ਲਜੁਬਜਾਨਾ (ਸਲੋਵੇਨੀਆ) (ਸਮਾਜ ਵੀਕਲੀ): ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਸਲੋਵੇਨੀਆ ਦੇ ਪ੍ਰਧਾਨ ਮੰਤਰੀ ਜਨੇਜ਼ ਜਨਸਾ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਤੇ ਯੂਰਪ ਦੀਆਂ ਚੁਣੌਤੀਆਂ, ਹਿੰਦ-ਪ੍ਰਸ਼ਾਂਤ ਅਤੇ ਅਫ਼ਗਾਨਿਸਤਾਨ ਦੇ ਆਲਮੀ ਪੱਧਰ ਦੇ ਮੁੱਦਿਆਂ ’ਤੇ ਚਰਚਾ ਕੀਤੀ। ਜੈਸ਼ੰਕਰ ਸਲੋਵੇਨੀਆ ਦੇ ਚਾਰ ਰੋਜ਼ਾ ਦੌਰੇ ’ਤੇ ਹਨ। ਜੈਸ਼ੰਕਰ ਨੇ ਅੱਜ ਟਵਿੱਟਰ ’ਤੇ ਲਿਖਿਆ,‘ਸਲੋਵੇਨੀਆ ਦੇ ਪ੍ਰਧਾਨ ਮੰਤਰੀ ਜਨੇਜ਼ ਜਨਸਾ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਿਆਰੀ ਵਿਚਾਰ-ਚਰਚਾ ਹੋਇਆ। ਮੈਂ ਉਨ੍ਹਾਂ ਦੀ ਯੂਰਪ ਨੂੰ ਚੁਣੌਤੀਆਂ ਸਣੇ ਅਹਿਮ ਆਲਮੀ ਮੁੱਦਿਆਂ ਬਾਰੇ ਸਮਝ ਤੇ ਦ੍ਰਿਸ਼ਟੀਕੋਣ ਦੀ ਪ੍ਰਸ਼ੰਸਾ ਕਰਦਾ ਹਾਂ।’ ਅੱਜ ਹੀ ਜੈਸ਼ੰਕਰ ਦੀ ਸਲੋਵੇਨੀਆ ਦੀ ਨੈਸ਼ਨਲ ਅਸੈਂਬਲੀ ਦੇ ਮੁਖੀ ਇਗੋਰ ਜ਼ੋਰਸਿਸ ਨਾਲ ਵੀ ਸੁਹਿਰਦ ਮੀਟਿੰਗ ਹੋਈ। ਇਨ੍ਹਾਂ ਨੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਅਤੇ ਸੰਸਦੀ ਆਦਾਨ ਪ੍ਰਦਾਨ ਵਧਾਉਣ ਅਤੇ ਲੋਕਾਂ ਦਾ ਲੋਕਾਂ ਨਾਲ ਰਾਬਤੇ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਇਸੇ ਦੌਰਾਨ ਉਨ੍ਹਾਂ ਨੋਵਾ ਯੂਨੀਵਰਸਿਟੀ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ।
ਜੈਸ਼ੰਕਰ ਨੇ ਇਕ ਹੋਰ ਟਵੀਟ ਕਰਦਿਆਂ ਕਿਹਾ, ‘ਨੋਵਾ ਯੂਨੀਵਰਸਿਟੀ ਵਿੱਚ ਇੰਡੀਆ ਸਟੱਡੀਜ਼ ਸੈਂਟਰ ਦਾ ਉਦਘਾਟਨ ਕਰਨ ਦਾ ਮੌਕਾ ਮਿਲਣ ’ਤੇ ਬਹੁਤ ਖੁਸ਼ੀ ਹੋਈ। ਮੈਨੂੰ ਯਕੀਨ ਹੈ ਕਿ ਇਹ ਸੈਂਟਰ ਭਾਰਤ-ਸਲੋਵੇਨੀਆ ਸਬੰਧਾਂ ਲਈ ਕਾਰਗਰ ਸਿੱਧ ਹੋਵੇਗਾ। ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਹਮੇਸ਼ਾਂ ਹੀ ਊਰਜਾ ਪ੍ਰਦਾਨ ਕਰਦੀ ਹੈ।’ ਵੀਰਵਾਰ ਨੂੰ ਭਾਤਰੀ ਵਿਦੇਸ਼ ਮੰਤਰੀ ਨੇ ਸਲੋਵੇਨੀਆ ਦੇ ਹਮਰੁਤਬਾ ਐਂਜ਼ੀ ਲੋਗਰ ਨਾਲ ਵੀ ਮੁਲਾਕਾਤ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly