ਡਿਪਟੀ ਕਮਿਸ਼ਨਰ ਨੇ ਕਰਵਾਈ ਸੱਭਿਆਚਾਰਕ ਪ੍ਰੋਗਰਾਮਾਂ ਦੀ ਸ਼ੁਰੂਆਤ
ਲੋਕ ਰੰਗਾਂ, ਨਾਚ, ਵਿਰਾਸਤੀ ਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਕੀਲੇ ਲੋਕ
ਕਪੂਰਥਲਾ, ( ਕੌੜਾ )– ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅੱਜ ਸਥਾਨਕ ਸੈਨਿਕ ਸਕੂਲ ਵਿਖੇ ਸੂਬੇ ਦੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨੂੰ ਰੂਪਮਾਨ ਕਰਦੇ ‘ਕਪੂਰਥਲਾ ਹੈਰੀਟੇਜ ਫੈਸਟੀਵਲ’ ਦਾ ਆਗਾਜ਼ ਕੀਤਾ ਗਿਆ। ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਵਿਰਾਸਤੀ ਮੇਲੇ ਦੌਰਾਨ ਗੁਬਾਰੇ ਛੱਡ ਕੇ ਸੱਭਿਆਚਾਰਕ ਪੇਸ਼ਕਾਰੀਆਂ ਦੀ ਸ਼ੁਰੂਆਤ ਕਰਵਾਈ।ਵਿਰਾਸਤੀ ਮੇਲੇ ਦੀ ਸ਼ੁਰੂਆਤ ਦੌਰਾਨ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਇਹ ਉਪਰਾਲਾ ਲੋਕਾਂ ਖਾਸਕਰ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਸੁਨਹਿਰੀ ਵਿਰਾਸਤ ਅਤੇ ਸੱਭਿਆਚਰ ਦੇ ਵੱਖ-ਵੱਖ ਰੰਗਾਂ ਤੋਂ ਜਾਣੂ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਵੇਗਾ। ਉਨ੍ਹਾਂ ਦੱਸਿਆ ਕਿ ਫੈਸਟੀਵਲ ਵਿਚ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਵਲੋਂ ਲੋਕ ਨਾਚ, ਸੂਫ਼ੀ ਗਾਇਕੀ, ਕੱਵਾਲੀਆਂ, ਕਵੀ ਦਰਬਾਰ, ਗਜ਼ਲਾਂ ਅਤੇ ਹੋਰ ਸੱਭਿਆਚਾਰਕ ਸਰਗਮੀਆਂ ਦੇ ਰੰਗ ਬਿਖੇਰੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਪੰਜਾਬ ਗਾਇਕ ਪ੍ਰੀਤ ਹਰਪਾਲ, ਸ਼ਨੀਵਾਰ ਸ਼ਾਮ ਨੂੰ ਪ੍ਰਸਿੱਧ ਕੱਵਾਲ ਕਰਾਮਤ ਫ਼ਕੀਰ ਕੱਵਾਲੀਆਂ ਦੀ ਪੇਸ਼ਕਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਐਤਵਾਰ ਸ਼ਾਮ ਨੂੰ ਪੰਜਾਬੀ ਵਿਰਸੇ ਦੀ ਪੇਸ਼ਕਾਰੀ ਗਾਇਕ ਮਨਮੋਹਨ ਵਾਰਿਸ ਵਲੋਂ ਕੀਤੀ ਜਾਵੇਗੀ।
ਲੋਕਾਂ ਨੂੰ ਹੈਰੀਟੇਜ ਫੈਸਟੀਵਲ ਦੀ ਰੌਣਕ ਦਾ ਆਨੰਦ ਮਾਨਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੇਲੇ ਵਿਚ ਵੱਖ-ਵੱਖ ਕਲਾਕ੍ਰਿਤੀਆਂ, ਖਾਣ-ਪੀਣ ਦੇ ਸਟਾਲਾਂ ਤੋਂ ਇਲ਼ਾਵਾ ਬੱਚਿਆਂ ਦੇ ਮਨੋਰੰਜਨ ਲਈ ਵਿਸ਼ੇਸ਼ ਤੌਰ ’ਤੇ ਕਈ ਤਰ੍ਹਾਂ ਦੇ ਝੂਲੇ ਲਗਵਾਏ ਗਏ ਹਨ। ਉਨ੍ਹਾਂ ਨੇ ਪਹਿਲੇ ਦਿਨ ਮਨਮੋਹਣੀਆਂ ਵੰਨਗੀਆਂ ਦੀ ਪੇਸ਼ਕਾਰੀ ਲਈ ਵਿਦਿਆਰਥੀਆਂ ਦੀਆਂ ਟੀਮਾਂ, ਲੋਕ ਨਾਚ ਟੀਮ ਦੇ ਮੈਂਬਰਾਂ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀਆਂ ਵਿਦਿਆਰਥੀਆਂ ਵਲੋਂ ਗਾਈ ਕੱਵਾਲੀ ਲਈ ਉਨ੍ਹਾਂ ਦੀ ਸਲਾਹੁਤਾ ਕੀਤੀ। ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਉਪਰੰਤ ਡਿਪਟੀ ਕਮਿਸ਼ਨਰ ਅਤੇ ਸਮੂਹ ਹਾਜ਼ਰੀਨ ਨੇ ਖੇਡ ਵਿਭਾਗ ਵੱਲੋਂ ਕਰਵਾਏ ਗਏ ਕੁਸ਼ਤੀ ਮੁਕਾਬਲਿਆਂ ਦਾ ਵੀ ਆਨੰਦ ਮਾਣਿਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਬਾਕਮਾਲ ਕੱਵਾਲੀ ਅਤੇ ਲੋਕ ਨਾਚ ਭੰਗੜੇ ਦੀ ਪੇਸ਼ਕਾਰੀ ਕੀਤੀ। ਇਸੇ ਤਰ੍ਹਾਂ ਜਵਾਹਰ ਨਵੋਦਿਆ ਵਿਦਿਆਲਾ ਦੇ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਅਤੇ ਸੰਮੀ ਪੇਸ਼ ਕੀਤੀ ਜਦਕਿ ਸਰਕਾਰੀ ਹਾਈ ਸਕੂਲ ਜਾਜਪੁਰ ਦੇ ਵਿਦਿਆਰਥੀਆਂ ਨੇ ਵਿਰਸੇ ਨਾਲ ਸੰਬੰਧਤ ਪੇਸ਼ਕਾਰੀ ਕੀਤੀ।
ਡਿਪਟੀ ਕਮਿਸ਼ਨਰ ਨਾਲ ਚੇਅਰਮੈਨ ਨਗਰ ਸੁਧਾਰ ਟਰੱਸਟ ਗੁਰਪਾਲ ਸਿੰਘ ਇੰਡੀਅਨ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਲਲਿਤ ਸਕਲਾਨੀ, ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਸ਼ਰਨ ਸਿੰਘ ਕਪੂਰ, ਪੰਜਾਬ ਸਟੇਟ ਸਾਇੰਸ ਐਂਡ ਤਕਨਾਲੋਜੀ ਕੌਂਸਲ ਦੇ ਮੈਂਬਰ ਕੰਵਰ ਇਕਬਾਲ ਸਿੰਘ, ਮਾਰਕਿਟ ਕਮੇਟੀ ਚੇਅਰਮੈਨ ਜਗਜੀਤ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਪਰਵਿੰਦਰ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਕੂਲਾਂ-ਕਾਲਜਾਂ ਦੇ ਵਿਦਿਆਰਥੀ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly