(ਸਮਾਜ ਵੀਕਲੀ)
ਹੈ ਵਿਥਿਆ ਟੁੱਟੇ ਤਾਰਿਆਂ ਦੀ,
ਕੁਝ ਚਰਖੜੀਆਂ ਤੇ ਆਰਿਆਂ ਦੀ।
ਕੁਝ ਭੁੱਖ ਨਾਲ਼ ਲੜੇ ਵਿਚਾਰਿਆਂ ਦੀ,
ਮੇਰੀ, ਉਸ ਦੀ ਤੇ ਸਾਰਿਆਂ ਦੀ।
ਕੁਝ ਜਾਂਗਲ਼ੀਆਂ ਦੇ ਗੀਤ ਬਣੇ,
ਕੁਝ ਭੀਲਣੀਆਂ ਦੇ ਭੀਲ ਬਣੇ।
ਕੁਝ ਫੁੱਲ ਬਣੇ, ਕੁਝ ਰੰਗ ਬਣੇ,
ਕੁਝ ਰੇਸ਼ਮ, ਪੱਟ, ਸ਼ਨੀਲ ਬਣੇ।
ਕੁਝ ਛਾਂ ਬਣ ਗਏ, ਕੁਝ ਧੁੱਪ ਬਣੇ,
ਤਪ-ਤਪ ਕੇ ਠੰਡੇ-ਠਾਰ ਬਣੇ।
ਕੁਝ ਵੇਲਾਂ ਤੇ ਕੁਝ ਰੁੱਖ ਬਣੇ,
ਸਰਹੱਦਾਂ ਦੇ ਵਿਚਕਾਰ ਬਣੇ।
ਕੁਝ ਪੌਣਾਂ ਦੇ ਵਿੱਚ ਘੁਲ਼-ਮਿਲ਼ ਗਏ,
ਕੁਝ ਸ਼ੀਸ਼ੇ ਬਣੇ ਮਹੱਲਾਂ ਦੇ।
ਕੁਝ ਗੀਤਾ, ਗ੍ਰੰਥ, ਕੁਰਾਨ ਬਣੇ,
ਕੁਝ ਅਰਥ ਡੂੰਘੀਆਂ ਗੱਲਾਂ ਦੇ।
ਕੁਝ ਤਕੀਏ ਜਗਦੇ ਦੀਵੇ ਨੇ,
ਕੁਝ ਵ੍ਰਿੰਦਾਵਨ ਦੇ ਮੋਰ ਬਣੇ।
ਕੁਝ ਚੁੱਪ ਬਣੇ ਮਹਾਂਸਾਗਰ ਦੀ,
ਕੁਝ ਮਹਾਂਨਗਰ ਦਾ ਸ਼ੋਰ ਬਣੇ।
ਕੁਝ ਲੱਭਣ ਤੁਰ ਗਏ ਰਾਂਝੇ ਨੂੰ,
ਕੁਝ ਸਖੀਆਂ ਤੇ ਕੁਝ ਹੀਰ ਬਣੇ।
ਕੁਝ ਡੁੱਲ੍ਹ ਗਏ ਵਿੱਚ ਗੰਗਾ ਦੇ,
ਕੁਝ ਜਮਨਾ ਵਿਚਲਾ ਨੀਰ ਬਣੇ।
ਕੁਝ ਪੋਹ, ਮੱਘਰ ਦੀ ਸੀਤ ਬਣੇ,
ਕੁਝ ਜੇਠ ਬਣੇ, ਕੁਝ ਹਾੜ੍ਹ ਬਣੇ।
ਕੁਝ ਮੈਖ਼ਾਨੇ ਜਾ ਜਾਮ ਬਣੇ,
ਕੁਝ ਜੰਗਲ਼, ਸ਼ਹਿਰ, ਉਜਾੜ ਬਣੇ।
ਕੁਝ ਚਿੜੀਆਂ ਵਾਲ਼ੀ ਡਾਰ ਬਣੇ,
ਕੁਝ ਜ਼ੇਰ, ਜ਼ਬਰ ਤੇ ਪੇਸ਼ ਬਣੇ।
ਕੁਝ ਜਾ ਇਬਲੀਸ ਦੇ ਲੜ ਲੱਗੇ,
ਕੁਝ ਪੀਰ ਬਣੇ, ਦਰਵੇਸ਼ ਬਣੇ।
ਕੁਝ ਟੋਟੇ ਬਣ ਗਏ ਵੰਗਾਂ ਦੇ,
ਕੁਝ ਮੱਥੇ ਦਾ ਸ਼ਿੰਗਾਰ ਬਣੇ।
ਕੁਝ ਕਲੀਆਂ ਬਣ ਕੇ ਖਿੜਨ ਪਏ,
ਕੁਝ ਥੋਹਰਾਂ ਵਿਚਲੇ ਖ਼ਾਰ ਬਣੇ।
ਕੁਝ ਵਰਕੇ ਬਣੇ ਕਿਤਾਬਾਂ ਦੇ,
ਕੁਝ ਚੀਕ-ਚੀਕ ਸਮਝਾਉਣ ਲੱਗੇ।
ਮੇਰੀ ਕਲਮ ਨੂੰ ਮੱਤਾਂ ਦੇ-ਦੇ ਕੇ,
ਕਾਗ਼ਜ ‘ਤੇ ਰੌਲ਼ਾ ਪਾਉਣ ਲੱਗੇ।
ਕੁਝ ਨੂਰਜਹਾਂ ਦੀ ਹੇਕ ਬਣੇ,
ਕੁਝ ਮਜ਼ਲੂਮਾਂ ਦੀ ਹੂਕ ਬਣੇ।
ਕੁਝ ਯੋਧੇ, ਵੀਰ ਤੇ ਸ਼ੇਰ ਬਣੇ,
ਕੁਝ ਸ਼ਾਇਰ ਜਮਾ ਮਲੂਕ ਬਣੇ।
ਬੱਸ ਏਦਾਂ ਹੀ ਕਿੱਸੇ, ਕਾਵਿ ਬਣੇ,
ਲੋਰੀ, ਘੋੜੀ ਤੇ ਵੈਣ ਬਣੇ।
ਬੱਸ ਏਦਾਂ ਹੀ ਦੁਨੀਆ ਚੱਲਦੀ ਰਹੇ,
ਤੇ ਏਦਾਂ ਹੀ ਸਾਰੇ ਰਹਿਣ ਬਣੇ।
~ ਰਿਤੂ ਵਾਸੂਦੇਵ



