ਸਾਡਾ ਉਦੇਸ਼ ਬੱਚਿਆਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਉਭਾਰਨਾ ਤੇ ਨਿਖਾਰਨਾ-ਨਾਨਕਪੁਰ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸਹੋਦਿਆ ਇੰਟਰ ਸਕੂਲ ਕਪੂਰਥਲਾ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਸਹੋਦਿਆ ਨਾਲ ਸੰਬੰਧਿਤ ਸੀ ਬੀ ਐੱਸ ਈ ਦੇ 28 ਸਕੂਲਾਂ ਨੇ ਭਾਗ ਲਿਆ। ਇਸ ਦੌਰਾਨ ਅਕੈਡਮਿਕ ਸੈਸ਼ਨ 2021-22 ਵਿੱਚ ਇੰਟਰ ਸਕੂਲ ਸੋਲੋ ਡਾਂਸ ਮੁਕਾਬਲੇ ਦੌਰਾਨ ਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਜਮਾਤ ਦੇ ਨੌਵੀਂ ਦੇ ਵਿਦਿਆਰਥੀ ਜਸਕਰਨ ਸਿੰਘ ਨੇ ਬੜੇ ਉਤਸ਼ਾਹਪੂਰਵਕ ਭਾਗ ਲੈ ਕੇ ਸੈਕਿੰਡ ਰਨਰਅੱਪ ਦਾ ਸਥਾਨ ਹਾਸਲ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਕਮਲਜੀਤ ਕੌਰ ਨੇ ਦੱਸਿਆ ਕਿ ਜਸਕਰਨ ਸਿੰਘ ਜੋ ਕਿ ਪਹਿਲਾਂ ਹੀ ਜੀ ਡੀ ਗੋਇਨਕਾ ਇੰਟਰ ਸਕੂਲ ਦੇ ਮੁਕਾਬਲਿਆਂ ਵਿੱਚ ਵੀ ਭਾਗ ਲੈ ਚੁੱਕਾ ਹੈ। ਜਸਕਰਨ ਨੇ ਬਹੁਤ ਹੀ ਆਤਮ ਵਿਸ਼ਵਾਸ ਨਾਲ ਪੂਰਨ ਸੋਲੋ ਵੈਸਟਰਨ ਡਾਂਸ ਵਿੱਚ ਪ੍ਰਦਰਸ਼ਨ ਕੀਤਾ ਜੋ ਕਿ ਸਕੂਲ ਦੇ ਵੈਸਟਰਨ ਡਾਂਸ ਤੇ ਮਾਹਿਰ ਅਧਿਆਪਕ ਰਿਤਿਕ ਖੱਤਰੀ ਦੁਆਰਾ ਤਿਆਰ ਕਰਵਾਇਆ ਗਿਆ ਸੀ।
ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਨਾਨਕਪੁਰ ਅਤੇ ਸਕੂਲ ਪ੍ਰਿੰਸੀਪਲ ਕੰਵਲਜੀਤ ਕੌਰ ਨੇ ਵਿਦਿਆਰਥੀ ਜਸਕਰਨ ਨੂੰ ਅਤੇ ਉਸ ਦੇ ਮਾਤਾ ਪਿਤਾ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ, ਅਤੇ ਕਿਹਾ ਕਿ ਸਾਡਾ ਉਦੇਸ਼ ਬੱਚਿਆਂ ਵਿੱਚ ਛੁਪੀ ਹੋਈ ਪ੍ਰਤਿਭਾ ਨੂੰ ਉਭਾਰਨਾ ਤੇ ਨਿਖਾਰਨਾ ਹੈ ਤਾਂ ਕਿ ਭਵਿੱਖ ਵਿੱਚ ਕਿਸੇ ਵੀ ਖੇਤਰ ਵਿੱਚ ਉਹ ਪਿੱਛੇ ਨਾ ਰਹਿਣ ਅੰਤ ਵਿੱਚ ਸਰਦਾਰ ਸੁਖਦੇਵ ਸਿੰਘ ਨਾਨਕਪੁਰ ਨੇ ਬੱਚਿਆਂ ਨੂੰ ਇਸ ਤਰ੍ਹਾਂ ਆਪਣੀ ਪ੍ਰਤਿਭਾ ਨੂੰ ਨਿਖਾਰਦੇ ਹੋਏ ਆਪਣੇ ਸਕੂਲ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਵੀ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly