ਕਾਬੁਲ, (ਸਮਾਜ ਵੀਕਲੀ): ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣ ਦੀ ਤਾਕ ’ਚ ਫਿਦਾਈਨਾਂ ਦੇ ਵਾਹਨ ’ਤੇ ਅਮਰੀਕਾ ਨੇ ਹਵਾਈ ਹਮਲਾ ਕਰਕੇ ਉਨ੍ਹਾਂ ਨੂੰ ਮਾਰ ਮੁਕਾਇਆ। ਇਸ ਘਟਨਾ ਦੇ ਹੋਰ ਵੇਰਵੇ ਨਹੀਂ ਮਿਲ ਸਕੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਹਵਾਈ ਅੱਡੇ ਦੇ ਉੱਤਰ-ਪੱਛਮ ’ਚ ਇਕ ਰਾਕੇਟ ਹਮਲਾ ਵੀ ਹੋਇਆ ਹੈ ਜਿਸ ’ਚ ਇਕ ਬੱਚਾ ਹਲਾਕ ਹੋ ਗਿਆ। ਮੁੱਢਲੀਆਂ ਰਿਪੋਰਟਾਂ ’ਚ ਇਹ ਵੱਖੋ ਵੱਖਰੀਆਂ ਘਟਨਾਵਾਂ ਜਾਪਦੀਆਂ ਹਨ ਪਰ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਅਮਰੀਕਾ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਤੋਂ 10 ਹਜ਼ਾਰ ਤੋਂ ਵੱਧ ਲੋਕਾਂ ਨੂੰ ਕੱਢ ਚੁੱਕਿਆ ਹੈ। ਇਸ ਤੋਂ ਪਹਿਲਾਂ ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਪੱਤਰਕਾਰਾਂ ਨੂੰ ਭੇਜੇ ਸੁਨੇਹੇ ’ਚ ਕਿਹਾ ਕਿ ਅਮਰੀਕਾ ਨੇ ਫਿਦਾਈਨਾਂ ਨੂੰ ਨਿਸ਼ਾਨਾ ਬਣਾਇਆ ਜੋ ਧਮਾਕਾਖੇਜ਼ ਸਮਗੱਰੀ ਨਾਲ ਭਰੇ ਵਾਹਨ ’ਤੇ ਸਵਾਰ ਸਨ। ਅਮਰੀਕਾ ਦੇ ਨਿਸ਼ਾਨੇ ’ਤੇ ਇਸਲਾਮਿਕ ਸਟੇਟ ਖੁਰਾਸਾਨ ਦੇ ਦਹਿਸ਼ਤਗਰਦ ਹਨ।
ਦਹਿਸ਼ਤੀ ਜਥੇਬੰਦੀ ਦੇ ਫਿਦਾਈਨ ਨੇ 26 ਅਗਸਤ ਨੂੰ ਹਵਾਈ ਅੱਡੇ ’ਤੇ ਹਮਲਾ ਕੀਤਾ ਸੀ ਜਿਸ ’ਚ 13 ਅਮਰੀਕੀ ਫ਼ੌਜੀ ਅਤੇ 170 ਅਫ਼ਗਾਨ ਹਲਾਕ ਹੋ ਗਏ ਸਨ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ਨਿਚਰਵਾਰ ਨੂੰ ਦਾਅਵਾ ਕੀਤਾ ਸੀ ਕਿ ਕਾਬੁਲ ਹਵਾਈ ਅੱਡੇ ’ਤੇ 24 ਤੋਂ 36 ਘੰਟਿਆਂ ਦਰਮਿਆਨ ਹਮਲਾ ਹੋ ਸਕਦਾ ਹੈ। ਉਧਰ ਜਿਵੇਂ ਜਿਵੇਂ 31 ਅਗਸਤ ਦੀ ਤਰੀਕ ਨੇੜੇ ਆਉਂਦੀ ਜਾ ਰਹੀ ਹੈ, ਅਮਰੀਕਾ ਵੱਲੋਂ ਆਪਣੇ ਫ਼ੌਜੀਆਂ ਅਤੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ’ਚੋਂ ਕੱਢਣ ਦੀ ਕਾਰਵਾਈ ਤੇਜ਼ ਹੋ ਗਈ ਹੈ। ਉਧਰ ਅਮਰੀਕੀ ਸੈਂਟਰਲ ਕਮਾਂਡ ਦੇ ਤਰਜਮਾਨ ਕੈਪਟਨ ਬਿਲ ਅਰਬਨ ਨੇ ਕਿਹਾ ਕਿ ਅਮਰੀਕੀ ਫ਼ੌਜ ਨੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸਲਾਮਿਕ ਸਟੇਟ ਖੁਰਾਸਾਨ ਦੇ ਵਾਹਨ ’ਤੇ ਹਮਲਾ ਕੀਤਾ ਜੋ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਕਾਬੁਲ ਹਵਾਈ ਅੱਡੇ ਵੱਲ ਵੱਧ ਰਹੇ ਸਨ। ਉਨ੍ਹਾਂ ਆਸ ਜਤਾਈ ਕਿ ਹਮਲਾ ਸਫ਼ਲ ਰਿਹਾ। ਅਰਬਨ ਨੇ ਕਿਹਾ ਕਿ ਧਮਾਕੇ ਤੋਂ ਜ਼ਾਹਿਰ ਹੁੰਦਾ ਹੈ ਕਿ ਵਾਹਨ ’ਚ ਵੱਡੀ ਪੱਧਰ ’ਤੇ ਧਮਾਕਾਖੇਜ਼ ਸਮੱਗਰੀ ਰੱਖੀ ਹੋਈ ਸੀ। ਉਨ੍ਹਾਂ ਬਿਆਨ ’ਚ ਕਿਹਾ ਕਿ ਆਮ ਨਾਗਰਿਕਾਂ ਦੇ ਹਲਾਕ ਹੋਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly