ਕਰਾਚੀ (ਸਮਾਜ ਵੀਕਲੀ): ਇੱਥੇ ਮੋਟਰਸਾਈਕਲ ਸਵਾਰ ਨੇ ਕਾਰ ਵਿਚ ਜਾ ਰਹੇ ਦੋ ਚੀਨ ਦੇ ਫੈਕਟਰੀ ਕਾਮਿਆਂ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਇੱਕ ਜਣਾ ਜਖ਼ਮੀ ਹੋ ਗਿਆ।
ਇਸ ਸਬੰਧੀ ਪੁਲੀਸ ਦੇ ਸੀਨੀਅਰ ਅਧਿਕਾਰੀ ਜਾਵੇਦ ਅਕਬਰ ਨੇ ਕਿਹਾ ਕਿ ਇਸ ਹਮਲੇ ਦੇ ਪਿੱਛੇ ਦਾ ਮਕਸਦ ਸਪਸ਼ਟ ਨਹੀਂ ਹੋ ਸਕਿਆ। ਪੁਲੀਸ ਅਜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਬਚਾਅ ਕਰਮੀ ਅਹਿਮਦ ਸ਼ਾਹ ਨੇ ਦੱਸਿਆ ਕਿ ਕਾਰ ਵਿਚ ਦੋ ਚੀਨ ਦੇ ਕਰਮਚਾਰੀ ਸਵਾਰ ਸਨ। ਇਸ ਹਮਲੇ ਦੌਰਾਨ ਉਨ੍ਹਾਂ ਵਿਚੋਂ ਇਕ ਜ਼ਖ਼ਮੀ ਹੋ ਗਿਆ।
ਕਰਾਚੀ ਪਾਕਿਸਤਾਨ ਦੇ ਦੱਖਣੀ ਇਲਾਕੇ ਸਿੰਧ ਦੀ ਰਾਜਧਾਨੀ ਹੈ। ਇੱਥੇ ਹੋ ਰਹੇ ਉਸਾਰੀ ਕਾਰਜਾਂ ਵਿਚ ਚੀਨ ਦੇ ਨਾਗਰਿਕ ਵੀ ਕੰਮ ਕਰਦੇ ਹਨ। ਇਸ ਤੋਂ ਕੁਝ ਹਫ਼ਤੇ ਪਹਿਲਾਂ ਅਜੇ ਚੀਨ ਦੇ ਕਾਮਿਆਂ ਨੂੰ ਕੰਮ ’ਤੇ ਲਿਜਾ ਰਹੀ ਬੱਸ ’ਤੇ ਹੋਏ ਹਮਲੇ ਵਿਚ ਨੌਂ ਚੀਨ ਅਤੇ ਚਾਰ ਪਾਕਿਸਤਾਨ ਦੇ ਨਾਗਰਿਕ ਮਾਰੇ ਗਏ ਸਨ। ਇਸ ਸਬੰਧੀ ਸ਼ੁਰੂ ਵਿਚ ਪਾਕਿਸਤਾਨ ਨੇ ਇਸ ਨੂੰ ਸੜਕ ਹਾਦਸਾ ਕਰਾਰ ਦਿੱਤਾ ਸੀ। ਪਰ ਬਾਅਦ ਵਿਚ ਜਾਂਚ ਦੌਰਾਨ ਸਾਬਿਤ ਹੋਇਆ ਸੀ ਕਿ ਇਸ ਦੌਰਾਨ ਕਾਰ ਵਿਚ ਧਮਾਕਾ ਹੋਣ ਤੋਂ ਬਾਅਦ ਬੱਸ ਦੇ ਡਰਾਈਵਰ ਨੇ ਆਪਣੇ ਕੰਟਰੋਲ ਗੁਆ ਦਿੱਤਾ ਸੀ ਜਿਸ ਤੋਂ ਬਾਅਦ ਇਹ ਹਾਦਸਾ ਹੋਇਆ ਸੀ। ਇਹ ਘਟਨਾ ਅਫ਼ਗਾਨਿਸਤਾਨ ਦੀ ਸਰਹੱਦ ਨੇੜੇ ਖੈਬਰ ਖਿੱਤੇ ਵਿਚ ਵਾਪਰੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly