ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਜ਼ਿਲ੍ਹਾ ਜਲੰਧਰ ਨੂੰ ਸਾਈਕਲਿੰਗ ਹੱਬ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਨੌਜਵਾਨਾਂ ਨੂੰ ਸਾਈਕਲਿੰਗ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਲੰਧਰ ਸਾਈਕਲਿੰਗ ਐਸੋਸੀਏਸ਼ਨ ਦੀ ਜੇ.ਡੀ. ਰਿਜ਼ਾਰਟ, ਭੋਗਪੁਰ ਵਿਖੇ ਹੋਈ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਕਾਹਲੋਂ ਨੇ ਕੀਤਾ। ਮੀਟਿੰਗ ਵਿੱਚ ਸਾਬਕਾ ਵੇਟ ਲਿਫਟਰ ਤੇ ਮੌਜੂਦਾ ਡੀ.ਐੱਸ. ਪੀ. ਇੰਦਰਜੀਤ ਸਿੰਘ ਉਚੇਚੇ ਤੌਰ ਉੱਤੇ ਸ਼ਾਮਲ ਹੋਏ। ਇਸ ਮੌਕੇ ਸ. ਕਾਹਲੋਂ ਨੇ ਕਿਹਾ ਕਿ ਜਲੰਧਰ ਸਾਈਕਲਿੰਗ ਐਸੋਸੀਏਸ਼ਨ ਦਾ ਗਠਨ ਹੀ ਜ਼ਿਲ੍ਹਾ ਤੇ ਬਲਾਕ ਪੱਧਰ ਉੱਤੇ ਖੇਡ ਸਾਈਕਲਿੰਗ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਵੱਖੋ ਵੱਖ ਖੇਡਾਂ ਸਬੰਧੀ ਬਹੁਤ ਉਤਸ਼ਾਹ ਹੈ ਪਰ ਢੁਕਵਾਂ ਮੰਚ ਨਾ ਮਿਲਣ ਕਾਰਨ ਖਿਡਾਰੀ ਅੱਗੇ ਆਉਣ ਵਿੱਚ ਅਸਫ਼ਲ ਰਹਿ ਜਾਂਦੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੀ ਐਸੋਸੀਏਸ਼ਨ ਵੱਲੋਂ ਪਿੰਡਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਸਾਈਕਲਿੰਗ ਨਾਲ ਜੋੜਿਆ ਜਾਵੇਗਾ ਤੇ ਬਹੁਤ ਜਲਦ ਜ਼ਿਲ੍ਹਾ ਪੱਧਰੀ ਸਾਈਕਲਿੰਗ ਮੁਕਾਬਲੇ ਕਰਵਾਏ ਜਾਣਗੇ।
ਇਸ ਮੌਕੇ ਸਾਬਕਾ ਵੇਟ ਲਿਫਟਰ ਤੇ ਡੀ.ਐੱਸ. ਪੀ. ਇੰਦਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਖੇਡਾਂ ਸਬੰਧੀ ਬਹੁਤ ਸਾਰੀਆਂ ਸਕੀਮਾਂ ਤੇ ਸੰਸਥਾਵਾਂ ਹਨ, ਪਰ ਉਹਨਾਂ ਬਾਰੇ ਜਾਣਕਾਰੀ ਨਾ ਹੋਣ ਕਾਰਨ ਖਿਡਾਰੀ ਉਹਨਾਂ ਸਕੀਮਾਂ ਤੇ ਸੰਸਥਾਵਾਂ ਦੇ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ।
ਜਲੰਧਰ ਸਾਈਕਲਿੰਗ ਐਸੋਸੀਏਸ਼ਨ ਖੇਡਾਂ ਦੇ ਘੇਰੇ ਨੂੰ ਵਸੀਹ ਕਰਨ ਲਈ ਜੋ ਉਪਰਾਲੇ ਕਰ ਰਹੀ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹਨ।
ਇਸ ਮੌਕੇ ਸਾਬਕਾ ਡੀ.ਐਸ.ਪੀ. ਸ. ਹਰਭਜਨ ਸਿੰਘ ਪਟਿਆਲਾ ਨੇ ਕਿਹਾ ਕਿ ਇਕ ਖੇਡ ਵਜੋਂ ਜਿੱਥੇ ਸਾਈਕਲਿੰਗ ਵਿੱਚ ਨੌਜਵਾਨਾਂ ਵਿੱਚ ਅਥਾਹ ਮੌਕੇ ਹਨ, ਉੱਥੇ ਇਕ ਇਨਸਾਨ ਲਈ ਵੀ ਰੋਜ਼ਾਨਾ ਸਾਈਕਲ ਚਲਾਉਣਾ ਲਾਹੇਵੰਦ ਹੈ। ਇਸ ਨਾਲ ਜਿੱਥੇ ਮਨੁੱਖ ਤੰਦਰੁਸਤ ਰਹਿੰਦਾ ਹੈ, ਉਥੇ ਵਾਤਾਵਰਨ ਦੀ ਸੰਭਾਲ ਵਿੱਚ ਵੀ ਯੋਗਦਾਨ ਪੈਂਦਾ ਹੈ। ਇਸ ਮੌਕੇ ਕੌਮਾਂਤਰੀ ਸਾਈਕਲਿਸਟ ਬਖ਼ਸ਼ੀਸ਼ ਸਿੰਘ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਲੱਗਣ ਤੋਂ ਬਾਅਦ ਮਹਿੰਗੇ ਇਲਾਜ ਕਰਵਾ ਕੇ ਡਾਕਟਰ ਦੀ ਸਲਾਹ ਨਾਲ ਸਾਈਕਲ ਚਲਾਉਣ ਤੋਂ ਚੰਗਾ ਹੈ ਕਿ ਪੰਜਾਬ ਦਾ ਹਰ ਇਕ ਬਾਸ਼ਿੰਦਾ ਵੇਲੇ ਸਿਰ ਸਾਈਕਲ ਚਲਾਉਣਾ ਸ਼ੁਰੂ ਕਰ ਦੇਵੇ। ਮੀਟਿੰਗ ਉਪਰੰਤ ਸਾਬਕਾ ਵੇਟ ਲਿਫਟਰ ਤੇ ਮੌਜੂਦਾ ਡੀ.ਐੱਸ. ਪੀ. ਇੰਦਰਜੀਤ ਸਿੰਘ ਵੱਲੋਂ ਖੇਡ ਖੇਤਰ ਤੇ ਸਮਾਜਕ ਖੇਤਰ ਵਿੱਚ ਪਾਏ ਯੋਗਦਾਨ ਲਈ
ਸਾਈਕਲਿੰਗ ਐਸੋਸੀਏਸ਼ਨ ਵੱਲੋਂ ਉਹਨਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਦੇ ਮੈਬਰ ਪਰਵਿੰਦਰ ਸਿੰਘ ਹੈਪੀ ਭੋਗਪੁਰ, ਪਰਗਟ ਸਿੰਘ, ਗੁਰਕਿਰਪਾਲ ਸਿੰਘ, ਬੰਤ ਸਿੰਘ, ਸਤਿੰਦਰਪਾਲ ਸਿੰਘ ਸਮੇਤ ਇਲਾਕੇ ਦੇ ਖੇਡ ਪ੍ਰੇਮੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly