ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਗੋਲਡਰਜ਼ ਗ੍ਰੀਨ ਖੇਤਰ ਵਿੱਚ ਯਹੂਦੀ ਭਾਈਚਾਰੇ ਨਾਲ ਸੰਬੰਧਤ ਚੈਰਿਟੀ ਐਂਬੂਲੈਂਸ ਸੇਵਾ ਹਤਜ਼ੋਲਾ ਦੀਆਂ ਚਾਰ ਐਂਬੂਲੈਂਸਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। ਪੁਲਿਸ ਵੱਲੋਂ ਇਸ ਘਟਨਾ ਨੂੰ ਯਹੂਦੀ ਵਿਰੋਧੀ ਨਫ਼ਰਤੀ ਹਮਲਾ ਮੰਨਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਘਟਨਾ ਸਵੇਰੇ ਤੜਕੇ ਵਾਪਰੀ, ਜਿਸ ਨਾਲ ਇਲਾਕੇ ਵਿੱਚ ਰਹਿੰਦੇ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ। ਫਾਇਰ ਬ੍ਰਿਗੇਡ ਨੂੰ ਸਵੇਰੇ ਕਰੀਬ 1:40 ਵਜੇ ਹਾਈਫ਼ੀਲਡ ਰੋਡ ’ਤੇ ਅੱਗ ਲੱਗਣ ਦੀ ਸੂਚਨਾ ਮਿਲੀ। ਮੌਕੇ ’ਤੇ ਪਹੁੰਚੇ ਅੱਗ ਬੁਝਾਉ ਕਰਮਚਾਰੀਆਂ ਨੇ ਦੱਸਿਆ ਕਿ ਚਾਰ ਐਂਬੂਲੈਂਸਾਂ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਸਨ। ਅੱਗ ਦੌਰਾਨ ਐਂਬੂਲੈਂਸਾਂ ਵਿੱਚ ਮੌਜੂਦ ਕਈ ਗੈਸ ਸਿਲੰਡਰ ਫਟ ਗਏ, ਜਿਸ ਨਾਲ ਨੇੜਲੇ ਰਿਹਾਇਸ਼ੀ ਫਲੈਟਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ ਅਤੇ ਇਲਾਕੇ ਵਿੱਚ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਸੁਰੱਖਿਆ ਦੇ ਮੱਦੇਨਜ਼ਰ ਆਸਪਾਸ ਦੇ ਘਰਾਂ ਵਿੱਚ ਰਹਿੰਦੇ ਕਰੀਬ 30 ਲੋਕਾਂ ਨੂੰ ਤੁਰੰਤ ਬਾਹਰ ਕੱਢ ਕੇ ਨੇੜਲੇ ਸ਼ੈਲਟਰਾਂ ਵਿੱਚ ਪਹੁੰਚਾਇਆ ਗਿਆ। ਅੱਗ ’ਤੇ ਕਾਬੂ ਪਾਉਣ ਲਈ ਛੇ ਫਾਇਰ ਇੰਜਣ ਅਤੇ ਕਰੀਬ 40 ਅੱਗ ਬੁਝਾਉ ਕਰਮਚਾਰੀ ਮੌਕੇ ’ਤੇ ਤੈਨਾਤ ਕੀਤੇ ਗਏ। ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ਨੂੰ ਕਾਬੂ ਵਿੱਚ ਲਿਆ ਗਿਆ, ਪਰ ਤਦ ਤੱਕ ਚਾਰਾਂ ਐਂਬੂਲੈਂਸਾਂ ਪੂਰੀ ਤਰ੍ਹਾਂ ਸੜ ਕੇ ਨਸ਼ਟ ਹੋ ਚੁੱਕੀਆਂ ਸਨ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੌਕੇ ’ਤੇ ਫੋਰੈਂਸਿਕ ਟੀਮਾਂ ਨੂੰ ਵੀ ਬੁਲਾਇਆ ਗਿਆ ਹੈ। ਸੀਸੀਟੀਵੀ ਕੈਮਰਿਆਂ ਵਿੱਚ ਤਿੰਨ ਸ਼ੱਕੀ ਵਿਅਕਤੀ ਐਂਬੂਲੈਂਸਾਂ ਦੇ ਨੇੜੇ ਜਾਂਦੇ ਅਤੇ ਉਨ੍ਹਾਂ ਨੂੰ ਅੱਗ ਲਗਾਉਂਦੇ ਦਿਖਾਈ ਦੇ ਰਹੇ ਹਨ। ਪੁਲਿਸ ਦੇ ਅਨੁਸਾਰ ਇਹ ਹਮਲਾ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਲੱਗਦਾ ਹੈ ਅਤੇ ਦੋਸ਼ੀਆਂ ਦੀ ਪਹਿਚਾਣ ਕਰਨ ਲਈ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਸ ਘਟਨਾ ਦੀ ਦੇਸ਼ ਭਰ ਵਿੱਚ ਕੜੀ ਨਿੰਦਾ ਕੀਤੀ ਜਾ ਰਹੀ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਨੇ ਇਸ ਹਮਲੇ ਨੂੰ “ਬਹੁਤ ਹੀ ਭਿਆਨਕ ਅਤੇ ਹੈਰਾਨ ਕਰਨ ਵਾਲਾ ਯਹੂਦੀ ਵਿਰੋਧੀ ਹਮਲਾ” ਦੱਸਦਿਆਂ ਕਿਹਾ ਕਿ ਬਰਤਾਨੀਆ ਦੇ ਸਮਾਜ ਵਿੱਚ ਇਸ ਤਰ੍ਹਾਂ ਦੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਸਭ ਨੂੰ ਇਕੱਠੇ ਖੜ੍ਹ ਕੇ ਨਫ਼ਰਤ ਅਤੇ ਹਿੰਸਾ ਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕੋਲ ਵੀ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਉਹ ਤੁਰੰਤ ਪੁਲਿਸ ਨਾਲ ਸਾਂਝੀ ਕਰੇ। ਸਿਹਤ ਮੰਤਰੀ ਵੇਸ ਸਟ੍ਰੀਟਿੰਗ ਨੇ ਵੀ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ
ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਯਹੂਦੀ ਭਾਈਚਾਰੇ ਵਿੱਚ ਡਰ ਪੈਦਾ ਕਰਨ ਦੀ ਕੋਸ਼ਿਸ਼ ਹੈ, ਪਰ ਭਾਈਚਾਰਾ ਇਸ ਤਰ੍ਹਾਂ ਦੇ ਹਮਲਿਆਂ ਨਾਲ ਡਰਣ ਵਾਲਾ ਨਹੀਂ। ਉਨ੍ਹਾਂ ਨੇ ਐਲਾਨ ਕੀਤਾ ਕਿ ਹਤਜ਼ੋਲਾ ਸੇਵਾ ਲਈ ਤੁਰੰਤ ਤੌਰ ’ਤੇ ਚਾਰ ਨਵੀਆਂ ਐਂਬੂਲੈਂਸਾਂ ਉਧਾਰ ’ਤੇ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਾ ਹੋਣ। ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਅੱਗ ਲੱਗਣ ਵੇਲੇ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਨਾਲ ਉਹ ਨੀਂਦ ਤੋਂ ਜਾਗ ਪਏ ਅਤੇ ਗਲੀਆਂ ਵਿੱਚ ਅੱਗ ਦੀਆਂ ਲਪਟਾਂ ਅਤੇ ਧੂੰਆਂ ਫੈਲਿਆ ਹੋਇਆ ਸੀ। ਕਈ ਲੋਕਾਂ ਨੇ ਇਸ ਘਟਨਾ ਨੂੰ ਬਹੁਤ ਹੀ ਡਰਾਉਣਾ ਦੱਸਦਿਆਂ ਕਿਹਾ ਕਿ ਐਂਬੂਲੈਂਸਾਂ ਜਿਹੀਆਂ ਜ਼ਿੰਦਗੀਆਂ ਬਚਾਉਣ ਵਾਲੀਆਂ ਸੇਵਾਵਾਂ ਨੂੰ ਨਿਸ਼ਾਨਾ ਬਣਾਉਣਾ ਬਹੁਤ ਹੀ ਦੁਖਦਾਈ ਹੈ। ਦੱਸਣਯੋਗ ਹੈ ਕਿ ਹਤਜ਼ੋਲਾ ਇੱਕ ਗੈਰ-ਮੁਨਾਫ਼ਾ ਵਲੰਟੀਅਰ ਐਂਬੂਲੈਂਸ ਸੇਵਾ ਹੈ ਜੋ 1979 ਵਿੱਚ ਸ਼ੁਰੂ ਕੀਤੀ ਗਈ ਸੀ। ਇਹ ਸੇਵਾ ਦੇ ਇਲਾਕੇ ਵਿੱਚ ਰਹਿੰਦੇ ਲੋਕਾਂ ਨੂੰ ਮੁਫ਼ਤ ਐਮਰਜੈਂਸੀ ਮੈਡੀਕਲ ਮਦਦ ਪ੍ਰਦਾਨ ਕਰਦੀ ਹੈ ਅਤੇ ਹਰ ਸਾਲ ਹਜ਼ਾਰਾਂ ਐਮਰਜੈਂਸੀ ਕਾਲਾਂ ਦਾ ਜਵਾਬ ਦਿੰਦੀ ਹੈ। ਇਸ ਸੇਵਾ ਦਾ ਉਦੇਸ਼ ਸਿਰਫ਼ ਯਹੂਦੀ ਭਾਈਚਾਰੇ ਹੀ ਨਹੀਂ, ਸਗੋਂ ਹਰ ਧਰਮ ਅਤੇ ਭਾਈਚਾਰੇ ਦੇ ਲੋਕਾਂ ਦੀ ਜਾਨ ਬਚਾਉਣਾ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੇ ਇਸ ਘਟਨਾ ਨਾਲ ਸੰਬੰਧਿਤ ਕੋਈ ਸ਼ੱਕੀ ਗਤੀਵਿਧੀ ਦੇਖੀ ਹੋਵੇ ਜਾਂ ਉਸ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਤੁਰੰਤ ਅਧਿਕਾਰੀਆਂ ਨਾਲ ਸੰਪਰਕ ਕਰੇ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



