*ਪੱਤਰਕਾਰ ਜਰਨੈਲ ਸਿੰਘ ਸਨੌਲੀ ਨਮਿਤ ਅੰਤਿਮ ਅਰਦਾਸ ਅੱਜ* *ਨਹੀਂਓਂ ਲੱਭਣੇ ਲਾਲ ਗੁਆਚੇ………….*

ਲਿਖਤ: ਕਰਮ ਸਿੰਘ, ਡੇਰਾਬੱਸੀ 
(ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ :- ਜ਼ਿੰਦਗੀ ਚ ਕੁਝ ਇਨਸਾਨ ਅਜਿਹੇ ਮਿਲਦੇ ਨੇ ਜਿਹੜੇ ਇੱਕ ਵਾਰ ਮਿਲਣ ਤੇ ਹੀ ਆਪਣੀ ਸਖਸ਼ੀਅਤ ਦੀ ਛਾਪ ਛੱਡ ਜਾਂਦੇ ਹਨ। ਅਜਿਹਾ ਹੀ ਇੱਕ ਦਰਵੇਸ ਇਨਸਾਨ ਸੀ ਸਾਡਾ ਪੱਤਰਕਾਰ ਸਾਥੀ ਜਰਨੈਲ ਸਿੰਘ, ਜਿਨ੍ਹਾਂ ਦੀ ਸ਼ਰਾਫ਼ਤ ਦਾ ਹਰ ਕੋਈ ਕਾਇਲ ਸੀ।  12.03.1976 ਨੂੰ ਜਨਮੇ ਅਤੇ 26.12.2024 ਨੂੰ 48 ਸਾਲਾਂ ਦੀ ਉਮਰ ਭੋਗ ਕੇ ਸ਼ਰੀਰਕ ਤੌਰ ਤੇ ਸਾਡੇ ਕੋਲੋਂ ਵਿਛੜ ਗਏ ਸ੍ਰ. ਜਰਨੈਲ ਸਿੰਘ ਸਨੌਲੀ ਜੀ ਬਹੁਤ ਨੇਕ ਦਿਲ ਇਨਸਾਨ ਸਨ। ਉਹ ਬੇਹੱਦ ਮਿਹਨਤੀ, ਦੂਜਿਆਂ ਦੇ ਦੁੱਖਾਂ-ਸੁੱਖਾਂ ਦੇ ਸਾਂਝੀ ਅਤੇ ਮਿੱਠਬੋਲੜੇ ਸੁਭਾਅ ਦੇ ਮਾਲਕ ਸਨ। ਪੰਜ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟੇ ਜਰਨੈਲ ਸਿੰਘ ਨੇ ਸਰਕਾਰੀ ਕਾਲਜ ਡੇਰਾਬੱਸੀ ਤੋਂ ਬੀ.ਏ.ਪਾਸ ਕੀਤੀ। ਉਪਰੰਤ ਜਰਨੈਲ ਸਿੰਘ ਨੇ ਡਾ. ਅੰਬੇਡਕਰ ਇੰਸਟੀਚਿਊਟ, ਮੋਹਾਲੀ ਤੋਂ ਪੰਜਾਬੀ ਸਟੈਨੋਗ੍ਰਾਫ਼ੀ ਕਰਕੇ ਭਾਸ਼ਾ ਵਿਭਾਗ ਚੰਡੀਗੜ੍ਹ ਤੋਂ ਪੰਜਾਬੀ ਸਟੈਨੋ ਇੰਸਟ੍ਰਕਟਰ ਦਾ ਕੋਰਸ ਅੱਵਲ ਦਰਜੇ ਵਿਚ ਪਾਸ ਕੀਤਾ।
ਨਿਆਇਤ ਸ਼ਰੀਫ਼ ਜਰਨੈਲ ਸਿੰਘ ਪਿਛਲੇ ਕਰੀਬ 15 ਸਾਲਾਂ ਤੋਂ ਪੱਤਰਕਾਰੀ ਖਿੱਤੇ ਨਾਲ ਜੁੜਿਆ ਹੋਇਆ ਸੀ। ਉਸਨੇ ਪੰਜਾਬੀ ਦੇ ਕਈ ਨਾਮੀਂ ਅਖ਼ਬਾਰਾਂ ਲਈ ਪੂਰੀ ਦਲੇਰੀ ਤੇ ਇਮਾਨਦਾਰੀ ਨਾਲ ਕੰਮ ਕਰਕੇ ਆਪਣੀ ਵਿਲੱਖਣ ਪਹਿਚਾਣ ਬਣਾਈ। ਜਰਨੈਲ ਸਿੰਘ ਨੇ ਸਾਫ਼-ਸੁਥਰੀ ਗਾਇਕੀ ਦੇ ਖੇਤਰ ਵਿਚ ਵੀ ਚੰਗਾ ਨਾਮਣਾ ਖੱਟਿਆ। ਸਭਿਆਚਾਰਕ ਅਤੇ ਧਾਰਮਿਕ ਪ੍ਰੋਗਰਾਮਾਂ ਵਿਚ ਉਹ ਆਪਣੀ ਸੁਰੀਲੀ ਆਵਾਜ਼ ਨਾਲ ਲੋਕਾਂ ਨੂੰ ਕੀਲ ਲੈਂਦੇ ਸਨ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਰਾਜਸਥਾਨ ਆਦਿ ਰਾਜਾਂ ਵਿਚ ਜਰਨੈਲ ਸਿੰਘ ਨੇ ਆਪਣੀ ਗਾਇਕੀ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਹਰ ਕਲਾ ਵਿਚ ਨਿਪੁੰਨ ਜਰਨੈਲ ਸਿੰਘ ਨੇ ਡੇਰਾਬੱਸੀ ਦੇ ਨਾਮੀ ਲੌਂਗੋਵਾਲ ਗਰੁੱਪ ਅਤੇ ਸ੍ਰੀ ਸੁਖਮਨੀ ਗਰੁੱਪ ਵਿਚ ਵੀ ਬਾਖੂਬੀ ਸੇਵਾਵਾਂ ਨਿਭਾਈਆਂ ਹਨ। ਇਨ੍ਹਾਂ ਸੰਸਥਾਵਾਂ ਦੇ ਪ੍ਰਬੰਧਕ ਅਤੇ ਅਧਿਕਾਰੀ ਵੀ ਜਰਨੈਲ ਸਿੰਘ ਦੇ ਕੰਮ ਦੇ ਕਾਇਲ ਹਨ। ਸ੍ਰ: ਜਰਨੈਲ ਸਿੰਘ ਨੇ ਬਤੌਰ ਪੰਚਾਇਤ ਮੈਂਬਰ ਆਪਣੇ ਪਿੰਡ ਸਨੌਲੀ ‘ਚ ਵਿਕਾਸ ਦੇ ਕੰਮਾਂ ਵਿਚ ਵੀ ਅਹਿਮ ਭੂਮਿਕਾ ਨਿਭਾਈ ਹੈ। ਪਿਛਲੇ ਕਰੀਬ 8 ਸਾਲਾਂ ਤੋਂ ਜਰਨੈਲ ਸਿੰਘ ਡੇਰਾਬੱਸੀ ਹਲਕੇ ਦੇ ਸਾਬਕਾ ਵਿਧਾਇਕ ਸ੍ਰੀ ਐਨ.ਕੇ. ਸ਼ਰਮਾ ਦੇ ਦਫ਼ਤਰ ਵਿਚ ਮੀਡੀਏ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਐਨ.ਕੇ. ਸ਼ਰਮਾ ਨੇ ਉਸਨੂੰ ਆਪਣੇ ਪਰਿਵਾਰਕ ਮੈਂਬਰ ਵਾਂਗ ਰੱਖਿਆ ਹੋਇਆ ਸੀ।
ਬੀਤੀ 26 ਦਸੰਬਰ, 2024 ਨੂੰ ਐਸੀ ਮਨਹੂਸ ਘੜੀ ਆਈ ਕਿ ਚੰਦਰੀ ਮੌਤ ਨੇ ਤਿੰਨ ਧੀਆਂ ਦੇ ਪਿਓ ਤੇ ਰਤਾ ਵੀ ਤਰਸ ਨਾ ਕੀਤਾ ਅਤੇ ਸਾਡੇ ਜਰਨੈਲ ਸਿੰਘ ਨੂੰ ਡਾਕਟਰਾਂ ਦੇ ਹੱਥਾਂ ਵਿਚੋਂ ਹੀ ਖੋਹ ਕੇ ਲੈ ਗਈ। ਉਹ ਆਪਣੇ ਪਿੱਛੇ ਪਰਿਵਾਰ ਵਿਚ ਬਿਰਧ ਮਾਤਾ ਸ੍ਰੀਮਤੀ ਹਰਬੰਸ ਕੌਰ ਸ੍ਰੀ ਲਾਭ ਸਿੰਘ ਤੋਂ ਇਲਾਵਾ ਪਤਨੀ ਅੰਜੂ ਰਾਣੀ ਅਤੇ ਤਿੰਨ ਧੀਆਂ ਪ੍ਰਨੀਤ ਕੌਰ, ਕਿਰਤ ਕੌਰ ਅਤੇ ਸਨਰੀਤ ਕੌਰ ਨੂੰ ਰੋਂਦੇ ਵਿਲਕਦੇ ਛੱਡ ਗਏ ਹਨ। ਜਰਨੈਲ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਹਰ ਅੱਖ ਨਮ ਹੋਈ। ਹਰੇਕ ਧਾਰਮਿਕ, ਸਮਾਜਿਕ ਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਜਰਨੈਲ ਸਿੰਘ ਦੀ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਨਿੱਕੀ ਉਮਰੇ ਵੱਡਾ ਨਾਂਅ ਕਮਾ ਕੇ ਜਰਨੈਲ ਸਿੰਘ ਵੀਰ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ ਹੈ। ਬਹੁਤ ਵੱਡਾ ਘਾਟਾ ਹੈ ਪਰਿਵਾਰ ਲਈ, ਪਿੰਡ ਅਤੇ ਸਮਾਜ ਲਈ ਜਿਸਨੂੰ ਪੂਰਿਆ ਨਹੀਂ ਜਾ ਸਕਦਾ। ਪਰ ਸਾਡੇ ਕੋਲ ਭਾਣਾ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ। ਉਦਾਸ ਮਨ ਨਾਲ ਜਰਨੈਲ ਵੀਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੋਇਆ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਦਾ ਹਾਂ ਕਿ ਸਾਡੇ ਛੋਟੇ ਵੀਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।  ਅੱਜ ਪਿੰਡ ਸਨੌਲੀ ਦੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਦੁਪਹਿਰ 12.00 ਤੋਂ 1.00 ਵਜੇ ਤੱਕ ਅੰਤਿਮ ਅਰਦਾਸ ਹੋਵੇਗੀ ਜਿਥੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰਬੰਸ ਦਾਨੀ :ਸ੍ਰੀ ਗੁਰੂ ਗੋਬਿੰਦ ਸਿੰਘ ਜੀ
Next articleਮੇਰਾ ਘੁਮਿਆਰਾ