ਨਵੀਂ ਦਿੱਲੀ (ਸਮਾਜ ਵੀਕਲੀ):  ਲੁਧਿਆਣਾ ਦੀ ਅਦਾਲਤ ਵਿਚ ਪਿਛਲੇ ਸਾਲ ਹੋਏ ਬੰਬ ਧਮਾਕੇ ਦੇ ਮਾਮਲੇ ’ਚ ਲੋੜੀਂਦੇ ‘ਮੋਸਟ ਵਾਂਟੇਡ’ ਅਤਿਵਾਦੀ ਤੇ ਵਾਰਦਾਤ ਦੇ ਮੁੱਖ ਸਾਜ਼ਿਸ਼ਘਾੜੇ ਹਰਪ੍ਰੀਤ ਸਿੰਘ ਉਰਫ਼ ‘ਹੈਪੀ ਮਲੇਸ਼ੀਆ’ ਨੂੰ ਕੇਂਦਰੀ ਏਜੰਸੀ ਐੱਨਆਈਏ ਨੇ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਗ੍ਰਿਫ਼ਤਾਰ ਕੀਤੇ ਗਏ ਹੈਪੀ ਮਲੇਸ਼ੀਆ ਦੇ ਸਿਰ ’ਤੇ ਦਸ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਐੱਨਆਈਏ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਕੁਆਲਾਲੰਪੁਰ ਤੋਂ ਦਿੱਲੀ ਪੁੱਜਣ ’ਤੇ ਏਜੰਸੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਵਿਚ ਲੁਧਿਆਣਾ ਦੀਆਂ ਕਚਹਿਰੀਆਂ ਦੀ ਇਮਾਰਤ ਵਿਚ ਜ਼ੋਰਦਾਰ ਬੰਬ ਧਮਾਕਾ ਹੋਇਆ ਸੀ। ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਛੇ ਹੋਰ ਫੱਟੜ ਹੋ ਗਏ ਸਨ। ਇਸ ਮਾਮਲੇ ਵਿਚ ਲੁਧਿਆਣਾ ਪੁਲੀਸ ਨੇ 23 ਦਸੰਬਰ, 2021 ਵਿਚ ਕੇਸ ਦਰਜ ਕੀਤਾ ਸੀ।

ਐੱਨਆਈਏ ਨੇ 13 ਜਨਵਰੀ ਨੂੰ ਮੁੜ ਕੇਸ ਦਰਜ ਕੀਤਾ ਸੀ। ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਪਾਕਿਸਤਾਨ ਬੈਠੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਖ਼ੁਦ ਬਣੇ ਮੁਖੀ ਲਖਬੀਰ ਸਿੰਘ ਰੋਡੇ ਦਾ ਇਕ ਸਾਥੀ ਵੀ ਲੁਧਿਆਣਾ ਧਮਾਕੇ ਦੀ ਸਾਜ਼ਿਸ਼ ਘੜਨ ਵਿਚ ਸ਼ਾਮਲ ਹੈ। ਜਦਕਿ ਰੋਡੇ ਖ਼ੁਦ ਵੀ ਇਸ ਮਾਮਲੇ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰੋਡੇ ਦੀਆਂ ਹਦਾਇਤਾਂ ਉਤੇ ਕੰਮ ਕਰਦਿਆਂ ਹਰਪ੍ਰੀਤ ਸਿੰਘ ਨੇ ਧਮਾਕਾਖੇਜ਼ ਸਮੱਗਰੀ ਪਹੁੰਚਾਉਣ ਵਿਚ ਮਦਦ ਕੀਤੀ ਜੋ ਕਿ ਪਾਕਿਸਤਾਨ ਤੋਂ ਭਾਰਤ ਭੇਜੀ ਗਈ। ਇਸ ਨੂੰ ਮਗਰੋਂ ਲੁਧਿਆਣਾ ਧਮਾਕੇ ਵਿਚ ਵਰਤਿਆ ਗਿਆ। ਐੱਨਆਈਏ ਨੇ ਕਿਹਾ ਕਿ ਗ੍ਰਿਫ਼ਤਾਰ ਮੁਲਜ਼ਮ ਕਈ ਹੋਰ ਕੇਸਾਂ ਵਿਚ ਵੀ ਲੋੜੀਂਦਾ ਹੈ ਜਿਨ੍ਹਾਂ ਵਿਚ ਹਥਿਆਰਾਂ, ਧਮਾਕਾਖੇਜ਼ ਸਮੱਗਰੀ ਤੇ ਨਸ਼ਿਆਂ ਦੀ ਤਸਕਰੀ ਦੇ ਕੇਸ ਸ਼ਾਮਲ ਹਨ। ਇਸ ਤੋਂ ਪਹਿਲਾਂ ਐੱਨਆਈਏ ਨੇ ਹੈਪੀ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਵਾ ਕੇ ਲੁਕਆਊਟ ਨੋਟਿਸ ਕਢਵਾਇਆ ਸੀ। ਇਸ ਮਾਮਲੇ ਵਿਚ ਏਜੰਸੀ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAfghans marrying off young daughters to avoid forced marriages with Taliban
Next articleNew Zealand’s rising import prices drive increase in trade deficit