ਨਵੀਂ ਦਿੱਲ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ’ਚ ਸੁਰੱਖਿਆ ਹਾਲਾਤ ਅਤੇ ਉਥੇ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦੀ ਅੱਜ ਨਜ਼ਰਸਾਨੀ ਕੀਤੀ। ਅਫ਼ਗਾਨਿਸਤਾਨ ’ਚ ਤਾਲਿਬਾਨ ਵੱਲੋਂ ਅੰਤ੍ਰਿਮ ਸਰਕਾਰ ਦੇ ਐਲਾਨ ਕੀਤੇ ਜਾਣ ਦੇ ਦੋ ਦਿਨਾਂ ਮਗਰੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਇਹ ਮੀਟਿੰਗ ਹੋਈ ਹੈ। ਰਿਪੋਰਟਾਂ ਮੁਤਾਬਕ ਜੰਮੂ ਕਸ਼ਮੀਰ ’ਚ ਸਰਗਰਮ ਪਾਕਿਸਤਾਨ ਆਧਾਰਿਤ ਦਹਿਸ਼ਤੀ ਜਥੇਬੰਦੀਆਂ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਨੇ ਆਪਣੇ ਟਿਕਾਣੇ ਅਫ਼ਗਾਨਿਸਤਾਨ ’ਚ ਤਬਦੀਲ ਕਰ ਲਏ ਹਨ। ਕੇਂਦਰੀ ਗ੍ਰਹਿ ਮੰਤਰੀ ਨੇ ਸਰਹੱਦ ਪਾਰੋਂ ਘੁਸਪੈਠ ਰੋਕਣ ਅਤੇ ਜੰਮੂ ਕਸ਼ਮੀਰ ’ਚ ਸ਼ਾਂਤੀ ਬਹਾਲ ਰੱਖਣ ਲਈ ਉਠਾੲੇ ਗਏ ਕਦਮਾਂ ਦੀ ਨਜ਼ਰਸਾਨੀ ਵੀ ਕੀਤੀ।
ਬੈਠਕ ਦੌਰਾਨ ਜੰਮੂ ਕਸ਼ਮੀਰ ਦੇ ਲੈਫ਼ਟੀਨੈਂਟ ਗਵਰਨਰ ਮਨੋਜ ਸਿਨਹਾ, ਐੱਨਐੱਸਏ ਅਜੀਤ ਡੋਵਾਲ, ਥਲ ਸੈਨਾ ਮੁਖੀ ਐੱਮ ਐੱਮ ਨਰਵਾਣੇ, ਗ੍ਰਹਿ ਸਕੱਤਰ ਅਜੈ ਭੱਲਾ, ਖ਼ੁਫ਼ੀਆ ਬਿਊਰੋ ਦੇ ਡਾਇਰੈਕਟਰ ਅਰਵਿੰਦ ਕੁਮਾਰ, ਰਾਅ ਮੁਖੀ ਸਾਮੰਤ ਗੋਇਲ, ਬੀਐੱਸਐੱਫ ਦੇ ਡਾਇਰੈਕਟਰ ਜਨਰਲ ਪੰਕਜ ਸਿੰਘ ਅਤੇ ਸੀਆਰਪੀਐੱਫ ਦੇ ਮੁਖੀ ਕੁਲਦੀਪ ਸਿੰਘ ਨੇ ਹਾਜ਼ਰੀ ਭਰੀ। ਮੀਟਿੰਗ ਦੌਰਾਨ ਹੁਰੀਅਤ ਕਾਨਫਰੰਸ ਦੇ ਚੇਅਰਮੈਨ ਸੱਯਦ ਅਲੀ ਸ਼ਾਹ ਗਿਲਾਨੀ ਦੇ ਦੇਹਾਂਤ ਮਗਰੋਂ ਕਸ਼ਮੀਰ ਵਾਦੀ ’ਚ ਪੈਦਾ ਹੋਏ ਹਾਲਾਤ ਬਾਰੇ ਵੀ ਵਿਚਾਰ ਵਟਾਂਦਰਾ ਹੋਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly