ਕਲਿ ਤਾਰਣ ਗੁਰੁ ਨਾਨਕੁ ਆਇਆ

(ਸਮਾਜ ਵੀਕਲੀ)

ਗੁਰੂ ਨਾਨਕ ਦੇਵ ਜੀ ਨੇ ਸੱਚੀ ਸੁੱਚੀ ਕਿਰਤ , ਵੰਡ ਛਕਣਾ , ਨਾਮ ਜਪਣਾ , ਸਮੁੱਚੀ ਮਾਨਵਤਾ ਦੀ ਸੇਵਾ , ਕੁਦਰਤ ਵਿੱਚ ਕਾਦਰ ਦੇ ਦਰਸ਼ਨ , ਅਕਾਲ ਪੁਰਖ ਨਾਲ ਮਿਲਾਪ ਆਦਿ ਦਾ ਸੱਚਾ ਸੁੱਚਾ ਉਪਦੇਸ਼ ਦਿੱਤਾ ਤੇ ਆਪ ਵੀ ਕਰ ਕੇ ਵਿਖਾਇਆ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆਪ ਜੀ ਦੇ 19 ਰਾਗਾਂ ਵਿੱਚ 974 ਸ਼ਬਦ ਦਰਜ ਹਨ ਜੋ ਸਮੁੱਚੀ ਮਾਨਵਤਾ ਨੂੰ ਸਾਂਝਾ ਉਪਦੇਸ਼ ਦੇ ਰਹੇ ਹਨ। ਆਪ ਜੀ ਨੇ ਜਿੱਥੇ ਸੁਲਤਾਨਪੁਰ ਲੋਧੀ ਵਿਖੇ ਮੋਦੀਖਾਨੇ ਵਿੱਚ ਨੌਕਰੀ ਕੀਤੀ ਉੱਥੇ ਕਰਤਾਰਪੁਰ (ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ) ਵਿਖੇ ਬਲਦਾਂ ਨਾਲ ਖੇਤੀ ਵੀ ਕੀਤੀ। ਆਪ ਜੀ ਅਨੁਸਾਰ ਜੋ ਦਸਾਂ ਨਹੁੰਆਂ ਦੀ ਸੱਚੀ ਕਿਰਤ ਕਰਦੇ ਹਨ ਤੇ ਵਿੱਚੋਂ ਦਾਨ ਪੁੰਨ ਵੀ ਦਿੰਦੇ ਹਨ , ਰੂਹਾਨੀਅਤ ਦਾ ਮਾਰਗ ਪਹਿਚਾਣਦੇ ਹਨ —

ਘਾਲਿ ਖਾਇ ਕਿਛੁ ਹਥਹੁ ਦੇਇ।।
ਨਾਨਕ ਰਾਹੁ ਪਛਾਣਹਿ ਸੇਇ।।
( ਮ ੧ , ਅੰਗ ੧੨੪੫)

ਗੁਰੂ ਜੀ ਨੇ ਸਾਨੂੰ ਤਨ ਅਤੇ ਮਨ ਦੋਹਾਂ ਲਈ ਲੰਗਰ ਬਖ਼ਸ਼ਿਸ਼ ਕੀਤੇ ਹਨ । ਆਪ ਜੀ ਦੁਆਰਾ ਲਗਾਇਆ ਵੀਹ ਰੁਪਇਆਂ ਦਾ ਲੰਗਰ ਅੱਜ ਵੀ ਅਤੁੱਟ ਵਰਤ ਰਿਹਾ ਹੈ ਜੋ ਸਾਡੀ ਸਰੀਰ ਦੀ ਭੁੱਖ ਮਿਟਾਉਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ਬਦ ਲੰਗਰ ਅਤੁੱਟ ਵਰਤ ਰਿਹਾ ਹੈ ਜੋ ਸਾਡੇ ਮਨ ਦੀ ਖੁਰਾਕ ਹੈ। ਗੁਰੂ ਜੀ ਦੇ ਸ਼ਬਦ ਲੰਗਰ ਛਕਣ ਤੇ ਅਮਲ ਕਰਨ ਨਾਲ ਅੰਮ੍ਰਿਤਰਸ , ਸਹਿਜ ਧੁਨ ਨਾਮ ਰਾਹੀਂ ਰੂਹਾਨੀਅਤ ਦੀਆਂ ਪੌੜੀਆਂ ਚੜਕੇ ਸੱਚੇ ਰੂਹਾਨੀ ਪ੍ਰਕਾਸ਼ ਪ੍ਰਭੂ ਮਿਲਾਪ ਦਾ ਸੁੱਖ ਪ੍ਰਾਪਤ ਹੁੰਦਾ ਹੈ —

ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ।।
( ਅੰਗ ੯੬੭ )

ਗੁਰੂ ਜੀ ਨੇ ਰੂਹਾਨੀ ਗਿਆਨ ਨੂੰ ਸਰਲ ਗੁਰਮੁਖੀ ਭਾਸ਼ਾ ਵਿੱਚ ਦੁਨਿਆਵੀ ਉਦਾਹਰਣਾਂ ਦੇ ਕੇ ਲੋਕਾਂ ਨੂੰ ਸਮਝ ਗੋਚਰਾ ਕਰਾਇਆ। ਆਪ ਜੀ ਨੇ ਲੋਕਾਂ ਦੀ ਭਲਾਈ ਲਈ ਚਾਰ ਉਦਾਸੀਆਂ ਵੀ ਕੀਤੀਆਂ। ਗੁਰੂ ਜੀ ਭਾਈ ਮਰਦਾਨਾ ਜੀ ਦੀ ਰਬਾਬ ਦੀਆਂ ਧੁਨਾਂ ਨਾਲ ਜਦੋਂ ਰੱਬੀ ਬਾਣੀ ਗਾਉਂਦੇ ਤਾਂ ਸਮਾਂ ਧੰਮ ਜਾਂਦਾ , ਹਰ ਜੀਵ ਅੰਤਰ ਮੁਗਧ ਹੋ ਜਾਂਦਾ। ਭਾਵੇਂ ਕਿ ਬਗਦਾਦ ਮੁਸਲਿਮ ਸ਼ਰਾ ਅਨੁਸਾਰ ਸੰਗੀਤ ਵਜਾਉਣ ਦੀ ਮਨਾਹੀ ਸੀ ਪਰ ਗੁਰੂ ਜੀ ਰਾਗ ਵਿੱਚ ਗਾਏ ਸ਼ਬਦਾਂ ਨੇ ਸਾਰੇ ਨਿਹਾਲ ਕਰ ਦਿੱਤੇ —-

ਇਕੁ ਬਾਬਾ ਅਕਾਲ ਰੂਪੁ ਦੂਜਾ ਰਬਾਬੀ ਮਰਦਾਨਾ।
ਦਿਤੀ ਬਾਂਗਿ ਨਿਵਾਜਿ ਕਰਿ ਸੁੰਨਿ ਸਮਾਨਿ ਹੋਆ ਜਹਾਨਾ।
( ਭਾਈ ਗੁਰਦਾਸ ਜੀ , ਵਾਰ ੧ , ਪਉੜੀ ੩੫)

ਗੁਰੂ ਨਾਨਕ ਦੇਵ ਜੀ ਮਹਾਨ ਕ੍ਰਾਂਤੀਕਾਰੀ ਹੋਏ ਹਨ ਉਹ ਗਰੀਬ , ਕਿਰਤੀ , ਬਿਮਾਰ , ਨੀਚ ਤੇ ਲਿਤਾੜੇ ਲੋਕਾਂ ਦੇ ਹੱਕ ਵਿੱਚ ਡਟ ਕੇ ਖੜੇ , ਉਹਨਾਂ ਮਲਕ ਭਾਗੋ ਵਰਗੇ ਧਨਾਢ ਲਾਲਚੀ ਜੁਲਮੀ ਲੋਕਾਂ ਦਾ ਖਾਣਾ ਛੱਡ ਭਾਈ ਲਾਲੋ ਜੀ ਦੇ ਰੁੱਖੇ ਸੁੱਖੇ ਖਾਣੇ ਨੂੰ ਅਪਣਾਇਆ। ਬਾਬਰ ਵਰਗੇ ਰਾਜਿਆਂ ਦੀ ਪਰਵਾਹ ਨਹੀਂ ਕੀਤੀ , ਸਮੇਂ ਦੇ ਜੁਲਮੀਂ ਰਾਜਿਆਂ ਦਾ ਖੁੱਲ ਕੇ ਵਿਰੋਧ ਕੀਤਾ ਤੇ ਇਨਸਾਫ ਨਾ ਕਰਨ ਵਾਲਿਆਂ ਨੂੰ ਕੁੱਤਾ ਤੱਕ ਕਿਹਾ —-

ਰਾਜੇ ਸੀਹ ਮੁਕਦਮ ਕੁਤੇ ।।
ਜਾਇ ਜਗਾਇਨਿ ਬੈਠੇ ਸੁਤੇ।।
( ਮ ੧ , ਅੰਗ ੧੨੮੮)

ਗੁਰੂ ਜੀ ਨੇ ਕੁਦਰਤ ਵਿੱਚ ਕਾਦਰ ਦੇ ਦਰਸ਼ਨ ਤੇ ਕੁਦਰਤ ਦੀ ਸੰਭਾਲ ਤੇ ਜ਼ੋਰ ਦਿੱਤਾ। ਗੁਰੂ ਜੀ ਨੇ ਕੁਦਰਤ ਦੀ ਮਹਾਨ ਦੇਣ ਪੌਣ ਨੂੰ ਗੁਰੂ , ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਬਰਾਬਰ ਦਰਜਾ ਦਿੱਤਾ —-

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।
( ਮ ੧ , ਅੰਗ ੮ )

ਗੁਰੂ ਜੀ ਨੇ ਸਰਬੱਤ ਦਾ ਭਲਾ ਕਰਨ ਤੇ ਸਤਿਕਾਰ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਜਗ ਜਨਨੀ ਜਿਸ ਨੇ ਗੁਰੂ , ਪੀਰ , ਭਗਤ ਤੇ ਰਾਜੇ ਆਦਿਕ ਨੂੰ ਜਨਮ ਦਿੱਤਾ ਦੇ ਸਤਿਕਾਰ ਤੇ ਸਰਵਪੱਖੀ ਬਿਹਤਰੀ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ —

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
( ਮ ੧ , ਅੰਗ ੪੭੩ )

ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਵਹਿਮ ਭਰਮ , ਅੰਧ ਵਿਸ਼ਵਾਸ, ਸ਼ਗਨ ਅਪਸ਼ਗਨ ਵਿੱਚੋਂ ਕੱਢਣ ਲਈ ਨਾਟਕੀ ਢੰਗ ਨਾਲ ਗਿਆਨ ਬਖ਼ਸ਼ਿਆ। ਕੁਰੂਕਸ਼ੇਤਰ ਦੀ ਧਰਤੀ ਤੇ ਸੂਰਜ ਤੋਂ ਉਲਟ ਖੇਤ ਵੱਲ ਪਾਣੀ ਸੁੱਟਣਾਂ, ਮਿਸਰ ਦੇ ਲੋਭੀ ਕਾਰੂੰ ਬਾਦਸ਼ਾਹ ਨੂੰ ਸਮਝਾਉਣਾ ਆਦਿ ਅਨੇਕਾਂ ਵਾਰਤਾਲਾਪ ਵਿੱਚ ਨਾਟਕੀ ਰੂਪ ਸਾਹਮਣੇ ਆਇਆ। ਜਦੋਂ ਆਪ ਜੀ ਨੂੰ ਜਨੇਊ ਪਾਉਣ ਲੱਗੇ ਤਾਂ ਪੁੱਛਣ ਤੇ ਪੰਡਿਤ ਨੇ ਦੱਸਿਆ ਕਿ ਬ੍ਰਾਹਮਣ ਨੂੰ ਸੂਤ ਦਾ ਜਨੇਊ, ਖੱਤਰੀ ਨੂੰ ਸਣ ਦਾ ਤੇ ਵੈਸ਼ ਨੂੰ ਉੱਨ ਦਾ ਜਨੇਊ ਪੈਂਦਾ ਹੈ, ਸ਼ੂਦਰ ਤੇ ਔਰਤਾਂ ਨੂੰ ਨਹੀਂ ਪਹਿਨਾਇਆ ਜਾਂਦਾ ਤਾਂ ਆਪ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ। ਆਪ ਜੀ ਨੇ ਅਨੇਕਾਂ ਸਵਾਲ ਕੀਤੇ ਜਿਸ ਦਾ ਪੰਡਿਤ ਨੂੰ ਕੋਈ ਜਵਾਬ ਨਹੀਂ ਆਇਆ–

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ।।
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ।।
( ਮ ੧ , ਅੰਗ ੪੭੧ )

ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਨੁਸਾਰ ਦੂਸਰਿਆਂ ਦਾ ਹੱਕ ਮਾਰਨਾਂ ਪਾਪ ਹੈ , ਮੁਰਦੇ ਖਾਣ ਦੇ ਬਰਾਬਰ ਹੈ, ਅਜਿਹੇ ਲਾਲਚੀ ਲੋਕਾਂ ਦੀ ਕੋਈ ਗੁਰੂ ਪੀਰ ਵੀ ਬਾਂਹ ਨਹੀਂ ਫੜਦੇ —

ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ।।
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।।
( ਮ ੧ , ਅੰਗ ੧੪੧)

ਆਪ ਜੀ ਨੇ ਜਾਤ ਪਾਤ ਦਾ ਮੂਲੋਂ ਹੀ ਖੰਡਨ ਕੀਤਾ। ਸੱਚੀ ਦਰਗਾਹ ਅੰਦਰ ਕਰਮ ਵੇਖੇ ਜਾਂਦੇ ਹਨ ਨਾ ਕਿ ਜਾਤ ਪਾਤ। ਸੱਚੀ ਦਰਗਾਹ ਅੰਦਰ ਸ਼ੁੱਭ ਅਮਲਾਂ ਨਾਲ ਨਿਬੇੜਾ ਹੋਣਾ ਨਾ ਕਿ ਉੱਚੀ ਕੁੱਲ ਜਾਤ ਨਾਲ-‐-

ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ।।
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ।।
( ਮ ੧ , ਅੰਗ ੧੩੩੦ )

ਗੁਰੂ ਜੀ ਨੇ ਕਹਿਣੀ ਤੇ ਕਰਨੀ ਦਾ ਉਪਦੇਸ਼ ਦਿੱਤਾ। ਗੁਰੂ ਜੀ ਨੇ ਇਸ਼ਾਰਾ ਦਿੱਤਾ ਕਿ ਕਲਯੁਗੀ ਜੀਵ ਅਜਿਹੇ ਵੀ ਹੋ ਸਕਦੇ ਹਨ ਜੋ ਅੰਦਰੋਂ ਔਗੁਣਾਂ ਨਾਲ ਭਰੇ ਹੋਣਗੇ ਤੇ ਬਾਹਰੋਂ ਭੇਖ ਬਣਾ ਕੇ ਹੋਛੀਆਂ ਗੱਲਾਂ ਕਰ ਲੋਕਾਂ ਨੂੰ ਭਰਮਾਉਣਗੇ —

ਗਲੀ ਅਸੀ ਚੰਗੀਆ ਆਚਾਰੀ ਬੁਰੀਆਹ।।
ਮਨਹੁ ਕੁਸੁਧਾ ਕਾਲੀਆਂ ਬਾਹਰਿ ਚਿਟਵੀਆਹ।।
( ਮ ੧ , ਅੰਗ ੮੫ )

ਗੁਰੂ ਜੀ ਨੇ ਸਿੱਖਾਂ ਨੂੰ ਨਿਮਰਤਾ , ਹਲੀਮੀ , ਪਿਆਰ ਮਿਠਾਸ, ਸ਼ਹਿਨਸ਼ੀਲਤਾ, ਪਰਉਪਕਾਰ ਤੇ ਪਰਮਾਤਮਾ ਦੇ ਭਾਣੇ ਆਦਿ ਦਾ ਹੁਕਮ ਦ੍ਰਿੜ ਕਰਵਾਇਆ ਅਤੇ ਨਾਲ ਹੀ ਅਣਖ ਨਾਲ ਜਿਉਣਾ ਵੀ ਸਿਖਾਇਆ। ਜਦੋਂ ਅਸੀਂ ਸੱਚ ਤੇ ਪਹਿਰਾ ਦਿੰਦੇ ਹੋਏ ਤੇ ਮਾਲਕ ਦੇ ਭਾਣੇ ਹੁਕਮ ਵਿੱਚ ਰਹਿੰਦੇ ਹਾਂ , ਜੇ ਸਾਡੀ ਇਜ਼ਤ ਆਬਰੂ ਨੂੰ ਕੋਈ ਢਾਹ ਲਾਵੇ ਤਾਂ ਗੁਰੂ ਜੀ ਦਾ ਫੁਰਮਾਨ ਹੈ —

ਜੇ ਜੀਵੇ ਪਤਿ ਲਥੀ ਜਾਵੇ।।
ਸਭੁ ਹਰਾਮੁ ਜੇਤਾ ਕਿਛੁ ਖਾਇ।।
( ਮ ੧ , ੧੪੨ )

ਗੁਰੂ ਜੀ ਮਾਨਵਤਾ ਨੂੰ ਦਲੇਰਾਨਾ , ਗੌਰਵਸ਼ਾਲੀ, ਸੰਘਰਸ਼ਸ਼ੀਲ , ਸ਼ਕਤੀਸ਼ਾਲੀ ਤੇ ਰੱਬੀ ਗੁਣਾਂ ਦੇ ਧਾਰਨੀ ਬਣਾਉਂਦੇ ਹਨ। ਗੁਰੂ ਦਾ ਸਿੱਖ ਅਜਿਹਾ ਪਰਉਪਕਾਰੀ ਯੋਧਾ ਬਣੇ ਜੋ ਹਰ ਦੁੱਖ, ਅੱਤਿਆਚਾਰ, ਤਸ਼ੱਦਦ ਦਾ ਡਟ ਕੇ ਅਣਖ ਨਾਲ ਮੁਕਾਬਲਾ ਕਰੇ। ਗੁਰੂ ਦਾ ਸਿੱਖ ਹਰ ਮੁਕਾਬਲੇ ਲਈ ਤਿਆਰ ਬਰ ਤਿਆਰ ਰਹੇ ਭਾਵੇਂ ਯੁੱਧ ਅੰਦਰੂਨੀ ਭਾਵ ਪੰਜਾਂ ਚੋਰਾਂ ਕਾਮ ,ਕ੍ਰੋਧ, ਲੋਭ, ਮੋਹ ਤੇ ਹੰਕਾਰ ਨਾਲ ਹੋਵੇ ਜਾਂ ਯੁੱਧ ਬਾਹਰ ਦੁਨਿਆਵੀ ਹੋਵੇ —-

ਜਉ ਤਉ ਪ੍ਰੇਮ ਖੇਲਣ ਕਾ ਚਾਉ।।
ਸਿਰੁ ਧਰਿ ਤਲੀ ਗਲੀ ਮੇਰੀ ਆਉ।।
ਇਤੁ ਮਾਰਗਿ ਪੈਰੁ ਧਰੀਜੈ।।
ਸਿਰੁ ਦੀਜੈ ਕਾਣਿ ਨ ਕੀਜੈ।।
( ਮ ੧ , ਅੰਗ ੧੪੧੨ )

ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਾਡਾ ਧਿਆਨ ਧਨ ਦੌਲਤ ਤੇ ਕੇਂਦਰਿਤ ਹੋ ਗਿਆ ਹੈ। ਅਸੀਂ ਧਨ ਦੌਲਤ ਦੀ ਦੌੜ ਵਿੱਚ ਰਿਸ਼ਤਿਆਂ ਦੀ ਛੱਡੋ , ਆਪਣੇ ਆਪ ਨੂੰ ਹੀ ਭੁੱਲ ਗਏ ਹਾਂ। ਦਿਨ ਰਾਤ ਸੈਕੜੇਂ ਟੈਨਸ਼ਨਾਂ ਦਾ ਭਾਰ ਲੱਦੀ ਫਿਰਦੇ ਹਾਂ। ਸਾਡੇ ਮਨਾਂ ਨੂੰ ਕਾਮ , ਕ੍ਰੋਧ , ਲੋਭ, ਮੋਹ, ਹੰਕਾਰ , ਈਰਖਾ , ਨਿੰਦਿਆ ਚੁਗਲੀ , ਦਵੈਤ , ਕੂੜ , ਚੋਰੀ , ਠੱਗੀ , ਯਾਰੀ ਆਦਿ ਤਮੋ ਗੁਣੀ ਵਿਕਾਰਾਂ ਨੇ ਪੂਰੀ ਤਰਾਂ ਜਕੜ ਲਿਆ ਹੈ। ਕਾਲ ਦੇ ਪ੍ਰਭਾਵ ਹੇਠ ਅਸੀਂ ਦਿਨ ਰਾਤ ਇੰਨਾਂ ਵਿਕਾਰਾਂ ਦੀ ਦਲਦਲ ਅੰਦਰ ਧਸਦੇ ਜਾ ਰਹੇਂ ਹਾਂ —-

ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ॥
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ॥
( ਮ ੧ , ਅੰਗ ੪੭੧ )

ਗੁਰੂ ਜੀ ਨੇ ਉਪਦੇਸ਼ ਦਿੱਤਾ ਕਿ ਜੀਵਾਂ ਤੇ ਦਇਆ ਕਰੋ ਨਾ ਕਿ ਜੁਲਮ। ਅਜਿਹਾ ਖਾਣਾ ਸਾਡੇ ਲਈ ਦੁੱਖ ਦਾ ਕਾਰਣ ਬਣੇਗਾ ਜਿਸ ਨਾਲ ਮਨ ਅੰਦਰ ਵਿਕਾਰ ਪੈਦਾ ਹੋਣ —

ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ।।
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ।।
( ਮ ੧ , ਅੰਗ ੧੪੦)

ਬਾਬਾ ਹੋਰੁ ਖਾਣਾ ਖੁਸੀ ਖਾਆਰੁ।।
ਜਿਤੁ ਖਾਧੈ ਤਨੁ ਪੀੜੀਐ ਮਨੁ ਮਹਿ ਚਲਹਿ ਵਿਕਾਰ।।
( ਮ ੧ , ਅੰਗ ੧੬ )

ਮਿੱਠੇ ਬੋਲ ਦੂਸਰਿਆਂ ਨੂੰ ਖ਼ੁਸ਼ੀ ਤੇ ਆਪਣੇ ਆਪ ਨੂੰ ਆਨੰਦ ਦੀ ਅਵਸਥਾ ਵਿੱਚ ਪਹੁੰਚਾਉਂਦੇ ਹਨ। ਸਾਡੇ ਬੋਲਾਂ ਵਿੱਚ ਐਸੀ ਮਿਠਾਸ ਘੁਲੀ ਹੋਵੇ ਜੋ ਦੂਸਰਿਆਂ ਨੂੰ ਸ਼ੀਤਲਤਾ ਬਖ਼ਸ਼ੇ। ਬੋਲਾਂ ਵਿੱਚ ਮਿਠਾਸ ਦੀ ਨਿਸ਼ਾਨੀ ਹੈ ਕਿ ਵਿਅਕਤੀ ਅੰਦਰੋਂ ਸ਼ਾਂਤ ਤੇ ਸਹਿਜ ਵਿੱਚ ਗੁਜ਼ਰ ਰਿਹਾ ਹੈ। ਮਨ ਵਿੱਚ ਨਿਮਰਤਾ , ਖ਼ਿਮਾ ਕਰਨ ਦਾ ਗੁਣ , ਬੋਲਾਂ ਵਿੱਚ ਮਿਠਾਸ , ਹਉਮੈ ਅਹੰਕਾਰ ਤੋਂ ਉੱਪਰ ਉੱਠਣਾ ਆਦਿ ਰੂਹਾਨੀਅਤ ਦੇ ਗੁਣ ਹਨ ‐–

ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ।।
( ਮ ੧ , ਅੰਗ ੪੭੦)

ਕਲਯੁਗ ਦੇ ਪ੍ਰਭਾਵ ਹੇਠ ਫਿੱਕੇ ਤੇ ਕੌੜੇ ਬੋਲ ਬੋਲਣ ਕਰਕੇ ਸਾਡਾ ਤਨ ਤੇ ਮਨ ਦੋਨੋ ਫਿੱਕੇ ਹੋ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਦਿੰਦੇ ਹਨ ਕਿ ਫਿੱਕੇ ਸ਼ਬਦ ਬੋਲਣ ਵਾਲੇ ਨੂੰ ਸੱਚੀ ਦਰਗਾਹ ਅੰਦਰ ਕੋਈ ਢੋਈ ਨਹੀਂ , ਫਿੱਕੇ ਬੋਲ ਬੋਲਣ ਵਾਲੇ ਦੀ ਸਜਾ ਮੂੰਹ ਤੇ ਥੁੱਕਣ ਵਾਂਗ ਹੈ ਤੇ ਦਰਗਾਹ ਵਿੱਚੋਂ ਸੁੱਟ ਦਿੱਤਾ ਜਾਂਦਾ ਹੈ। ਫਿੱਕਾ ਬੋਲਣ ਵਾਲਾ ਮੂਰਖ ਹੈ ਤੇ ਸਜ਼ਾ ਗਲ਼ ਜੁੱਤੀਆਂ ਦਾ ਹਾਰ ਪਾਉਣ ਦੇ ਵਾਂਗ ਹੈ —‐

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ॥
ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥
ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ ॥
ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ ॥
( ਮ੧ , ਅੰਗ ੪੭੩)

ਜਿਸ ਰਸਨਾ ਨੇ ਪ੍ਰਭੂ ਜੀ ਦਾ ਸਿਮਰਨ ਕਰਨਾ ਸੀ , ਰੂਹਾਨੀਅਤ ਦੇ ਮਾਰਗ ਤੇ ਚਲਦਿਆਂ ਸੱਚੇ ਪੂਰੇ ਗੁਰੂ ਜੀ ਦੀ ਦਇਆ ਮਿਹਰ ਨਾਲ ਰੱਬੀ ਅੰਮ੍ਰਿਤਰਸ ਦਾ ਆਨੰਦ ਲੈਣਾ ਸੀ , ਉਹ ਬੁਰੇ ਬੋਲ , ਗਾਲ਼ੀ ਗਲੋਚ , ਤਾਹਨੇ ਮਿਹਣੇ , ਕੂੜ ਬੋਲਣ ਲੱਗ ਪਈ ਤੇ ਸੱਚ ਤੋਂ ਦੂਰ ਹੁੰਦੀ ਗਈ। ਵਾਹਿਗੁਰੂ ਜੀ ਦੀ ਅਪਾਰ ਦਇਆ ਮਿਹਰ ਬਖ਼ਸ਼ਿਸ਼ ਨਾਲ ਇਹ ਅਮੋਲਕ ਮਨੁੱਖਾ ਜਨਮ ਨਸੀਬ ਹੋਇਆ ਹੈ , ਗੁਰੂ ਜੀ ਦੀ ਸੱਚੀ ਬਾਣੀ ਗਾਈਏ , ਸੁਣੀਏ , ਮਨ ਵਿੱਚ ਵਸਾਈਏ ਤੇ ਇਸ ਅਨੁਸਾਰ ਚੱਲੀਏ ਜਿਸ ਨਾਲ ਸਾਰੇ ਦੁੱਖ ਦੂਰ ਹੋਣਗੇ ਤੇ ਸੁੱਖ ਘਰ ਆਉਣ ਲੱਗ ਜਾਣਗੇ —–

ਗਾਵੀਐ ਸੁਣੀਐ ਮਨਿ ਰਖੀਐ ਭਾਉ॥
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥
( ਮ ੧ , ਅੰਗ ੨ )

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਚਨ ਅੰਮ੍ਰਿਤ ਭਰੇ ਮਿੱਠ ਬੋਲੜੇ ਹਨ ਜਦੋਂ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਬਾਣੀ ਪੜ੍ਹਦੇ , ਸੁਣਦੇ ਤੇ ਕਮਾਉਂਦੇ ਹਾਂ ਤਾਂ ਸੱਚੇ ਰੂਹਾਨੀਅਤ ਦੇ ਮਾਰਗ ਤੇ ਚਲਦੇ ਹਾਂ ਜੋ ਪ੍ਰਭੂ ਮਿਲਾਪ ਦਾ ਲਿਵ ਦਾ ਰਸਤਾ ਹੈ। ਗੁਰਬਾਣੀ ਪੜ੍ਹਨ , ਸੁਣਨ ਨਾਲ ਅੰਦਰ ਸਹਿਜ ਆਵੇਗਾ ਤੇ ਬੋਲਾਂ ਵਿੱਚ ਮਿਠਾਸ । ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨ ਵਾਲੇ ਦੇ ਲੋਕ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਹਨ —

ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ॥
ਜਿਨਿ ਪੀਤੀ ਤਿਸੁ ਮੋਖ ਦੁਆਰ॥
( ਮ ੧ , ਅੰਗ ੧੨੭੫)

ਧੰਨ ਹਨ ਸੱਜਣ ਠੱਗ , ਵਲੀ ਕੰਧਾਰੀ , ਕੌਡਾ ਰਾਖਸ਼ , ਜਾਦੂਗਰਨੀਆਂ ਤੇ ਹੋਰ ਅਨੇਕਾਂ ਹੰਕਾਰੀ ਜੀਵ ਜਿਹੜੇ ਗੁਰੂ ਜੀ ਦੇ ਦਰਸ਼ਨ ਕਰ ਮਿੱਠੀ ਬਾਣੀ ਸੁਣਕੇ ਤਰ ਗਏ ਤੇ ਪ੍ਭੂ ਰੂਹਾਨੀਅਤ ਮਾਰਗ ਤੇ ਤੁਰੇ।

ਹੁਣ ਰੇਡੀਓ, ਦੂਰਦਰਸ਼ਨ ਤੇ ਵੱਖ ਵੱਖ ਚੈਨਲਾਂ ਰਾਹੀਂ ਗੁਰਬਾਣੀ ਦਾ ਪਸਾਰ ਨਿਰੰਤਰ ਹੋ ਰਿਹਾ ਹੈ। ਪਿੰਡਾਂ ਸ਼ਹਿਰਾਂ ਅੰਦਰ ਕਈ ਕਈ ਗੁਰੂਦਵਾਰੇ ਹਨ। ਗੁਰਬਾਣੀ ਕਥਾ ਵਾਚਕਾਂ ਦਾ ਕੋਈ ਅੰਤ ਨਹੀਂ ਹੈ। ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ ਕਿ ਅਸੀਂ ਆਪਣੇ ਗੁਰੂ ਜੀ ਦੀ ਬਾਣੀ ਨੂੰ ਆਪਣੇ ਅੰਦਰ ਵਸਾਇਆ ਹੈ ਜਾਂ ਕੇਵਲ ਮੱਥਾ ਟੇਕਣ ਤੇ ਬਾਣੀ ਨੂੰ ਰੱਟੇ ਮਾਰਨ ਤੱਕ ਹੀ ਸੀਮਿਤ ਰਹੇ। ਕੀ ਅਸੀਂ ਪੌਣ , ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਤਾਂ ਨਹੀਂ ਕਰ ਰਹੇ ?

ਕੀ ਅਸੀਂ ਜਾਤ ਪਾਤ ਹਉਮੈ ਅਹੰਕਾਰ ਛੱਡ ਦਿੱਤਾ ? ਕੀ ਅਸੀਂ ਇਸਤਰੀ ਦਾ ਪੂਰਨ ਸਤਿਕਾਰ ਕਰਦੇ ਹਾਂ ? ਕੀ ਅਸੀਂ ਲੋਭ ਲਾਲਚ ਵਿੱਚ ਕਿਸੇ ਦਾ ਹੱਕ ਤਾਂ ਨਹੀਂ ਮਾਰਦੇ ? ਕੀ ਅਸੀਂ ਨਸ਼ਿਆਂ ਦਾ ਤਿਆਗ ਕਰ ਦਿੱਤਾ ਹੈ ? ਕੀ ਸਾਡੇ ਬੋਲ ਕਿਸੇ ਦੇ ਦੁੱਖ ਦਾ ਕਾਰਨ ਤਾਂ ਨਹੀਂ ਬਣਦੇ ? ਕੀ ਅਸੀਂ ਚੁਗਲੀ ਨਿੰਦਿਆ ਈਰਖਾ ਛੱਡ ਦਿੱਤੀ ਹੈ ?ਕੀ ਅਸੀਂ ਅਜਿਹਾ ਤਾਂ ਨਹੀਂ ਖਾਂਦੇ ਜਿਸ ਨਾਲ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ ? ਆਦਿ ਅਨੇਕਾਂ ਸਵਾਲਾਂ ਦੇ ਜਵਾਬ ਮਨ ਤੋਂ ਲੈਣੇ ਹਨ ਕਿਉਂਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਾਂ।

ਇਕਬਾਲ ਸਿੰਘ ਪੁੜੈਣ
8872897500

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦਿਵਸ
Next article50,000 ਕਿਸਮਾਂ ਦੇ ਆਲੂ !