ , ਕਾਰਗਿੱਲ ਤੋਂ ਕਰਗੱਲ ਦੀਆਂ ਗਿਣਤੀਆਂ ਕਰਦਾ ਕਰਦਾ ਇਕ ਜੰਗਜੂ ਸ਼ਹੀਦ ਦਾ ਬਾਪੂ ਥੋੜੇ ਦਿਨਾਂ ਪਿਛੋ ਹੀ ਇਸ ਜਹਾਨ ਤੋਂ ਰੁੱਕਸਤ ਹੋ ਗਿਆ,ਇਹ ਕੋਈ ਨਵੀਂ ਗੱਲ ਨਹੀ ਮੇਰੇ ਦੇਸ਼ ਦੀ ਰਾਜਨੀਤੀ ਅਕਸਰ ਸ਼ਹੀਦਾਂ ਨੂੰ  ( ਕਰ ਗੱਲ ) ਆਖਦੀ ਆਈ ਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜ਼ਿਲ੍ਹਾ ਸੰਗਰੂਰ ਦੇ ਸਮੂਹ ਲੇਖਕਾਂ ਦੇ ਇਕੱਠ ਵਿੱਚ ਲੇਖਕ ਭਵਨ ਦਾ ਹੋਇਆ ਉਦਘਾਟਨ
Next articleਮਾਛੀਵਾੜਾ ਦੀ ਟਰੈਫਿਕ ਪੁਲਿਸ ਆਵਾਜਾਈ ਦੇ ਨਵੇਂ ਨਿਯਮਾਂ ਸਬੰਧੀ ਦੇ ਰਹੀ ਹੈ ਜਾਣਕਾਰੀ