ਕਲਮਕਾਰ ਕਲਮਾਂ ਦੀ ਜ਼ੁਬਾਨਬੰਦੀ ਖ਼ਿਲਾਫ਼ ਸੰਘਰਸ਼ ਲਈ ਅੱਗੇ ਆਉਣ: ਸਵਰਨਜੀਤ ਸਿੰਘ

ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੀ ਮਹੀਨੇਵਾਰ ਸਾਹਿਤਕ ਇਕੱਤਰਤਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਰੂਰ ਵਿਖੇ ਹੋਈ, ਜਿਸ ਵਿੱਚ ਕਰਮ ਸਿੰਘ ਜ਼ਖ਼ਮੀ ਦਾ ਲੇਖ-ਸੰਗ੍ਰਹਿ ‘ਲੁਕਵਾਂ ਸੱਚ’ ਲੋਕ ਅਰਪਣ ਕੀਤਾ ਗਿਆ। ਉੱਘੇ ਸਾਹਿਤਕਾਰ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਏ ਇਸ ਸਮਾਗਮ ਵਿੱਚ ਉਚੇਚੇ ਤੌਰ ’ਤੇ ਸ਼ਾਮਲ ਹੋਏ ਜਮਹੂਰੀ ਅਧਿਕਾਰ ਸਭਾ ਸੰਗਰੂਰ ਦੇ ਪ੍ਰਧਾਨ ਸਾਥੀ ਸਵਰਨਜੀਤ ਸਿੰਘ ਨੇ ਪੁਸਤਕ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਜਦੋਂ ਹਕੂਮਤਾਂ ਵੱਲੋਂ ਕੇਵਲ ਵਿਚਾਰਾਂ ਦੇ ਪ੍ਰਗਟਾਵੇ ਕਾਰਨ ਹੀ ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੋਵੇ, ਅਜਿਹੇ ਸਮੇਂ ਵਿੱਚ ਸਮੂਹ ਕਲਮਕਾਰਾਂ ਨੂੰ ਕਲਮਾਂ ਦੀ ਇਸ ਜ਼ੁਬਾਨਬੰਦੀ ਦੇ ਖ਼ਿਲਾਫ਼ ਸੰਘਰਸ਼ ਲਈ ਜ਼ਰੂਰ ਅੱਗੇ ਆਉਣਾ ਚਾਹੀਦਾ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਸਭਾ ਦੇ ਸਰਪ੍ਰਸਤ ਡਾ. ਮੀਤ ਖਟੜਾ ਨੇ ਕਿਹਾ ਕਿ ਡੇਰਾਵਾਦ ਅਤੇ ਸੈਕਸ ਸਬੰਧੀ ਮੁੱਦਿਆਂ ਨੂੰ ਉਭਾਰ ਕੇ ਜ਼ਖ਼ਮੀ ਨੇ ਦਲੇਰੀ ਵਾਲਾ ਕੰਮ ਕੀਤਾ ਹੈ।

ਰਜਿੰਦਰ ਸਿੰਘ ਰਾਜਨ ਨੇ ਕਿਹਾ ਕਿ ਇਹ ਪੁਸਤਕ ਸਾਹਿਤਕ ਹਲਕਿਆਂ ਵਿੱਚ ਇੱਕ ਨਵੇਂ ਸੰਵਾਦ ਨੂੰ ਜਨਮ ਦੇਵੇਗੀ। ਜਿੱਥੇ ਦਲਬਾਰ ਸਿੰਘ ਚੱਠੇ ਸੇਖਵਾਂ ਨੂੰ ਪੁਸਤਕ ਵਿਚਲੇ ਲੇਖਾਂ ਦਾ ਛੋਟੇ ਹੋਣਾ ਨੁਕਸਦਾਰ ਲੱਗਿਆ, ਉੱਥੇ ਸੁਖਵਿੰਦਰ ਸਿੰਘ ਲੋਟੇ ਦਾ ਵਿਚਾਰ ਸੀ ਕਿ ਪਾਠਕ ਛੋਟੀਆਂ ਲਿਖਤਾਂ ਪੜ੍ਹਣਾ ਹੀ ਜ਼ਿਆਦਾ ਪਸੰਦ ਕਰਦੇ ਹਨ ਅਤੇ ਬੇਲੋੜਾ ਵਿਸਥਾਰ ਮਾਨਸਿਕ ਅਕੇਵੇਂ ਦਾ ਕਾਰਨ ਬਣਦਾ ਹੈ। ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਬੋਲਦਿਆਂ ਮੂਲ ਚੰਦ ਸ਼ਰਮਾ ਨੇ ਕਿਹਾ ਨਰੋਏ ਸਮਾਜ ਦੀ ਉਸਾਰੀ ਵਿੱਚ ਨਰੋਆ ਸਾਹਿਤ ਅਹਿਮ ਭੂਮਿਕਾ ਨਿਭਾਉਂਦਾ ਹੈ। ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਯਾਦਾਂ ਸਾਂਝੀਆਂ ਕਰਦਿਆਂ ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਕੇਵਲ ਸਕੂਲੀ ਸਿੱਖਿਆ ਪ੍ਰਾਪਤ ਛਾਣ-ਬੂਰੇ ਦਾ ਕੰਮ ਕਰਦੇ ਰਹੇ ਇੱਕ ਮਜ਼ਦੂਰ ਪਿਉ ਦੇ ਪੁੱਤ ਲਈ ਉਸ ਦੀ ਛੱਬੀਵੀਂ ਪੁਸਤਕ ਦੇ ਲੋਕ-ਅਰਪਣ ਹੋਣਾ ਮਾਣ ਵਾਲੀ ਗੱਲ ਹੈ। ਸਮਾਗਮ ਦੇ ਆਰੰਭ ਵਿੱਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਜਗਜੀਤ ਸਿੰਘ ਲੱਡਾ ਦੇ ਸਹੁਰਾ ਸਾਹਿਬ ਸ. ਭਗਵਾਨ ਸਿੰਘ ਭੱਟੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਸਾਹਿਤ ਸਭਾ ਸੁਨਾਮ ਊਧਮ ਸਿੰਘ ਵਾਲਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਬਸੰਤ ਰੁੱਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਇਸ ਮੌਕੇ ਬਸੰਤ ਰੁੱਤ ਨੂੰ ਸਮਰਪਿਤ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਭੋਲਾ ਸਿੰਘ ਸੰਗਰਾਮੀ, ਜਸਪਾਲ ਸਿੰਘ ਸੰਧੂ, ਅਮਨ ਜੱਖਲਾਂ, ਹਰਮਨਪ੍ਰੀਤ ਸਿੰਘ, ਬਲਜੀਤ ਸ਼ਰਮਾ, ਸਰਬਜੀਤ ਸਿੰਘ ਨਮੋਲ, ਧਰਮਪਾਲ, ਕਰਮ ਸਿੰਘ ਜ਼ਖ਼ਮੀ, ਰਜਿੰਦਰ ਸਿੰਘ ਰਾਜਨ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਹਾਕਮ ਸਿੰਘ ਰੂੜੇਕੇ, ਡਾ. ਪਰਮਜੀਤ ਸਿੰਘ ਦਰਦੀ, ਸਵਰਨਜੀਤ ਸਿੰਘ, ਡਾ. ਮੀਤ ਖਟੜਾ, ਮੂਲ ਚੰਦ ਸ਼ਰਮਾ, ਬਲਜਿੰਦਰ ਕੁਮਾਰ, ਸਤਪਾਲ ਸਿੰਘ ਲੌਂਗੋਵਾਲ, ਪਰਮਜੀਤ ਕੌਰ, ਭੁਪਿੰਦਰ ਨਾਗਪਾਲ, ਦਲਬਾਰ ਸਿੰਘ, ਚਰਨਜੀਤ ਸਿੰਘ ਮੀਮਸਾ, ਸਰਬਜੀਤ ਸੰਗਰੂਰਵੀ, ਮੀਤ ਸਕਰੌਦੀ, ਗੀਤਾਂਜਲੀ ਸ਼ਰਮਾ, ਪਾਨਵੀ ਸ਼ਰਮਾ ਅਤੇ ਜਗਸੀਰ ਸਿੰਘ ਖਿੱਲਣ ਆਦਿ ਕਵੀਆਂ ਨੇ ਹਿੱਸਾ ਲਿਆ। ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।

 

Previous article35ਵੀਆਂ ਕੋਕਾ ਕੋਲਾ, ਏਵਨ ਸਾਈਕਲ ਜਰਖੜ ਖੇਡਾਂ ਧੂਮ ਧੜੱਕੇ ਨਾਲ ਸਮਾਪਤ
Next articlePeople of Kashmir gave me hearts full of love, not hand grenades: Rahul