(ਸਮਾਜ ਵੀਕਲੀ) ਸੁਪ੍ਰਸਿੱਧ ਪੰਜਾਬੀ ਲੋਕ ਗਾਇਕਾ ਸੁਰਿੰਦਰ ਕੌਰ ਜਿਸ ਨੂੰ ਸਾਂਝੇ ਪੰਜਾਬ ਦੀ ਕੋਇਲ ਕਹਿ ਕੇ ਵੀ ਸਨਮਾਨਿਆਂ ਜਾਂਦਾ ਹੈ ਕਿਉਂਕਿ ਉਨ੍ਹਾਂ ਦਾ ਜਨਮ ਸਾਂਝੇ ਪੰਜਾਬ ਦੇ ਲਾਹੌਰ ਵਿਖੇ ਹੋਇਆ ਸੀ ਅਤੇ 1947 ਵੇਲੇ ਭਾਰਤ ਦੀ ਵੰਡ ਤੋਂ ਬਾਅਦ ਉਹ ਭਾਰਤ ਦੀ ਨਾਗਰਿਕ ਬਣ ਕੇ ਗਾਜ਼ੀਆਬਾਦ ਰਹਿਣ ਲੱਗ ਪਈ ਸੀ। ਉਨ੍ਹਾਂ ਦੀ ਪੰਜਾਬੀ ਸਭਿਆਚਾਰ ਵਿੱਚ ਸਭ ਤੋਂ ਵੱਡੀ ਦੇਣ ਲੋਕ ਗਾਇਕੀ ਵਿੱਚ ਔਰਤਾਂ ਨੂੰ ਸਤਿਕਾਰ ਯੋਗ ਥਾਂ ਦਿਵਾਉਣਾ ਹੈ। ਇਸ ਤੋਂ ਪਹਿਲਾਂ ਗਾਉਣਾ ਜ਼ਿਆਦਾਤਰ ਮਰਦ ਲੋਕਾਂ ਦਾ ਹੀ ਸ਼ੌਕ ਮੰਨਿਆ ਜਾਂਦਾ ਸੀ ਇਸੇ ਕਰਕੇ ਪੰਜਾਬੀ ਗੀਤਾਂ ਦੀ ਸ਼ਹਿਜ਼ਾਦੀ ਬੀਬੀ ਸੁਰਿੰਦਰ ਕੌਰ ਜੀ ਨੂੰ ਔਰਤਾ ਲਈ ਰੋਲ ਮਾਡਲ ਕਹਿਣਾ ਵੀ ਕੋਈ ਗਲਤ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਨੇ ਉਸ ਵਕਤ ਸਟੇਜਾਂ ਤੇ ਗਾਉਣਾ ਸ਼ੁਰੂ ਕੀਤਾ ਜਦੋਂ ਕਿਸੇ ਲੜਕੀ ਲਈ ਘਰੋਂ ਬਾਹਰ ਜਾਣਾ, ਪੜ੍ਹਾਈ ਕਰਨਾ, ਸੁੰਦਰ ਕਪੜੇ ਪਹਿਨਣਾ, ਸਮਾਜ ਦੀਆਂ ਨਜ਼ਰਾਂ ਵਿੱਚ ਇੱਕ ਗੁਨਾਹ ਸੀ, ਠੀਕ ਉਸ ਸਮੇ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਨੇ ਇਹਨਾਂ ਗੱਲਾਂ ਤੋਂ ਬਗਾਵਤ ਕਰਦਿਆਂ ਗਾਇਕੀ ਖੇਤਰ ਨੂੰ ਅਪਣਾ ਕੇ ਔਰਤਾਂ ਨੂੰ ਅਜ਼ਾਦੀ ਪ੍ਰਤੀ ਜਾਗਰੂਕ ਕਰਕੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਬੀਬੀ ਸੁਰਿੰਦਰ ਕੌਰ ਦੇ ਗੀਤਾਂ ਰਾਹੀਂ ਵੀ ਮਾਂ ਅਤੇ ਧੀ ਦਾ ਦਰਦ ਛਲਕਦਾ ਸੀ।
ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ
ਕੋਈ ਕਰਦੀਆਂ ਗਲੋੜੀਆਂ,
ਕਣਕਾਂ ਲੰਮੀਆਂ ਧੀਆਂ ਕਿਉਂ ਜੰਮੀਆਂ ਨੀਂ ਮਾਏ। ਅਤੇ
ਮਧਾਣੀਆਂ…………
ਹਾਏ ਉਇ ਮੇਰੇ ਡਾਢਿਆਂ ਰੱਬਾ ,
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ…
ਬੀਬੀ ਸੁਰਿੰਦਰ ਕੌਰ ਜੀ ਦਾ ਜਨਮ ਲਾਹੌਰ ਵਿੱਚ 25 ਨਵੰਬਰ 1929 ਨੂੰ ਪਿਤਾ ਬਿਸ਼ਨ ਦਾਸ ਅਤੇ ਮਾਤਾ ਮਾਇਆ ਦੇਵੀ ਦੇ ਘਰ ਹੋਇਆ। ਉਸ ਦੀਆਂ ਚਾਰ ਭੈਣਾਂ, ( ਪ੍ਰਕਾਸ਼ ਕੌਰ ਮੁਹਿੰਦਰ ਕੌਰ ਮਨਜੀਤ ਤੇ ਨਰਿੰਦਰ ਕੌਰ ਅਤੇ ਪੰਜ ਭਰਾ ਸਨ। ਬਾਰਾਂ ਸਾਲ ਦੀ ਉਮਰ ਵਿਚ ਸੁਰਿੰਦਰ ਕੌਰ ਪ੍ਰਕਾਸ਼ ਕੌਰ ਦੇ ਨਾਲ ਹੀ ਮੁਸਲਿਮ ਉਸਤਾਦ ਇਨਾਇਤ ਹੁਸੈਨ ਅਤੇ ਹਿੰਦੂ ਉਸਤਾਦ ਪੰਡਿਤ ਮਨੀ ਪ੍ਰਸ਼ਾਦ ਤੋਂ ਸ਼ਾਸਤਰੀ ਸੰਗੀਤ ਦੀ ਸਿੱਖਿਆ ਹਾਸਲ ਕਰਨ ਲੱਗ ਪਈ ਸੀ ਜਿਸ ਦੀ ਬਦੌਲਤ ਅਗਸਤ 1943 ਵਿਚ ਸੁਰਿੰਦਰ ਕੌਰ ਨੇ 13 ਸਾਲ ਦੀ ਉਮਰ ਵਿਚ ਪਹਿਲੀ ਵਾਰ ਲਾਹੌਰ ਰੇਡੀਓ ‘ਤੇ ਗਾਇਆ। ਇਸੇ ਸਾਲ ਦੀ 31 ਅਗਸਤ ਨੂੰ ਐਚ ਐਮ ਵੀ ਨੇ ਦੋਹਾਂ ਭੈਣਾਂ ਦੀ ਆਵਾਜ਼ ਵਿੱਚ ਪਹਿਲਾ ਗੀਤ “ਮਾਵਾਂ ਤੇ ਧੀਆਂ ਰਲ ਬੈਠੀਆਂ” ਰਿਕਾਰਡ ਹੋਇਆ,ਜੋ ਬਹੁਤ ਸਲਾਹਿਆ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੇ ਸਦਾ ਬਹਾਰ ਗੀਤ ਪੰਜਾਬੀ ਸਰੋਤਿਆਂ ਦੇ ਰੂਬਰੂ ਕੀਤੇ ਜਿਨ੍ਹਾਂ ਚੋਂ ਕੁਝ ਗੀਤ ਕਾਫੀ ਮਕਬੂਲ ਹੋਏ , ਜਿਵੇਂ ਕਿ ਚੰਨ ਕਿਥਾਂ ਗੁਜਾਰੀ ਆ ਰਾਤ ਵੇ, ਲੱਠੇ ਦੀ ਚਾਦਰ, ਸ਼ੌਂਕਣ ਮੇਲੇ ਦੀ, ਗੋਰੀ ਦੀਆਂ ਝਾਂਜਰਾਂ, ਸੜਕੇ-ਸੜਕੇ ਜਾਂਦੀਏ ਮੁਟਿਆਰੇ, ਮਾਵਾਂ ਤੇ ਧੀਆਂ, ਜੁੱਤੀ ਕਸੂਰੀ ਪੈਰੀ ਨਾ ਪੂਰੀ, ਮਧਾਣੀਆਂ, ਇਹਨਾਂ ਅੱਖੀਆਂ ‘ਚ ਪਾਵਾਂ ਕਿਵੇਂ ਕਜਲਾ, ਗਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ, ਸੂਹੇ ਵੇ ਚੀਰੇ ਵਾਲਿਆ । ਦੇਸ਼ ਦੀ ਵੰਡ ਸਮੇਂ ਉਹ ਪਰਿਵਾਰ ਦੇ ਨਾਲ ਹੀ ਗਾਜ਼ੀਆਬਾਦ (ਦਿੱਲੀ) ਆ ਵੱਸੀ ਅਤੇ ਫੇਰ ਮੁੰਬਈ । ਓਥੇ ਉਸਨੇ 1948 ਵਿਚ ਪਿਠਵਰਤੀ ਗਾਇਕਾ ਵਜੋਂ ਫਿਲਮ “ਸਹੀਦ” ਲਈ ਯਾਦਗਾਰੀ ਗੀਤ “ਬਦਨਾਮ ਨਾ ਹੋ ਜਾਏ ਮੁਹੱਬਤ ਕਾ ਫ਼ਸਾਨਾ” ਰਿਕਾਰਡ ਕਰਵਾਇਆ। ਸੰਨ 1952 ‘ਚ ਜਦੋਂ ਉਹ ਵਾਪਸ ਦਿੱਲੀ ਪਰਤੀ ਤਾਂ ਉਸਦਾ ਦਾ ਵਿਆਹ ਦਿੱਲੀ ਯੂਨੀਵਰਸਿਟੀ ਵਿਚ ਪੰਜਾਬੀ ਸਾਹਿਤ ਦੇ ਲੈਕਚਰਾਰ ਜੋਗਿੰਦਰ ਸਿੰਘ ਸੋਢੀ ਨਾਲ ਕਰ ਦਿੱਤਾ ਗਿਆ ਜੋ ਉਸਦਾ ਵਿਸ਼ੇਸ਼ ਸਹਾਇਕ ਅਤੇ ਸਹਿਯੋਗੀ ਬਣਿਆ । ਆਪ ਦੇ ਘਰ ਤਿੰਨ ਲੜਕੀਆਂ ਨੇ ਜਨਮ ਲਿਆ, ਜਿੰਨ੍ਹਾ ਵਿੱਚੋਂ ਵੱਡੀ ਡੌਲੀ ਗੁਲੇਰੀਆ ਪੰਜਾਬੀ ਦੀ ਨਾਮਵਰ ਗਾਇਕਾ ਹੈ। ਬੀਬੀ ਸੁਰਿੰਦਰ ਜੀ ਨੇ ਆਸਾ ਸਿੰਘ ਮਸਤਾਨਾ, ਕਰਨੈਲ ਗਿੱਲ, ਹਰਚਰਨ ਗਰੇਵਾਲ , ਰੰਗੀਲਾ ਜੱਟ ਅਤੇ ਦੀਦਾਰ ਸੰਧੂ ਨਾਲ ਦੋ-ਗਾਣਿਆਂ ਸਮੇਤ 2000 ਤੋਂ ਵਧੇਰੇ ਗੀਤ ਰਿਕਾਰਡ ਕਰਵਾਏ ਅਤੇ ਕਈ ਮੁਲਕਾਂ ਦੇ ਸਫਲ ਟੂਰ ਲਾਉਣ ਵਾਲੀ ਸੁਰਿੰਦਰ ਕੌਰ ਦੇ ਗੀਤਾਂ ਦੀ ਲੈਅ ਉਦਾਸ ਗੀਤਾਂ ਵਿੱਚ ਬਦਲ ਗਈ, ਜਦੋਂ 1975 ਵਿੱਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ।
“ਇਨ੍ਹਾਂ ਅੱਖੀਆਂ ਚ ਪਾਵਾਂ ਕਿਵੇਂ ਕਜਲਾ,
ਵੇ ਅੱਖੀਆਂ ਚ ਤੂੰ ਦਿਸਦਾ”
ਪਰ ਉਹ ਕਸੀਸ ਵੱਟ ਇਹਨਾਂ ਹਾਲਾਤਾਂ ਵਿੱਚ ਆਪਣੀ ਬੇਟੀ ਰੁਪਿੰਦਰ ਕੌਰ (ਡੌਲੀ ਗੁਲੇਰੀਆ) ਅਤੇ ਦੋਹਤੀ ਸੁਨੈਨਾ ਨਾਲ ਮਿਲਕੇ ਗਾਉਂਦੀ ਰਹੀ। ਪੰਜਾਬ ਦੀ ਕੋਇਲ, ਸੰਗੀਤ ਨਾਟਕ ਅਕੈਡਮੀ ਐਵਾਰਡ (1984), ਮਿਲੇਨੀਅਮ ਪੰਜਾਬੀ ਸਿੰਗਰ ਐਵਾਰਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ (2002), ਇੰਡੀਅਨ ਨੈਸ਼ਨਲ ਅਕੈਡਮੀ ਸੰਗੀਤ ਡਾਂਸ ਅਤੇ ਥਿਏਟਰ ਵਰਗੇ ਐਵਾਰਡ-ਸਨਮਾਨ ਹਾਸਲ ਕਰਨ ਵਾਲੀ ਸੁਰਿੰਦਰ ਕੌਰ ਆਪਣੀ ਮਿੱਟੀ ਦੇ ਮੋਹ ਦੀ ਮਾਰੀ 2004 ਵਿੱਚ ਪੰਚਕੂਲਾ ਆ ਵਸੀ। ਉਸ ਨੇ ਜੀਰਕਪੁਰ ਵਿਖੇ ਵੀ ਘਰ ਬਣਾਇਆ। ਪਰ 22 ਦਸੰਬਰ 2005 ਨੂੰ ਉਹ ਹਰਟ ਅਟੈਕ ਦਾ ਸ਼ਿਕਾਰ ਹੋ ਗਈ ਅਤੇ ਪੰਚਕੂਲਾ ਦੇ ਜਨਰਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਠੀਕ ਹੋਣ ਉਪਰੰਤ ਦਿੱਲੀ ਵਿਖੇ ਜਨਵਰੀ 2006 ਵਿੱਚ ਉਹ ਪਦਮਸ਼੍ਰੀ ਐਵਾਰਡ ਹਾਸਲ ਕਰਨ ਲਈ ਵੀ ਪਹੁੰਚੀ। ਸਿਹਤ ਦੀ ਖਰਾਬੀ ਸਦਕਾ 2006 ਵਿੱਚ ਉਸ ਨੂੰ ਇਲਾਜ ਲਈ ਅਮਰੀਕਾ ਵਿਖੇ ਰਹਿੰਦੀਆਂ ਆਪਣੀਆਂ ਧੀਆਂ ਕੋਲ ਜਾਣਾ ਪਿਆ ਜਿੱਥੇ ਉਸ ਨੂੰ ਨਿਊ ਜਰਸੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਪਰ ਹਸਪਤਾਲ ਵਿੱਚ ਹੀ ਪੰਜਾਬ ਦੀ ਇਸ ਮਹਾਨ ਗਾਇਕਾ ਨੇ 14 ਜੂਨ 2006 ਨੂੰ ਆਖਰੀ ਸਾਹ ਲਿਆ। ਅੱਜ ਉਹ ਜਿਸਮਾਨੀ ਤੌਰ ‘ਤੇ ਤਾਂ ਭਾਵੇਂ ਸਾਡੇ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀ ਮਿੱਠੀ ਗਾਇਕੀ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਰਹੇਗੀ ਅਤੇ ਉਨ੍ਹਾਂ ਦੇ ਗਾਏ ਸਦਾ ਬਹਾਰ ਗੀਤ ਹਮੇਸ਼ਾਂ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕਰਦੇ ਰਹਿਣਗੇ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਨੋਟ:- ਇਹ ਮੇਰੀ ਆਪਣੀ ਲਿਖੀ ਹੋਈ ਰਚਨਾ ਹੈ ਜੀ। ਇਸ ਵਿੱਚ ਫੇਰ ਬਦਲ ਕਰਨ ਦਾ ਆਪ