ਊਧਮ ਸਿੰਘ ਸ਼ੇਰ ਬਹਾਦਰ, ਸੀਣੀਂ ਮਾਂ ਜਾਇਆ ਸੀ।
ਭਾਰਤ ਤੋਂ ਚੱਲਕੇ ਜਦ ਉਹ, ਲੰਡਨ ਵੱਲ ਆਇਆ ਸੀ।
ਖ਼ਲਕਤ ਦੇ ਕਾਤਲ ਨੂੰ ਜੋ, ਸਬਕ ਸਿਖਾਇਆ ਸੀ।
ਪਲ ਦੇ ਵਿੱਚ ਹੋ ਗਿਆ ਸੁਰਖੁਰੂ, ਕਰਜ਼ਾ ਉਤਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ ‘ਤਾਰਤਾ..
ਵੈਰੀ ਨੂੰ ਸੋਧਣ ਦਾ ਜੋ, ਢੰਗ ਅਪਣਾਇਆ ਸੀ।
ਕਿਸੇ ਦੀ ਸਮਝ ਦੇ ਵਿੱਚ, ਕੁੱਝ ਵੀ ਨਾ ਆਇਆ ਸੀ।
ਪੁਸਤਕ ਨੂੰ ਕੱਟਕੇ ਵਿੱਚੋਂ, ਪਿਸਟਲ ਟਿਕਾਇਆ ਸੀ।
ਕੈਕਸਟਨ ਹਾਲ ਦੇ ਵਿੱਚ, ਆਖਿਆ ਵੰਗਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ ‘ਤਾਰਤਾ..
ਪੁਸਤਕ ਦੇ ਵਿੱਚੋਂ ਯੋਧੇ, ਪਿਸਟਲ ਜਦ ਕੱਢਿਆ ਸੀ।
ਪਾਪੀ ਨੂੰ ਪਾਰ ਬੁਲਾਤਾ, ਜਿਉਂਦਾ ਨਾ ਛੱਡਿਆ ਸੀ।
ਦੇਖਕੇ ਪੁਲਿਸ ਵਾਲਿਆਂ, ਰਹਿ ਗਿਆ ਮੂੰਹ ਅੱਡਿਆ ਸੀ।
ਕਾਰਜ ਸੀ ਕਰਤਾ ਪੂਰਾ, ਆਇਆ ਸੀ ਜੋ ਧਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ ਉਤਾਰਿਆ…
ਛੇ ਦੀਆਂ ਛੇ ਗੋਲੀਆਂ, ਛਾਤੀ ਵਿੱਚ ਜੜੀਆਂ ਸੀ।
ਗੋਰਿਆ ਵਿੱਚ ਭਾਜੜ ਪੈ ਗਈ, ਮੁਸਕਿਲ ਦੀਆਂ ਘੜੀਆਂ ਸੀ।
ਪਾਪੀ ਦਾ ਕੰਮ ਮੁਕਾਤਾ, ਕਰਦਾ ਜੋ ਅੜੀਆਂ ਸੀ।
ਊਧਮ ਸਿੰਘ ਨਾਮ ਹੈ ਮੇਰਾ,ਆਖਿਆ ਪੁਕਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ ‘ਤਾਰਤਾ..
ਫੜ੍ਹਨਾ ਜੇ ਫੜ ਲਓ ਮੈਨੂੰ, ਸੂਰਾ ਲਲਕਾਰਦਾ।
ਆਇਆ ਪੰਜਾਬੋਂ ਚੱਲਕੇ, ਪੁੱਤਰ ਸਰਦਾਰ ਦਾ।
ਅਣਖੀ ਜੋ ਹੁੰਦਾ ਜ਼ਿੰਦਗੀ, ਧਰਮ ਤੋਂ ਵਾਰਦਾ।
ਛਾਤੀ ਵਿੱਚ ਬਲ਼ਦੀ ਅਗਨੀ, ਖੜ੍ਹਾ ਹਾਂ ਠਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ ‘ਤਾਰਤਾ..
ਛੇੜਿਆ ਜੋ ਘੋਲ ਅਜ਼ਾਦੀ, ਸੂਰਮਿਆਂ ਲੜਨਾ ਏਂ।
ਬਲ਼ਦੀ ਪਈ ਸਮਾਂ ਦੇਖਕੇ, ਪਰਵਾਨਿਆਂ ਸੜਨਾ ਏਂ।
ਫਾਂਸੀ ਦੇ ਫੱਟਿਆਂ ਉੱਤੇ, ਹਸ ਹਸ ਕੇ ਚੜ੍ਹਨਾ ਏ।
ਕਿੰਨਾਂ ਚਿਰ ਹੋਰ ਜਿਊਣਗੇ, ਜ਼ੁਲਮ ਸਹਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਤੋਂ ਜ਼ਿੰਦ ਵਾਰਤੀ….
ਆਸ਼ਕ ਅਜ਼ਾਦੀ ਦਾ ਹਾਂ, ਰੂਹ ਅਜੇ
ਕੁਆਰੀ ਏ।
ਦਿਲ ਦੇ ਵਿੱਚ ਵਤਨ ਪਿਆਰ ਦੀ, ਚੜ੍ਹੀ ਖੁਮਾਰੀ ਏ।
ਸਾਕੇ ਜੋ ਜਲ੍ਹਿਆਂ ਵਾਲੇ ਦੀ, ਭਾਜੀ ਮੈਂ ‘ਤਾਰੀ ਏ।
‘ਸੈਦੋਕੇ’ ਬਾਜੀ ਜਿੱਤ ਲਈ, ਜ਼ਿਦਗੀ ਨੂੰ ਹਾਰ ਕੇ।
ਸੂਰਮੇ ਲੈ ਲਿਆ ਬਦਲਾ, ਉਡਵਾਇਰ ਨੂੰ ਮਾਰ ਕੇ।
ਦੇਸ਼ ਦਾ ਕਰਜ਼ ‘ਤਾਰਤਾ….
~~~~~~~~~~
*ਕੁਲਵੰਤ ਸੈਦੋਕੇ
ਪਟਿਆਲਾ,
ਮੋ: 7889172043