ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਪ੍ਰਵਾਸੀ ਭਾਰਤੀ ਹਮੇਸ਼ਾ ਹੀ ਵੱਧ ਚੜ੍ਹ ਕੇ ਅੱਗੇ ਆਏ – ਜੱਸੀ ਬੰਗਾ
ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਪ੍ਰਵਾਸੀ ਭਾਰਤੀ ਜੱਸੀ ਬੰਗਾ ਯੂਐਸਏ ਹੋਰ ਪ੍ਰਵਾਸੀ ਭਾਰਤੀਆਂ , ਸਰਬ ਨੌਜਵਾਨ ਸਭਾ ਅਤੇ ਸਰਬ ਨੌਜਵਾਨ ਵੈਲਫੇਅਰ ਸੋਸਾਇਟੀ (ਰਜਿ.) ਫਗਵਾੜਾ ਵਲੋਂ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਯੂ.ਕੇ, ਦੇ ਸਹਿਯੋਗ ਨਾਲ ਸਭਾ ਦੇ ਮੁੱਖ ਸਰਪ੍ਰਸਤ ਸਤਪਾਲ ਲਾਂਬਾ ਦੇ ਅਸ਼ੀਰਵਾਦ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ 34ਵੇਂ ਸਲਾਨਾ ਸਮਾਗਮ ਤਹਿਤ ਅੱਠ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਇਆ ਗਿਆ। ਇਸ ਵਿਆਹ ਸਮਾਗਮ ਵਿੱਚ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅਨੀਤਾ ਕੈਂਥ ਤੋਂ ਇਲਾਵਾ ਦਸੂਹਾ ਦੇ ਵਿਧਾਇਕ ਕਰਮਬੀਰ ਸਿੰਘ ਘੁੰਮਣ, ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਐੱਸ.ਸੀ. ਕਮਿਸ਼ਨ ਦੇ ਸਾਬਕਾ ਕੌਮੀ ਚੇਅਰਮੈਨ ਵਿਜੇ ਸਾਂਪਲਾ, ਉਦਯੋਗਪਤੀ ਕੇ. ਦੇ. ਸਰਦਾਨਾ, ਆਮ ਆਦਮੀ ਪਾਰਟੀ ਹਲਕਾ ਵਿਧਾਨ ਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ, ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਪਾਵਰਕਾਮ ਦੇ ਉਪ ਮੁੱਖ ਇੰਜੀਨੀਅਰ ਪਵਨ ਕੁਮਾਰ ਬੀਸਲਾ ਅਤੇ ਏ.ਡੀ.ਸੀ. ਫਗਵਾੜਾ ਅਨੁਪਮ ਕਲੇਰ ਵਿਸ਼ੇਸ਼ ਤੌਰ ’ਤੇ ਹਾਜ਼ਰ ਆਏ। ਸਮੂਹ ਪਤਵੰਤਿਆਂ ਨੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ।ਇਸ ਦੌਰਾਨ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਸੰਤ ਸਮਾਜ ਤੋਂ ਸੰਤ ਗੁਰਚਰਨ ਸਿੰਘ ਨਿਰਮਲ ਕੁਟੀਆ ਛੰਬ ਵਾਲੀ ਪੰਡਵਾ, ਸਾਈਂ ਪੱਪਲ ਸ਼ਾਹ ਭਰੋਮਜਾਰਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਤੋਂ ਇਲਾਵਾ ਪ੍ਰਵਾਸੀ ਭਾਰਤੀ ਸੁਰਿੰਦਰ ਮਹੇ ਯੂ.ਐਸ.ਏ., ਹਰਜਿੰਦਰ ਕੁਮਾਰ ਕੰਡਾ ਫਰਾਂਸ, ਵਿਪਨ ਚੁੰਬਰ ਅਮਰੀਕਾ, ਗੁਰਦੇਵ ਸਿੰਘ ਬੰਨਿੰਗ ਯੂ.ਕੇ ਅਤੇ ਬੈਲਜੀਅਮ ਤੋਂ ਪਲਵਿੰਦਰ ਕੌਰ ਭੋਗਲ ਨੇ ਵੀ ਆਪਣੀ ਵਿਸ਼ੇਸ਼ ਹਾਜ਼ਰੀ ਦਰਜ ਕਰਵਾ ਕੇ ਸਮਾਗਮ ਦੀ ਰੌਣਕ ਵਧਾਈ। ਨਵ ਵਿਆਹੇ ਜੋੜਿਆਂ ਨੂੰ ਸਰਟੀਫਿਕੇਟਾਂ ਤੋਂ ਇਲਾਵਾ ਸੁੰਦਰ ਤੋਹਫ਼ੇ, ਗਹਿਣੇ, ਸ਼ਗਨ ਅਤੇ ਘਰੇਲੂ ਸਮਾਨ ਭੇਂਟ ਕੀਤਾ ਗਿਆ। ਮੰਚ ਦਾ ਸੰਚਾਲਨ ਲੈਕਚਰਾਰ ਹਰਜਿੰਦਰ ਗੋਗਨਾ ਨੇ ਕੀਤਾ। ਸਮਾਜ ਸੇਵਕ ਜੱਸੀ ਬੰਗਾ ਨੇ ਇਨ੍ਹਾਂ ਸਮਾਜ ਸੇਵੀ ਅਤੇ ਧਰਮ ਪ੍ਰਚਾਰ ਦੇ ਕੰਮਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਅਤੇ ਪੰਜਾਬ ਦੀ ਵਿਰਾਸਤ ਮੁਤਾਬਕ ਸਾਨੂੰ ਇਸ ਤਰ੍ਹਾਂ ਦੇ ਕਾਰਜ ਵੱਧ ਤੋਂ ਵੱਧ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਪ੍ਰਵਾਸੀ ਭਾਰਤੀ ਹਮੇਸ਼ਾ ਹੀ ਵੱਧ ਚੜ੍ਹਕੇ ਅੱਗੇ ਆਏ ਹਨ ਅਤੇ ਭਵਿੱਖ ਵਿਚ ਵੀ ਇਨ੍ਹਾਂ ਕਾਰਜਾਂ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly