ਪਲਕਪ੍ਰੀਤ ਕੌਰ ਬੇਦੀ

ਇਸ ਵਿਰਸਾ ਘਰ ਦੇ ਅੰਦਰ ਪੰਜਾਬ ਦੇ ਪਿੰਡਾਂ ‘ਚ ਵਰਤੀਆਂ ਜਾਂਦੀਆਂ ਅਨੇਕਾਂ ਹੀ ਵਿਰਾਸਤੀ ਚੀਜ਼ਾਂ ਸ਼ਾਮਿਲ ਹਨ। ਇਹ ਚੀਜ਼ਾਂ ਸਾਨੂੰ ਸਾਡੀਆ ਜੜਾਂ ਨਾਲ ਜੋੜਨ ਦੇ ਨਾਲ, ਗੁਆਚੀਆਂ ਯਾਦਾਂ ਨੂੰ ਵੀ ਤਾਜ਼ਾ ਕਰਦੀਆਂ ਹਨ। ਵਿਰਸਾ ਘਰ ਵਿੱਚ ਚਰਖ਼ਾ, ਪੁਰਾਤਣ ਭਾਂਡੇ, ਹੱਥੀਂ ਚੱਕੀ, ਮਿੱਟੀ ਦਾ ਚੁੱਲ੍ਹਾ, ਪੱਖੀ, ਅਤੇ ਪੁਰਾਣੇ ਸੰਦੂਕ ਤੋਂ ਇਲਾਵਾਂ ਹੋਰ ਵੀ ਬਹੁਤ ਕੁੱਝ ਸੰਭਾਲਕੇ ਰੱਖਿਆ ਗਿਆ ਹੈ। ਇਹਨਾਂ ਚੀਜ਼ਾਂ ਨੂੰ ਵੇਖਣ ਵਾਲਾ ਹਰ ਕੋਈ ਆਪਣੀ ਮਿੱਟੀ ਦੀ ਸੁਗੰਧੀ ਨੂੰ ਮਹਿਸੂਸ ਕਰ ਸਕਦਾ ਹੈ। ਵਿਰਸਾ ਘਰ ਦੇ ਆਲੇ-ਦੁਆਲੇ ਮੋਰ ਵੀ ਆਪਣੀ ਸੁੰਦਰਤਾ ਨਾਲ ਹਰ ਕਿਸੇ ਦਾ ਮਨ ਮੋਹ ਲੈਂਦੇ ਹਨ। ਇੱਥੇ ਮੋਰਾ ਦੀਆਂ ਆਵਾਜ਼ਾਂ ਅਤੇ ਰੰਗ-ਬਿਰੰਗੇ ਖੰਭਾਂ ਦੀ ਦਿੱਖ ਸਾਰੇ ਹੀ ਵਾਤਾਵਰਨ ਨੂੰ ਅਨੋਖੀ ਰੂਹ ਨਾਲ ਰੰਗ ਦਿੰਦੀ ਹੈ। ਇਸ ਘਰ ਵਿੱਚ ਦਾਖ਼ਲ ਹੋਣ ਨਾਲ ਇਹ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਨੂੰ ਪੰਜਾਬ ਦੇ ਕਿਸੇ ਪਿੰਡ ਵਿੱਚ ਆਉਣ ਦਾ ਮੌਕਾ ਮਿਲਿਆ ਹੋਵੇ।
ਇੱਥੇ ਆਉਣ ਨਾਲ ਸਾਡੀ ਮੌਜੂਦਾ ਪੀੜ੍ਹੀ ਨੂੰ ਪਤਾ ਲਗਦਾ ਹੈ ਕਿ ਸਾਡੇ ਵੱਡੇ-ਵੱਡੇਰੇ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਸਾਦਗੀ ਅਤੇ ਮਾਣ-ਮਰਿਆਦਾ ਨਾਲ ਜੀਉਂਦੇ ਸਨ। ਅਜਿਹੇ ਸਾਧਨ ਜੋ ਕਦੇ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸਨ, ਹੁਣ ਵਿਰਲੇ ਹੀ ਨਜ਼ਰ ਆਉਂਦੇ ਹਨ। ਕੇ. ਐਮ. ਵੀ. ਕਾਲਜ ਵਲੋਂ ਇਹਨਾਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ, ਸਾਡੀ ਵਿਰਾਸਤ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ।
ਜਦੋਂ ਵੀ ਕੇ. ਐਮ. ਵੀ. ਕਾਲਜ ਵਿੱਚ ਕੋਈ ਮੁੱਖ ਮਹਿਮਾਨ ਵਜੋਂ ਆਉਂਦਾ ਹੈ, ਉਸਦਾ ਸਵਾਗਤ ਇਸ ਵਿਰਸਾ ਘਰ ਦੀ ਸੈਰ ਕਰਵਾ ਕੇ ਵੀ ਕੀਤਾ ਜਾਂਦਾ ਹੈ। ਵਿਰਸਾ ਘਰ ਦੀਆਂ ਪੁਰਾਤਨ ਚੀਜ਼ਾਂ ਨੂੰ ਵੇਖ ਕੇ ਹਰ ਕੋਈ ਪ੍ਰਸੰਨ ਹੋ ਜਾਂਦਾ ਹੈ ਅਤੇ ਸਾਡੇ ਅਨਮੋਲ ਸੱਭਿਆਚਾਰ ਅਤੇ ਪੁਰਾਤਨ ਪ੍ਰੰਪਰਾਵਾਂ ਦੀ ਤਾਰੀਫ਼ ਕਰਦਾ ਹੈ।
ਕਾਲਜ ਦਾ ਵਿਰਸਾ ਘਰ ਸਿਰਫ ਇੱਕ ਘਰ ਹੀ ਨਹੀਂ, ਸਗੋਂ ਇੱਕ ਪ੍ਰਬੰਧ ਹੈ ਜੋ ਸਾਡੇ ਵਿਰਸੇ ਨੂੰ ਅਗਲੀ ਪੀੜ੍ਹੀਆਂ ਨਾਲ ਜੋੜਦਾ ਹੈ ਅਤੇ ਇਹਨਾਂ ਨੂੰ ਸੰਭਾਲ ਕੇ ਰੱਖਣ ਲਈ ਪ੍ਰੇਰਿਤ ਕਰਦਾ ਹੈ। ਅਜਿਹੇ ਉਪਰਾਲਿਆਂ ਤੋਂ ਸਾਡੇ ਸਮਾਜ ਵਿੱਚ ਸੱਭਿਆਚਾਰਕ ਜਾਗਰੂਕਤਾ ਵਧਦੀ ਹੈ ਅਤੇ ਅਸੀਂ ਆਪਣੇ ਬੇਸ਼ਕੀਮਤੀ ਵਿਰਸੇ ਦਾ ਨਿੱਘ ਮਾਣਦੇ ਹਾਂ।

ਕੇ,ਐਮ.ਵੀ. ਕਾਲਜੀਏਟ
ਸੀਨੀਅਰ ਸੈਕੰਡਰੀ ਸਕੂਲ,
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly