ਗੁਰਮੁਖੀ ਲਿਪੀ ਦੇ ਸ਼ (ਸ ਪੈਰ-ਬਿੰਦੀ) ਅੱਖਰ ਦਾ ਸਫ਼ਰ

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)

ਪੈਰ-ਬਿੰਦੀ ਵਾਲ਼ੇ ਸ਼ (ਸ ਪੈਰ-ਬਿੰਦੀ) ਅੱਖਰ ਨਾਲ਼ ਹਿੰਦ-ਆਰੀਆਈ ਭਾਸ਼ਾਵਾਂ ਨੂੰ ਬੋਲਣ ਤੇ ਲਿਖਣ ਵਾਲ਼ਿਆਂ ਦੀ ਜਾਣ-ਪਛਾਣ ਮੁੱਢ ਕਦੀਮਾਂ ਤੋਂ ਹੀ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਧੁਨੀ ਸ਼ੁਰੂ ਤੋਂ ਹੀ ਸੰਸਕ੍ਰਿਤ ਭਾਸ਼ਾ ਵਿੱਚ ਮੌਜੂਦ ਸੀ। ਇਹੋ ਕਾਰਨ ਹੈ ਕਿ ਸੰਸਕ੍ਰਿਤ ਭਾਸ਼ਾ ਵਿੱਚ ਇਸ ਧੁਨੀ ਨਾਲ ਅਨੇਕਾਂ ਹੀ ਸ਼ਬਦ ਬਣੇ ਹੋਏ ਹਨ। ਸੰਸਕ੍ਰਿਤ ਦੇ ਨਾਲ਼-ਨਾਲ਼ ਜਿਨ੍ਹਾਂ ਪੁਰਾਤਨ ਲਿਪੀਆਂ ਵਿੱਚ ਇਸ ਭਾਸ਼ਾ ਨੂੰ ਲਿਖਤੀ ਰੂਪ ਦਿੱਤਾ ਜਾਂਦਾ ਸੀ, ਲਗ-ਪਗ ਉਹਨਾਂ ਸਾਰੀਆਂ ਲਿਪੀਆਂ ਵਿੱਚ ਵੀ ਇਸ ਧੁਨੀ ਵਾਲ਼ਾ ‘ਸ਼’ ਅੱਖਰ ਹਮੇਸ਼ਾਂ ਤੋਂ ਹੀ ਮੌਜੂਦ ਰਿਹਾ ਹੈ। ਪੰਜਾਬੀ/ਗੁਰਮੁਖੀ ਵਿੱਚ ਇਸ ਧੁਨੀ ਨੂੰ ਭਾਵੇਂ ਦੁਬਾਰਾ ਕਾਫ਼ੀ ਅਰਸੇ ਉਪਰੰਤ ਹੀ ਸ਼ਾਮਲ ਕੀਤਾ ਗਿਆ ਹੈ ਪਰ ਇਸ ਦਾ ਭਾਵ ਇਹ ਨਹੀਂ ਹੈ ਕਿ ਪੰਜਾਬੀ ਲੋਕ ਇਸ ਧੁਨੀ ਤੋਂ ਜਾਂ ਇਸ ਅੱਖਰ ਨਾਲ਼ ਬਣੇ ਸ਼ਬਦਾਂ ਤੋਂ ਹੀ ਨਾਵਾਕਫ਼ ਸਨ ਜਾਂ ਉਹ ਇਸ ਦਾ ਉਚਾਰਨ ਤੇ ਵਰਤੋਂ ਕਰਨੀ ਹੀ ਨਹੀਂ ਸਨ ਜਾਣਦੇ। ਇਸ ਲੇਖ ਵਿੱਚ ਇਹ ਜਾਣਨ ਦੀ ਕੋਸ਼ਸ਼ ਕਰਦੇ ਹਾਂ ਕਿ ਵੱਖ-ਵੱਖ ਲਿਪੀਆਂ ਵਿੱਚ, ਵੱਖ-ਵੱਖ ਸਮਿਆਂ ‘ਤੇ ਸ਼ ਧੁਨੀ ਦਾ ਕੀ ਸਥਾਨ ਰਿਹਾ ਹੈ।

ਪ੍ਰਸਿੱਧ ਭਾਸ਼ਾ-ਵਿਗਿਆਨੀ ਡਾ. ਹਰਕੀਰਤ ਸਿੰਘ ਅਨੁਸਾਰ ਇਹ ਧੁਨੀ ਪੁਰਾਤਨ ਸਮਿਆਂ ਤੋਂ ਹੀ ਵੈਦਿਕ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਮੌਜੂਦ ਸੀ। ਉਹਨਾਂ ਅਨੁਸਾਰ ਵੈਦਿਕ ਸੰਸਕ੍ਰਿਤ ਅਤੇ ਸੰਸਕ੍ਰਿਤ ਵਿੱਚ ਸ਼, ਸ਼/ਖ (ਸ਼ਟਕੋਣ ਵਾਲਾ) ਅਤੇ ਸ ਤਿੰਨੋ ਹੀ ਧੁਨੀਆਂ ਮੌਜੂਦ ਸਨ। ਪਿੱਛੋਂ ਪ੍ਰਾਕ੍ਰਿਤਾਂ ਵਿੱਚ ਇਹਨਾਂ ਵਿੱਚੋਂ ਕੇਵਲ ਸ ਧੁਨੀ ਹੀ ਰਹਿ ਗਈ ਸੀ। ਸ਼ ਤੇ ਸ਼/ਖ ਜਾਂ ਤਾਂ ਸ ਵਿੱਚ ਬਦਲ ਗਈਆਂ ਤੇ ਜਾਂ ਛ ਵਿੱਚ। ਸੰਸਕ੍ਰਿਤ ਭਾਸ਼ਾ ਵਿੱਚ ਇਸ ਦੀ ਮੌਜੂਦਗੀ ਸ਼ੁਰੂਆਤੀ ਲਿਪੀਆਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਲਿਪੀਆਂ ਵਿੱਚ ਨਿਰੰਤਰ ਬਰਕਰਾਰ ਰਹੀ ਹੈ। ਦੇਵਨਾਗਰੀ ਲਿਪੀ-ਪਰਿਵਾਰ ਵਿੱਚ ਨਾਗਰੀ ਜਾਂ ਸ਼ਾਸਤਰੀ ਲਿਪੀ ਦੇ ਜਨਮ-ਕਾਲ (ਪਹਿਲੀ ਸਦੀ ਈਸਵੀ ਤੋਂ ਲੈ ਕੇ ਛੇਵੀਂ ਸਦੀ ਈਸਵੀ ਤੱਕ) ਅਤੇ ਫਿਰ ਇਸ ਦੇ ਪ੍ਰਫੁਲਿਤ ਹੋਣ ਉਪਰੰਤ ਸੱਤਵੀਂ ਤੋਂ ਦਸਵੀਂ ਈਸਵੀ ਤੱਕ ਵੀ ਸ਼ ਦੀ ਧੁਨੀ ਕਾਇਮ ਰਹੀ ਹੈ। ਪਿੱਛੋਂ ਇਸੇ ਤੋਂ ਹੀ ਬਣੀ ਅਜੋਕੀ ਦੇਵਨਾਗਰੀ ਲਿਪੀ (ਲਗ-ਪਗ ਦਸਵੀਂ ਸਦੀ ਈਸਵੀ ਤੋਂ ਬਾਅਦ) ਵਿੱਚ ਵੀ ਇਹ ਧੁਨੀ ਸ਼ਾਮਲ ਸੀ ਤੇ ਹੁਣ ਤੱਕ ਹੈ। ਇਸੇ ਤਰ੍ਹਾਂ ਸਿੱਧ-ਮਾਤ੍ਰਿਕਾ ਜਾਂ ਸਿੱਧੰ/ਸਿੱਧਮ ਲਿਪੀ (ਸੱਤਵੀਂ ਤੋਂ ਬਾਰ੍ਹਵੀਂ ਈਸਵੀ ਸਦੀ ਤੱਕ) ਵਿੱਚ ਵੀ ਸ਼ ਧੁਨੀ ਸ਼ਾਮਲ ਰਹੀ ਹੈ।

ਡਾ ਹਰਕੀਰਤ ਸਿੰਘ ਅਨੁਸਾਰ ਪੰਜਾਬੀ ਵਿੱਚ ਇਹ ਧੁਨੀ ਪਿਛਲੀ ਸਦੀ ਦੇ ਅਰੰਭ ਵਿੱਚ ਹੀ ਵਾਪਸ ਆਈ ਹੈ ਇਸ ਦਾ ਕਾਰਨ ਇਹ ਸੀ ਕਿ ਇਹ ਧੁਨੀ ਅਰਬੀ/ਫਾਰਸੀ ਸ੍ਰੋਤ ਵਾਲ਼ੇ ਅਤੇ ਕਈ ਅੰਗਰੇਜ਼ੀ ਦੇ ਸ਼ਬਦਾਂ ਵਿੱਚ ਵੀ ਮੌਜੂਦ ਸੀ ਜਿਨ੍ਹਾਂ ਨੂੰ ਲਿਖਣ ਲਈ ਇਸ ਧੁਨੀ ਦੀ ਲੋੜ ਮਹਿਸੂਸ ਕੀਤੀ ਗਈ।

ਦੂਜੇ ਪਾਸੇ, ਡਾ. ਪ੍ਰੀਤਮ ਸਿੰਘ (ਪੰਜਾਬੀ ਭਾਸ਼ਾ ਦਾ ਆਲੋਚਨਾਤਮਿਕ ਅਧਿਐਨ) ਅਨੁਸਾਰ ਨਵੀਨ-ਵਰਗ ਵਾਲ਼ੀਆਂ ਛੇ ਧੁਨੀਆਂ (ਲ਼ ਸਮੇਤ) ਦੀ ਵਰਤੋਂ ਸਭ ਤੋਂ ਪਹਿਲਾਂ ਅੰਗਰੇਜ਼ ਪਾਦਰੀਆਂ ਨੇ ਕੀਤੀ ਸੀ। ਇਸ ਤੋਂ ਪਹਿਲਾਂ ਗੁਰਮੁਖੀ ਲਿਪੀ ਵਿੱਚ ਇਹਨਾਂ ਧੁਨੀਆਂ ਦੀ ਵਰਤੋਂ ਨਹੀਂ ਸੀ ਕੀਤੀ ਜਾਂਦੀ। ਡਾ. ਹਰਕੀਰਤ ਸਿੰਘ ਅਨੁਸਾਰ ਦੇਸ ਦੀ ਸੁਤੰਤਰਤਾ ਪਿੱਛੋਂ ਹਿੰਦੀ ਰਾਹੀਂ ਸੰਸਕ੍ਰਿਤ ਭਾਸ਼ਾ ਦਾ ਪ੍ਰਭਾਵ ਵਧਣ ਕਾਰਨ ‘ਸ਼’ ਧੁਨੀ ਦੀ ਵਰਤੋਂ ਹੋਰ ਵੀ ਵਧ ਗਈ ਹੈ।

ਪ੍ਰੋ. ਪਿਆਰਾ ਸਿੰਘ ਪਦਮ ਅਨੁਸਾਰ ਸ਼ਾਰਦਾ ਲਿਪੀ ਵਿੱਚ ਲਿਖਿਆ ਹੋਇਆ ਪਹਿਲਾ ਲੇਖ ਇੱਕ ਹਜਾਰ ਈਸਵੀ ਦੇ ਲਾਗੇ ਦੇ ਸਮੇਂ ਦਾ ਮਿਲ਼ਿਆ ਹੈ। ਉਹਨਾਂ ਅਨੁਸਾਰ ਕਾਗ਼ਜ਼ ਉੱਤੇ ਲਿਖੀ ਹੋਈ ਪਹਿਲੀ ਲਿਖਤ ਬਾਰਾਂ ਸੌ ਤੇਈ-ਚੌਵੀ ਈਸਵੀ ਦੀ ਪ੍ਰਾਪਤ ਹੋਈ ਹੈ। ਜਿੱਥੋਂ ਤੱਕ ਸ਼ ਧੁਨੀ ਦਾ ਸੰਬੰਧ ਹੈ, ਇਹ ਭਾਰਤ ਦੀ ਮੂਲ ਲਿਪੀ ਬ੍ਰਾਹਮੀ ਜਿਸ ਤੋਂ ਕਿ ਅੱਗੋਂ ਹੋਰ ਭਾਰਤੀ ਲਿਪੀਆਂ ਵਿਕਸਿਤ ਹੋਈਆਂ ਹਨ, ਵਿੱਚ ਵੀ ਸ਼ਾਮਲ ਸੀ। ਬ੍ਰਾਹਮੀ ਤੋਂ ਉਪਜੀ ਖਰੋਸ਼ਟੀ ਲਿਪੀ ਵਿੱਚ ਵੀ ਇਹ ਅੱਖਰ ਸ਼ਾਮਲ ਰਿਹਾ ਹੈ। ਇਹਨਾਂ ਤੋਂ ਹੀ ਮੌਜੂਦਾ ਗੁਰਮੁਖੀ ਤੋਂ ਪਹਿਲੀਆਂ ਲਿਪੀਆਂ: ਸਿੱਧ-ਮਾਤ੍ਰਿਕਾ/ਸਿੱਧੰ, ਸ਼ਾਰਦਾ ਟਾਕਰੀ ਅਤੇ ਲੰਡੇ ਆਦਿ ਲਿਪੀਆਂ ਨੇ ਵੀ ਜਨਮ ਲਿਆ ਹੈ। ਇਹਨਾਂ ਸਾਰੀਆਂ ਲਿਪੀਆਂ ਵਿੱਚ ਵੀ (ਲੰਡੇ ਲਿੱਪੀ ਨੂੰ ਛੱਡ ਕੇ) ਸ਼ ਅੱਖਰ ਮੌਜੂਦ ਸੀ। ਸ਼ਾਰਦਾ ਲਿਪੀ ਦੇ ਸ਼ ਅੱਖਰ ਦੀ ਸ਼ਕਲ ਕਾਫ਼ੀ ਹੱਦ ਤੱਕ ਗੁਰਮੁਖੀ ਦੇ ਸ ਅੱਖਰ ਨਾਲ ਰਲ਼ਦੀ ਹੈ ਅਤੇ ਸ਼ (ਸ਼ਟਕੋਣ ਵਾਲ਼ਾ) ਨੂੰ ਖ ਅੱਖਰ ਨਾਲ਼ ਲਿਖਿਆ ਜਾਂਦਾ ਸੀ।

ਪ੍ਰਸਿੱਧ ਲਿਪੀ-ਵਿਗਿਆਨੀ ਜੀ ਬੀ ਸਿੰਘ ਅਨੁਸਾਰ ਸ਼ਾਰਦਾ ਲਿਪੀ ਵਿੱਚ ਸ਼ ਅਤੇ ਸ਼ਟਕੋਣ ਵਾਲੇ ਸ਼/ਖ ਅੱਖਰਾਂ ਨੂੰ ਲਿਖਣ ਸਮੇਂ ਪੁਰਾਤਨ ਸਮਿਆਂ ਵਿੱਚ ਜ਼ਰੂਰ ਇਹਨਾਂ ਅੱਖਰਾਂ (ਸ ਅਤੇ ਖ) ਨੂੰ ਪੈਰ-ਬਿੰਦੀ ਜਾਂ ਕੋਈ ਹੋਰ ਚਿੰਨ੍ਹ ਵਰਤ ਕੇ ਲਿਖ ਲਿਆ ਜਾਂਦਾ ਹੋਵੇਗਾ ਪਰ ਉਹਨਾਂ ਦੇ ਕਥਨ ਅਨੁਸਾਰ ਸਮੱਸਿਆ ਇਹ ਸੀ ਕਿ ਇਸ ਸੰਬੰਧ ਵਿੱਚ ਸ਼ਾਰਦਾ ਲਿਪੀ ਵਿੱਚ ਲਿਖੀ ਹੋਈ ਕੋਈ ਵੀ ਪੁਰਾਤਨ ਲਿਖਤ ਉਪਲਬਧ ਨਹੀਂ ਹੈ ਜਿਸ ਤੋਂ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ। ਟਾਕਰੀ ਲਿਪੀ ਵਿਚਲੀ ਸ਼ ਧੁਨੀ ਦੀ ਸ਼ਕਲ ਦੇਵਨਾਗਰੀ ਦੇ ਸ਼ ਅੱਖਰ ਨਾਲ਼ ਲਗ-ਪਗ ਪੂਰੀ ਤਰ੍ਹਾਂ ਰਲ਼ਦੀ ਹੈ। ਇਸ ਪ੍ਰਕਾਰ ਜਾਪਦਾ ਇਹ ਹੈ ਕਿ ਸ਼ ਧੁਨੀ ਦੇ ਅਲੋਪ ਹੋਣ ਦਾ ਮੁੱਢ ਸ਼ਾਇਦ ਗੁਰਮੁਖੀ ਦੀ ਵਡੇਰੀ ਸ਼ਾਰਦਾ ਲਿਪੀ ਦੇ ਸ਼ ਅਤੇ ਸ ਅੱਖਰਾਂ ਦੇ ਸਮਰੂਪ ਹੋਣ ਤੋਂ ਹੀ ਬੱਝਦਾ ਹੈ।

ਦੂਜੇ ਪਾਸੇ, ਬ੍ਰਾਹਮੀ ਤੋਂ ਬਾਅਦ ਖਰੋਸ਼ਟੀ, ਗੁਪਤ-ਕਾਲ ਦੌਰਾਨ ਪ੍ਰਚਲਿਤ ਹੋਈ ਗੁਪਤਾ ਲਿਪੀ ਤੇ ਫਿਰ ਛੇਵੀਂ ਸਦੀ ਤੋਂ ਨੌਂਵੀਂ ਸਦੀ ਤੱਕ ਕੁਟਿਲ ਲਿਪੀ ਦੀ ਵਰਤੋਂ ਹੁੰਦੀ ਰਹੀ ਹੈ। ਇਹਨਾਂ ਦੇ ਨਾਲ-ਨਾਲ ਸਿੱਧਮ/ਸਿਧੰ ਲਿਪੀ (7-8 ਵੀਂ ਸਦੀ ਤੋਂ 12 ਵੀਂ ਸਦੀ), ਸੱਤਵੀਂ ਤੋਂ ਦਸਵੀਂ ਸਦੀ ਤੱਕ ਨਾਗਰੀ ਅਤੇ ਇਸ ਉਪਰੰਤ ਅਜੋਕੀ ਦੇਵਨਾਗਰੀ ਤੇ ਹੋਰ ਦੇਸੀ ਲਿਪੀਆਂ ਪ੍ਰਚਲਿਤ/ਪ੍ਰਫੁਲਿਤ ਹੋਈਆਂ। ਦਸਵੀਂ ਸਦੀ ਤੋਂ ਪਹਿਲਾਂ ਦੀ ਨਾਗਰੀ ਲਿਪੀ ਵਿੱਚ ਵੀ ਕੋਈ ਲਿਖਤ ਉਪਲਬਧ ਨਹੀਂ ਹੈ।

ਪਹਿਲਾਂ ਸੰਸਕ੍ਰਿਤ, ਪ੍ਰਾਕਿਰਤਾਂ ਅਤੇ ਪਾਲੀ ਅਾਦਿ ਭਾਸ਼ਾਵਾਂ ਨੂੰ ਲਿਖਣ ਲਈ ਬ੍ਰਾਹਮੀ, ਖਰੋਸ਼ਟੀ, ਗੁਪਤ ਤੇ ਕੁਟਿਲ (ਛੇਵੀਂ ਤੋਂ ਨੌਵੀਂ ਸਦੀ) ਲਿਪੀਆਂ ਜਾਂ ਫਿਰ ਕੁਝ ਖੇਤਰੀ ਲਿਪੀਆਂ, ਜਿਵੇਂ: ਸ਼ਾਰਦਾ (ਅੱਠਵੀਂ ਤੋਂ ਬਾਰ੍ਹਵੀਂ ਸਦੀ), ਨਾਗਰੀ, ਤਾਮਿਲ, ਤੈਲਗੂ, ਪਸ਼ਚਮੀ, ਮੱਧ ਦੇਸੀ ਆਦਿ ਲਿਪੀਆਂ ਦੀ ਵਰਤੋਂ ਕੀਤੀ ਜਾਂਦੀ ਸੀ। ਸੰਸਕ੍ਰਿਤ ਦੀਆਂ ਕੁਝ ਕਿਤਾਬਾਂ ਪੁਰਾਣੀ ਪੰਜਾਬੀ ਲਿਪੀ ਵਿੱਚ ਵੀ ਲਿਖੇ ਜਾਣ ਦੀ ਚਰਚਾ ਹੈ। ਇੱਕ ਹਜ਼ਾਰ ਈਸਵੀ ਤੋਂ ਬਾਅਦ ਸ਼ਾਰਦਾ, ਟਾਕਰੀ, ਲੰਡੇ, ਭਾਟੀ ਆਦਿ ਲਿਪੀਆਂ ਵਿੱਚੋਂ ਹੀ ਗੁਰਮੁਖੀ ਲਿਪੀ ਦਾ ਵਿਕਾਸ ਹੋਇਆ ਹੈ।

ਪ੍ਰੋ ਪਿਆਰਾ ਸਿੰਘ ਪਦਮ ਅਨੁਸਾਰ ਅਜੋਕੀ ਗੁਰਮੁਖੀ ਦੇ ਪੈਂਤੀ ਅੱਖਰਾਂ ਵਿੱਚੋਂ ਘੱਟੋ-ਘੱਟ ਇੱਕੀ ਅੱਖਰ ਤਾਂ ਥੋੜ੍ਹੇ-ਬਹੁਤ ਫ਼ਰਕ ਨਾਲ਼ ਪੁਰਾਤਨ ਸ਼ਿਲਾਲੇਖਾਂ ਵਿੱਚ ਦਿਸ ਹੀ ਪੈਂਦੇ ਹਨ। ਇਹਨਾਂ ਵਿੱਚੋਂ ਛੇ ਅੱਖਰ ਦਸਵੀਂ ਸਦੀ ਈਸਵੀ ਦੇ, ਬਾਰਾਂ ਤੀਜੀ ਸਦੀ ਈਸਵੀ ਪੂਰਵ ਦੇ ਅਤੇ ਤਿੰਨ ਪੰਜਵੀਂ ਸਦੀ ਈਸਵੀ ਪੂਰਵ ਦੇ ਹਨ। ਗੁਰਮੁਖੀ ਲਿਪੀ ਦੇ ਪੰਦਰਾਂ ਅੱਖਰ ਟਾਕਰੀ ਲਿਪੀ ਨਾਲ਼ ਲਗ-ਪਗ ਪੂਰੀ ਤਰ੍ਹਾਂ ਮਿਲ਼ਦੇ ਹਨ। ਪੰਜ ਅੱਖਰ ਕਾਫ਼ੀ ਹੱਦ ਤੱਕ ਅਤੇ ਛੇ ਕੁਝ-ਕੁਝ ਮਿਲ਼ਦੇ ਹਨ। ਸਿਰਫ਼ ਅੱਠ ਅੱਖਰ ਟਾਕਰੀ ਨਾਲ਼ ਨਹੀਂ ਰਲਦੇ। ਇਹਨਾਂ ਅੱਠ ਅੱਖਰਾਂ ਵਿੱਚੋਂ ਕਈ ਸ਼ਾਰਦਾ, ਮਹਾਜਨੀ/ਲੰਡੇ ਅਤੇ ਕੁਝ ਪੁਰਾਣੇ ਸ਼ਿਲਾਲੇਖਾਂ ਵਿੱਚ ਥੋੜ੍ਹੇ-ਬਹੁਤ ਫ਼ਰਕ ਨਾਲ ਪਾਏ ਜਾਂਦੇ ਹਨ। ਇਸ ਗੱਲ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਕਿੰਨੀ ਪੁਰਾਣੀ ਲਿਪੀ ਹੈ।

ਮੱਧ-ਕਾਲ ਵਿੱਚ ਅਰਥਾਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਜਾਣ ਸਮੇਂ ਤੱਕ ਭਾਵੇਂ ਗੁਰਮੁਖੀ ਲਿਪੀ ਵਿੱਚ ਸ਼ ਧੁਨੀ ਦਾ ਸਥਾਨ ਬਰਕਰਾਰ ਨਹੀਂ ਰਹਿ ਸਕਿਆ ਜਿਸ ਕਾਰਨ ਪ੍ਰਤੱਖ ਰੂਪ ਵਿੱਚ ਇਸ ਅੱਖਰ ਨਾਲ਼ ਲਿਖੇ ਗਏ ਸ਼ਬਦਾਂ ਦੀ ਗ਼ੈਰਹਾਜ਼ਰੀ ਮਹਿਸੂਸ ਹੁੰਦੀ ਹੈ ਪਰ ਦੂਜੀਆਂ ਲਿਪੀਆਂ ਵਿੱਚ ਇਸ ਦੀ ਵਰਤੋਂ ਸਦੀਆਂ ਤੋਂ ਕਾਇਮ ਰਹੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਧੁਨੀ ਵਾਲ਼ੇ ਸ਼ਬਦਾਂ ਨੂੰ ਸ਼ ਅੱਖਰ ਨਾਲ਼ ਨਹੀਂ ਸਗੋਂ ਸ ਅੱਖਰ ਨਾਲ਼ ਹੀ ਲਿਖਿਆ ਗਿਆ ਹੈ, ਜਿਵੇਂ:

ਸਬਦ/ਸ਼ਬਦ, ਸੁਧ/ਸ਼ੁੱਧ, ਨਿਸਿ (ਨਿਸ਼ਾ/ਰਾਤ), ਪਰਮੇਸਰ/ ਪਰਮੇਸ਼ਰ, ਪਸਚਿਮ (ਪਸ਼ਚਮ/ਪੱਛਮ), ਪ੍ਰਗਾਸ (ਪ੍ਰਕਾਸ਼), ਦੋਸੀ/ਦੋਸ਼ੀ ਉਪਦੇਸ/ਉਪਦੇਸ਼, ਆਗਾਸ (ਆਕਾਸ਼), ਸਾਸਤਰ ( ਸ਼ਾਸਤਰ), ਮਨਸਾ/ ਮਨਸ਼ਾ, ਦਿਸਿ (ਦਿਸ਼ਾ) ਸਾਂਤਿ (ਸ਼ਾਂਤੀ), ਸਸਿ (ਸ਼ਸ਼ੀ/ਚੰਦਰਮਾ), ਜਗਦੀਸ (ਜਗਦੀਸ਼) ਆਦਿ ।

ਅਰਬੀ/ਫ਼ਾਰਸੀ ਭਾਸ਼ਾਵਾਂ ਵਿੱਚ ਸ਼ ਧੁਨੀ ਲਈ ਸ਼ੀਨ ਅੱਖਰ ਮੌਜੂਦ ਹੈ। ਇਸ ਅੱਖਰ ਨਾਲ ਲਿਖੇ ਜਾਣ ਵਾਲ਼ੇ ਸ਼ਬਦਾਂ ਨੂੰ ਵੀ ਗੁਰਮੁਖੀ ਵਿੱਚ ਸ਼ ਅੱਖਰ ਦੀ ਅਣਹੋਂਦ ਕਾਰਨ ਸ ਅੱਖਰ ਨਾਲ਼ ਹੀ ਕਲਮਬੰਦ ਕੀਤਾ ਗਿਆ ਹੈ। ਗੁਰਬਾਣੀ ਵਿੱਚ ਸ਼ ਅੱਖਰ ਵਾਲ਼ੇ ਕੁਝ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਸ਼ਬਦ ਇਸ ਪ੍ਰਕਾਰ ਹਨ:

ਹੁਸਿਆਰ (ਹੁਸ਼ਿਆਰ), ਨੀਸਾਨੈ (ਨਿਸ਼ਾਨ ਉੱਤੇ), ਬਖਸਿ (ਬਖ਼ਸ਼), ਬਖਸੀਸ (ਬਖਸ਼ੀਸ਼) ਪਾਤਿਸਾਹ (ਪਾਤਸ਼ਾਹ), ਮਸਕਤਿ (ਮੁਸ਼ੱਕਤ), ਹੁਕਮ, ਸਾਹਿਬ, ਨਦਰ (ਨਜ਼ਰ), ਦਰਗਹ (ਦਰਗਾਹ) ਆਦਿ।

ਇਸ ਤੋਂ ਬਿਨਾਂ ਰਾਗ ਤਿਲੰਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ, “ਯਕ ਅਰਜ ਗੁਫਤਮ….” ਫ਼ਾਰਸੀ ਭਾਸ਼ਾ ਵਿੱਚ ਵੀ ਹੈ ਇਸ ਸ਼ਬਦ ਵਿੱਚ ਵੀ ਘੱਟੋ-ਘੱਟ ਚਾਰ ਸ਼ਬਦ ਪੇਸਿ (ਪੇਸ਼, ਸਾਮ੍ਹਣੇ), ਸਬ (ਸ਼ਬ/ਰਾਤ), ਗੋਸ (ਗੋਸ਼, ਕੰਨ) ਅਤੇ ਗਸਤਮ (ਗਸ਼ਤਮ/ਫਿਰਦਾ ਰਿਹਾ) ਸ਼ (ਸ਼ੀਨ) ਧੁਨੀ ਵਾਲ਼ੇ ਹਨ। ਗੁਰਮੁਖੀ ਵਿੱਚ ਤਾਂ ਮੰਨਿਆ ਕਿ ਉਸ ਸਮੇਂ ਸ਼ ਧੁਨੀ ਦੀ ਕੋਈ ਹੋਂਦ ਨਹੀਂ ਸੀ ਪਰ ਫ਼ਾਰਸੀ ਵਿੱਚ ਤਾਂ ਸ਼ੀਨ (ਸ਼) ਦੇ ਰੂਪ ਵਿੱਚ ਸ਼ ਧੁਨੀ ਮੌਜੂਦ ਸੀ। ਜ਼ਾਹਰ ਹੈ ਕਿ ਫ਼ਾਰਸੀ ਭਾਸ਼ਾ ਵਿੱਚ ਗੁਰੂ ਸਾਹਿਬਾਨ ਅਜਿਹੇ ਸ਼ਬਦਾਂ ਨੂੰ ਲਿਖਣ ਸਮੇਂ ਵੀ ਸ਼ੀਨ ਧੁਨੀ ਨਾਲ਼ ਹੀ ਲਿਖਦੇ ਹੋਣਗੇ ਅਤੇ ਉਚਾਰਨ ਵੀ ਇਸੇ ਧੁਨੀ ਨਾਲ਼ ਹੀ ਕਰਦੇ ਹੋਣਗੇ। ਇਸ ਤੋਂ ਬਿਨਾਂ ਗੁਰੂ ਨਾਨਕ ਦੇਵ ਜੀ ਸੰਸਕ੍ਰਿਤ ਭਾਸ਼ਾ ਤੋਂ ਵੀ ਬਖ਼ੂਬੀ ਵਾਕਫ਼ ਸਨ।

ਇਸ ਭਾਸ਼ਾ ਦੀ ਲਿਪੀ ਦੇਵਨਾਗਰੀ ਹੈ ਤੇ ਇਸ ਵਿੱਚ ਵੀ ਸ਼ ਧੁਨੀ ਮੌਜੂਦ ਸੀ। ਜ਼ਾਹਰ ਹੈ ਕਿ ਇਸ ਭਾਸ਼ਾ ਦੇ ਸ਼ ਧੁਨੀ ਵਾਲੇ ਸ਼ਬਦਾਂ ਨੂੰ ਵੀ ਉਹ ਸੰਸਕ੍ਰਿਤ ਵਿੱਚ ਤਾਂ ਸ਼ ਧੁਨੀ ਨਾਲ ਹੀ ਲਿਖਦੇ ਤੇ ਬੋਲਦੇ ਹੋਣਗੇ ਪਰ ਪੰਜਾਬੀ ਵਿੱਚ ਕਿਉਂਕਿ ਸ਼ ਦੀ ਧੁਨੀ ਹੀ ਨਹੀਂ ਸੀ ਜਿਸ ਕਾਰਨ ਮਜਬੂਰਨ ਉਹਨਾਂ ਨੂੰ ਅਜਿਹੇ ਸ਼ਬਦ ਸ ਅੱਖਰ ਨਾਲ਼ ਹੀ ਲਿਖਣੇ ਪਏ ਹੋਣਗੇ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦਾ ‘ਜ਼ਫ਼ਰਨਾਮਾ’ ਤਾਂ ਹੈ ਹੀ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਹੋਇਆ ਜਿਸ ਵਿੱਚ ਅਨੇਕਾਂ ਸ਼ਬਦ ਸ਼ (ਸ਼ੀਨ) ਧੁਨੀ ਵਾਲ਼ੇ ਹਨ।

ਅੰਗਰੇਜ਼ੀ ਦੇ ਬਹੁਤ ਸਾਰੇ ਸ਼ਬਦ ਵੀ ਅਜਿਹੇ ਹਨ ਜਿਨ੍ਹਾਂ ਵਿੱਚ ਸ਼ ਧੁਨੀ ਦਾ ਉਚਾਰਨ ਮੌਜੂਦ ਹੈ ਜਿਸ ਨੂੰ ਅੰਗਰੇਜ਼ੀ ਦੇ s+h, ਡਬਲ ਐੱਸ ਅੱਖਰਾਂ ਜਾਂ ਟੀ ਆਈ ਓ (tio) ਆਦਿ ਅੱਖਰਾਂ ਦੇ ਮੇਲ਼ ਨਾਲ਼ ਲਿਖੇ ਜਾਣ ਵਾਲ਼ੇ ਸ਼ਬਦਾਂ ਵਿੱਚ ਵਰਤਿਆ ਜਾਂਦਾ ਹੈ,ਜਿਵੇਂ: ਸ਼ਟਲ (shuttle), ਸ਼ਾਰਕ (shark), ਸ਼ੋ-ਕੇਸ (showcase), ਕੈਸ਼ (cash), ਫੈਸ਼ਨ (fashion), ਡੈਸ਼ਿੰਗ (dashing), ਇਸ਼ੂ (issue), ਟਿਸ਼ੂ (tissue), ਨੈਸ਼ਨਲ (national), ਐਡੀਸ਼ਨਲ (additional), ਕਾਸ਼ਨ (caution), ਪੇਸ਼ੈਂਟ (patient), ਪ੍ਰੀਕਾਸ਼ਨ (precaution), ਆਕੂਪੇਸ਼ਨ (occupation) ਆਦਿ।

ਮੱਧ-ਕਾਲ ਵਿੱਚ ਗੁਰਮੁਖੀ/ਪੰਜਾਬੀ ਲਿਪੀ ਵਿੱਚੋਂ ਬੇਸ਼ਕ ਇਹ ਧੁਨੀ ਲੋਪ ਰਹੀ ਹੈ ਪਰ ਬਾਕੀ ਬਹੁਤ ਸਾਰੀਆਂ ਭਾਰਤੀ ਲਿਪੀਆਂ ਵਿੱਚ ਇਸ ਧੁਨੀ ਨੇ ਆਪਣਾ ਸਰੂਪ ਹਮੇਸ਼਼ਾਂ ਬਰਕਰਾਰ ਰੱਖਿਆ ਹੈ। ਜ਼ਾਹਰ ਹੈ ਕਿ ਸੰਸਕ੍ਰਿਤ ਭਾਸ਼ਾ ਵਿੱਚ ਵੀ ਇਹ ਧੁਨੀ ਹਾਜ਼ਰ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਦੇਵਨਾਗਰੀ ਦੇ ਬਵੰਜਾ ਅੱਖਰਾਂ ਨੂੰ ਆਧਾਰ ਬਣਾ ਕੇ ਹੀ ਪੱਟੀ ਦੀ ਬਾਣੀ ਰਚੀ ਸੀ। ਇਹਨਾਂ ਵਿੱਚੋਂ ਬੱਤੀ ਅੱਖਰਾਂ ਦੇ ਨਾਂ ਵੀ ਅਜੋਕੀ ਲਿਪੀ ਦੇ ਨਾਂਵਾਂ ਵਾਲੇ ਸੱਸਾ, ਜੱਜਾ ਆਦਿ ਹੀ ਹਨ। ਸੋ, ਦੇਵਨਾਗਰੀ ਲਿਪੀ ਦੇ ਬਵੰਜਾ ਅੱਖਰਾਂ ਵਿੱਚੋਂ ਹੀ ਇੱਕ ਅੱਖਰ ਸ਼ ਵੀ ਸੀ ਜਿਸ ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਹੋਣਗੇ ਤੇ ਇਸ ਅੱਖਰ ਦਾ ਉਚਾਰਨ ਵੀ ਜ਼ਰੂਰ ਸ਼ ਦੇ ਤੌਰ ‘ਤੇ ਹੀ ਕਰਦੇ ਹੋਣਗੇ। ਇਸ ਤੋਂ ਬਿਨਾਂ ਉਪਰੋਕਤ ਸ਼ਬਦਾਂ; ਸ਼ਬਦ (ਸਬਦ) ਜਾਂ ਆਕਾਸ਼ (ਆਗਾਸ) ਆਦਿ ਦਾ ਉਚਾਰਨ ਵੀ ਸ਼ ਧੁਨੀ ਨਾਲ ਹੀ ਕਰਦੇ ਹੋਣਗੇ, ਸ ਧੁਨੀ ਨਾਲ਼ ਨਹੀਂ। ਦੇਵਨਾਗਰੀ ਦੇ ਬਵੰਜਾ ਅੱਖਰਾਂ ਨੂੰ ਹੀ ਸਨਮੁੱਖ ਰੱਖ ਕੇ ਭਗਤ ਕਬੀਰ ਜੀ ਨੇ ਵੀ “ਬਾਵਨ ਅੱਖਰੀ” ਬਾਣੀ ਦੀ ਰਚਨਾ ਕੀਤੀ ਹੈ। ਉਹਨਾਂ ਨੇ ਵੀ ਇਹਨਾਂ ਅੱਖਰਾਂ ਦੇ ਨਾਮ “ਕੱਕਾ ਖੱਖਾ ਗੱਗਾ” ਆਦਿ ਹੀ ਲਿਖੇ ਹਨ।

ਸੋ, ਉਪਰੋਕਤ ਕਾਰਨਾਂ ਦੇ ਮੱਦੇਨਜ਼ਰ ਹੀ ‘ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ’ ਨੇ ਗੁਰਬਾਣੀ ਦਾ ਉਚਾਰਨ ਕਰਨ ਸਮੇਂ ਪਾਠੀ ਸਾਹਿਬਾਨ ਅਤੇ ਗੁਰੂ-ਘਰ ਦੇ ਕੀਰਤਨੀਆਂ ਨੂੰ ਸ ਧੁਨੀ ਵਾਲੇ ਸ਼ਬਦਾਂ ਦਾ ਉਚਾਰਨ ਸ ਦੀ ਥਾਂ ਸ਼ ਧੁਨੀ ਨਾਲ਼ ਕਰਨ ਦੀ ਵੀ ਆਗਿਆ ਦਿੱਤੀ ਹੋਈ ਹੈ।

ਜਸਵੀਰ ਸਿੰਘ ਪਾਬਲਾ
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleEx-Twitter India head’s startup to create metaverse of education
Next articleWorld’s richest man Musk ‘dating’ Australian actress Natasha Bassett