ਜਲੰਧਰ, 5 ਅਗਸਤ
ਭਾਰਤੀ ਹਾਕੀ ਟੀਮ ਵਲੋਂ 41 ਸਾਲਾ ਬਾਅਦ ਕਾਂਸੇ ਦਾ ਮੈਡਲ ਜਿੱਤਣ ‘ਤੇ ਪਿੰਡ ਮਿਠਾਪੁਰ ਵਿੱਚ ਵਿਆਹ ਵਰਗਾ ਮਾਹੌਲ ਹੈ। ਇਸ ਪਿੰਡ ਦੇ ਤਿੰਨ ਖਿਡਾਰੀ ਇਸ ਮੈਚ ਵਿੱਚ ਖੇਡੇ ਸਨ, ਜਦ ਕਿ ਹਾਰਦਿਕ ਸਿੰਘ ਵੀ ਨੇੜਲੇ ਪਿੰਡ ਖੁਸਰੋਪੁਰ ਦਾ ਰਹਿਣ ਵਾਲਾ ਹੈ। ਭਾਰਤੀ ਹਾਕੀ ਟੀਮ ਵਿੱਚ ਚਾਰ ਖ਼ਿਡਾਰੀ ਜਲੰਧਰ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਵਿੱਚ ਤਿੰਨ ਖਿਡਾਰੀ ਮਿੱਠਾਪੁਰ ਦੇ ਹਨ, ਜਿਨ੍ਹਾਂ ਵਿੱਚ ਭਾਰਤੀ ਹਾਕੀ ਟੀਮ ਦਾ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਵਰੁਣ ਕੁਮਾਰ ਸ਼ਾਮਲ ਹਨ ਜਦਕਿ ਹਾਰਦਿਕ ਸਿੰਘ ਖੁਸਰੋਪੁਰ ਦਾ ਰਹਿਣ ਵਾਲਾ ਹੈ, ਜੋ ਪਿੰਡ ਸੰਸਾਰਪੁਰ ਦੇ ਬਿਲਕੁਲ ਨਾਲ ਲੱਗਦਾ ਹੈ।
ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦੀ ਮਾਤਾ ਮਨਜੀਤ ਕੌਰ, ਮਨਦੀਪ ਸਿੰਘ ਦੀ ਮਾਤਾ ਦਵਿੰਦਰਜੀਤ ਕੌਰ ਤੇ ਵਰੁਣ ਕੁਮਾਰ ਦੀ ਮਾਤਾ ਸ਼ਕੁੰਤਲਾ ਦੇਵੀ ਇਕੋ ਘਰ ਬੈਠੀਆਂ ਹੋਈਆਂ ਸਨ ਤੇ ਲੋਕਾਂ ਕੋਲੇ ਵਧਾਈਆਂ ਕਾਬੂਲ ਕਰ ਰਹੀਆ ਸਨ। ਘਰ ਵਿੱਚ ਢੋਲ ਵਜਾ ਕੇ ਜਸ਼ਨ ਮਨਾਇਆ ਜਾ ਰਿਹਾ ਸੀ ਸਾਰਿਆਂ ਦੇ ਚਿਹਰੇ ਖਿੜੇ ਹੋਏ ਸਨ। ਮਨਦੀਪ ਸਿੰਘ ਦੀ ਮਾਤਾ ਦਵਿੰਦਰਜੀਤ ਕੌਰ ਨੇ ਕਿਹਾ ਮੁੱਦਤਾਂ ਬਾਅਦ ਹਾਕੀ ਖਿਡਾਰੀਆਂ ਦੀ ਸਖਤ ਮਿਹਨਤ ਨੂੰ ਫਲ ਲੱਗਾ ਹੈ। ਟੋਕੀਓ ਤੋਂ ਮਨਦੀਪ ਸਿੰਘ ਨੇ ਵੀਡੀਓ ਕਾਲ ਕਰਕੇ ਮਿੱਠਾਪੁਰ ਘਰ ਵਿੱਚ ਮਨਾਏ ਜਾ ਰਹੇ ਜਸ਼ਨਾਂ ਨੂੰ ਦੇਖਿਆ। ਉਹ ਏਨਾ ਭਾਵੁਕ ਹੋ ਗਿਆ ਕਿ ਰੋਣੋਂ ਚੁੱਪ ਨਹੀਂ ਸੀ ਕਰ ਰਿਹਾ। ਪਿੰਡ ਮਿੱਠਾਪੁਰ ਪੁਰ ਦੇ ਲੋਕ ਵੀ ਮਨਪ੍ਰੀਤ ਸਿੰਘ ਦੀ ਮਾਤਾ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਵਾ ਰਹੇ ਸਨ।