
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਜਰਖੜ ਖੇਡਾਂ ਦੇ ਕੜੀ ਦਾ ਹਿੱਸਾ 15ਵਾਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 10 ਮਈ ਤੋਂ 2 ਜੂਨ ਤੱਕ ਜਰਖੜ ਸਟੇਡੀਅਮ ਵਿਖੇ ਹੋਵੇਗਾ । ਇਸ ਫੈਸਟੀਵਲ ਦੇ ਹਾਕੀ ਮੁਕਾਬਲੇ ਹਫਤਾਵਰੀ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਖੇਡੇ ਜਾਣਗੇ । 10 ਮਈ ਨੂੰ ਟੂਰਨਾਮੈਂਟ ਦਾ ਉਦਘਾਟਨੀ ਸਮਾਰੋਹ ਹੋਵੇਗਾ । ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਅਤੇ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਓਲੰਪੀਅਨ ਪ੍ਰਿਥੀਪਾਲ ਹਾਕੀ ਫੈਸਟੀਵਲ ਦੇ ਵਿੱਚ ਸੀਨੀਅਰ ਵਰਗ ਦੇ ਵਿੱਚ 8 ਟੀਮਾਂ ਜਦਕਿ ਜੂਨੀਅਰ ਵਰਗ (1-1-2011 ਤੋਂ ਬਾਅਦ ਦੇ ਜਨਮੇ ਖਿਡਾਰੀ ) ਦੀਆਂ 12 ਟੀਮਾਂ ਹਿੱਸਾ ਲੈਣਗੀਆਂ । ਟੂਰਨਾਮੈਂਟ ਲੀਗ ਕਮ ਨਾਕ ਆਉਟ ਦੇ ਅਧਾਰ ਤੇ ਖੇਡਿਆ ਜਾਵੇਗਾ। ਸੀਨੀਅਰ ਵਰਗ ਦੀ ਚੈਂਪੀਅਨ ਟੀਮ ਨੂੰ 60 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ, ਓਲੰਪੀਅਨ ਪ੍ਰਿਥੀਪਾਲ ਸਿੰਘ ਰਨਿੰਗ ਹਾਕੀ ਟਰਾਫੀ ਅਤੇ ਸਰਵੋਤਮ ਖਿਡਾਰੀਆਂ ਨੂੰ ਟਾਪ ਕਲਾਸ ਸਾਈਕਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ । ਜਦ ਕਿ ਉਪ ਜੇਤੂ ਟੀਮ ਨੂੰ 40 ਹਜਾਰ ਰੁਪਏ ਦੀ ਇਨਾਮੀ ਰਾਸ਼ੀ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਟੀਮ ਨੂੰ 20 ਹਜਾਰ ਰੁਪਏ, ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 15 ਹਜ਼ਾਰ ਨਾਲ ਸਨਮਾਨਤ ਕੀਤਾ ਜਾਵੇਗਾ । ਇਸ ਤੋਂ ਇਲਾਵਾ ਕੁਆਰਟਰ ਫਾਈਨਲ ਵਿੱਚ ਪੁੱਜਣ ਵਾਲੀਆਂ ਟੀਮਾਂ ਨੂੰ 6-6 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ । ਸੀਨੀਅਰ ਟੀਮਾਂ ਦੀ ਐਂਟਰੀ ਫੀਸ ਪ੍ਰਤੀ ਟੀਮ 3000 ਹੋਵੇਗੀ। ਸਬ ਜੂਨੀਅਰ ਵਰਗ ਦੀ ਜੇਤੂ ਟੀਮ ਨੂੰ ਜੇਤੂ ਰੰਨਿੰਗ ਟਰਾਫੀ ਅਤੇ 21000 ਰੁਪਏ ਦੀ ਇਨਾਮੀ ਰਾਸ਼ੀ, ਉਪ ਜੇਤੂ ਟੀਮ ਨੂੰ 15 ਹਜਾਰ, ਤੀਸਰੇ ਨੰਬਰ ਤੇ ਆਉਣ ਵਾਲੇ ਟਾਈਮ ਨੂੰ 10 ਹਜ਼ਾਰ,ਅਤੇ ਚੌਥੇ ਨੰਬਰ ਤੇ ਆਉਣ ਵਾਲੀ ਟੀਮ ਨੂੰ 8 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਟੂਰਨਾਂਮੈਂਟ ਦਾ ਮੁੱਖ ਮਕਸਦ ਸੀਨੀਅਰ ਖਿਡਾਰੀਆਂ ਨੂੰ ਹਾਕੀ ਨਾਲ ਜੋੜ ਕੇ ਰੱਖਣਾ ਜਦਕਿ ਜੂਨੀਅਰ ਬੱਚੇ ਨੂੰ ਹਾਕੀ ਪ੍ਰਤੀ ਪ੍ਰੇਰਿਤ ਕਰਨਾ ਹੈ । ਇਹ ਲੀਗ ਇਕ ਮਹੀਨੇ ਦੇ ਕਰੀਬ ਚੱਲੇਗੀ। ਇਸ ਮੌਕੇ ਰਾਜਨੀਤਿਕ ਅਤੇ ਖੇਡ ਜਗਤ ਦੀਆਂ ਉੱਘੀਆਂ ਸ਼ਖਸੀਅਤਾਂ ਵਿਸ਼ੇਸ਼ ਤੌਰ ਤੇ ਵੱਖ-ਵੱਖ ਮੈਚਾਂ ਦੌਰਾਨ ਸਿਰਕਤ ਕਰਨਗੀਆਂ। ਟੂਰਨਾਂਮੈਂਟ ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹ ਲਾਜਵਾਬ ਹੋਣਗੇ। ਟੀਮਾਂ ਦੀ ਐਂਟਰੀ 25 ਅਪ੍ਰੈਲ ਤੱਕ ਹੋਵੇਗੀ।