ਅੰਮ੍ਰਿਤਸਰ (ਸਮਾਜ ਵੀਕਲੀ): ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਮੌਕੇ ਅੱਜ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਧਰਮ ਪਰਿਵਰਤਨ ਦਾ ਮਾਮਲਾ ਉਭਾਰਦਿਆਂ ਸਰਕਾਰ ਤੋਂ ਇਸ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਸ਼ਹੀਦੀ ਪੁਰਬ ਮੌਕੇ ਸਿੱਖ ਕੌਮ ਲਈ ਸੰਦੇਸ਼ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਜਬਰੀ ਧਰਮ ਪਰਿਵਰਤਨ ਖ਼ਿਲਾਫ਼ ਦਿੱਤੀ ਸੀ। ਉਸ ਵੇਲੇ ਮੁਗਲ ਸਰਕਾਰ ਵੱਲੋਂ ਹਿੰਦੂਆਂ ਦਾ ਜਬਰੀ ਧਰਮ ਤਬਦੀਲ ਕੀਤਾ ਜਾ ਰਿਹਾ ਸੀ। ਉਹ ਇਸ ਜ਼ੁਲਮ ਖ਼ਿਲਾਫ਼ ਖੜ੍ਹੇ ਹੋਏ ਅਤੇ ਮਜਲੂਮਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਧਰਮ ਬਚਾਉਣ ਲਈ ਉਨ੍ਹਾਂ ਆਪਣੀ ਲਾਸਾਨੀ ਸ਼ਹਾਦਤ ਦਿੱਤੀ।
ਉਨ੍ਹਾਂ ਕਿਹਾ ਕਿ ਮੁਗਲੀਆ ਕਾਲ ਵਿੱਚ ਜਬਰੀ ਧਰਮ ਤਬਦੀਲ ਕੀਤਾ ਜਾ ਰਿਹਾ ਸੀ ਅਤੇ ਅੱਜ ਵੱਖ-ਵੱਖ ਤਰ੍ਹਾਂ ਦੇ ਲਾਲਚ ਦੇ ਕੇ ਅਤੇ ਭਰਮਾ ਕੇ ਅਜਿਹਾ ਕੀਤਾ ਜਾ ਰਿਹਾ ਹੈ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਧਰਮ ਤਬਦੀਲ ਕਰਨ ਦੇ ਜਿਨ੍ਹਾਂ ਖ਼ਿਲਾਫ਼ ਦੋਸ਼ ਲੱਗ ਰਹੇ ਹਨ, ਉਨ੍ਹਾਂ ’ਚੋਂ ਕੁਝ ਧਿਰਾਂ ਦੇ ਇਸਾਈ ਆਗੂ ਉਨ੍ਹਾਂ ਨੂੰ ਮਿਲੇ ਵੀ ਹਨ। ਉਨ੍ਹਾਂ ਨਾਲ ਇਸ ਬਾਰੇ ਗੱਲਬਾਤ ਵੀ ਹੋਈ ਹੈ ਪਰ ਉਹ ਧਰਮ ਤਬਦੀਲ ਕਰਨ ਦੇ ਦੋਸ਼ਾਂ ਤੋਂ ਇਨਕਾਰੀ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਹੀ ਧਿਰ ਵਿਚ ਡੇਰਾਵਾਦ ਪਣਪ ਰਿਹਾ ਹੈ। ਉਹ ਧਰਮ ਤਬਦੀਲ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਇਸ ਮਾਮਲੇ ਦੀ ਉਚ ਪਧਰੀ ਜਾਂਚ ਹੋਵੇ ਤਾਂ ਪਤਾ ਲੱਗ ਸਕਦਾ ਹੈ ਕਿ ਇਸ ਪਿੱਛੇ ਕਿਹੜੀਆਂ ਤਾਕਤਾਂ ਹਨ ਅਤੇ ਉਨ੍ਹਾਂ ਦਾ ਮੰਤਵ ਕੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly