ਜੈ ਜਵਾਨ ਜੈ ਕਿਸਾਨ ਫਿਜ਼ੀਕਲ ਟ੍ਰੇਨਿੰਗ ਅਕੈਡਮੀ ਨੇ ਮਨਾਇਆ ਸਥਾਪਨਾ ਦਿਵਸ

ਹੁਸ਼ਿਆਰਪੁਰ  (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਜੈ ਜਵਾਨ ਜੈ ਕਿਸਾਨ ਫਿਜ਼ੀਕਲ ਟ੍ਰੇਨਿੰਗ ਅਕੈਡਮੀ ਚੱਕ ਨੂਰ ਅਲੀ ਦੇ ਪੰਜਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਇਹ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਡਾ. ਸੰਜੀਵ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੂਜਾ ਅਰਚਨਾ ਉਪਰੰਤ ਅਕੈਡਮੀ ਦਾ ਝੰਡਾ ਫਹਰਾ ਕੇ ਸਮਾਰੋਹ ਦਾ ਆਗਾਜ਼ ਕੀਤਾ ਗਿਆ। ਟ੍ਰੇਨਰ ਨੀਰਜ ਡਡਵਾਲ ਨੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਅਕੈਡਮੀ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਅਕੈਡਮੀ ਦੇ ਵਿਦਿਆਰਥੀਆਂ ਨੇ ਫਿਜ਼ੀਕਲ ਫਿਟਨੈਸ ਸੰਬੰਧੀ ਵੱਖ-ਵੱਖ ਤਕਨੀਕਾਂ ਦੀ ਡੈਮੋ ਦਿੰਦੇ ਹੋਏ ਹਾਜ਼ਰੀਨ ਨੂੰ ਸ਼ਰੀਰਕ ਤੰਦਰੁਸਤੀ ਲਈ ਪ੍ਰੇਰਿਤ ਕੀਤਾ। ਟ੍ਰੇਨਰ ਨੀਰਜ ਡਡਵਾਲ ਨੇ ਅਕੈਡਮੀ ਦੇ ਅਨੁਸਾਸ਼ਨ ਅਤੇ ਇਥੋਂ ਦੇ ਵਿਦਿਆਰਥੀਆਂ ਦੀ ਫਿਟਨੈਸ ਦੀ ਰੋਜ਼ਾਨਾ ਰੂਟੀਨ ਬਾਰੇ ਜਾਣੂ ਕਰਵਾਇਆ। ਮੁੱਖ ਮਹਿਮਾਨ ਡਾ. ਸੰਜੀਵ ਸ਼ਰਮਾ ਨੇ ਵਿਦਿਆਰਥੀਆਂ ਅਤੇ ਹਾਜ਼ਰੀਨ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹੋ ਜਿਹੇ ਪਲੇਟਫਾਰਮ ਅੱਜਕੱਲ ਦੇ ਨੌਜਵਾਨਾਂ ਦੀ ਜਰੂਰਤ ਹੈ, ਉਨ੍ਹਾਂ ਕਿਹਾ ਕਿ ਕੰਡੀ ਖੇਤਰ ਦੇ ਇਸ ਇਲਾਕੇ ਅੰਦਰ ਜਿੱਥੇ ਭਾਰਤੀਯ ਸੈਨਾ ਵਿੱਚ ਸੇਵਾ ਨਿਭਾ ਚੁੱਕੇ ਸੈਨਿਕ ਭਰਾਵਾਂ ਦੀ ਤਦਾਤ ਕਾਫੀ ਰਹੀ ਹੈ ਅਤੇ ਵੱਖ ਵੱਖ ਆਹੁਦਿਆਂ ਤੇ ਡਿਊਟੀ ਨਿਭਾ ਕੇ ਇਨ੍ਹਾਂ ਫੋਜੀ ਵੀਰਾਂ ਨੇ ਦੇਸ਼ ਦੀ ਸੇਵਾ ਕੀਤੀ ਹੈ ਅਤੇ ਹੁਣ ਜੈ ਜਵਾਨ ਜੈ ਕਿਸਾਨ ਅਕੈਡਮੀ ਇਲਾਕੇ ਦੇ ਦਰਜਨਾਂ ਪਿੰਡਾਂ ਦੇ ਨੌਜਵਾਨਾਂ ਨੂੰ ਦੇਸ਼ ਦੀ ਸੇਵਾ ਲਈ ਤਿਆਰ ਕਰਨ ਲਈ ਅਹਿਮ ਭੂਮਿਕਾ ਨਿਭਾ ਸਕਦੀ ਹੈ ਅਤੇ ਇਲਾਕੇ ਦੇ ਨੌਜਵਾਨਾਂ ਨੂੰ ਆਪਣੀ ਫਿਟਨੈਸ ਲਈ ਇੱਥੇ ਆ ਕੇ ਇਨ੍ਹਾਂ ਦੇ ਮਾਰਗਦਰਸ਼ਨ ਦਾ ਫਾਇਦਾ ਲੈਣਾ ਚਾਹੀਦਾ ਹੈ। ਉਨ੍ਹਾਂ ਨੇ ਅਕੈਡਮੀ ਦੇ ਅਨੁਸਾਸ਼ਨ ਅਤੇ ਪ੍ਰਬੰਧਾਂ ਲਈ ਟ੍ਰੇਨਰ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਵੀ ਦਿੱਤੀ ਅਤੇ ਵਿਦਿਆਰਥੀਆਂ ਦੀ ਡਾਈਟ ਲਈ 11 ਹਜ਼ਾਰ ਦੀ ਰਾਸ਼ੀ ਦਾ ਸਹਿਯੋਗ ਵੀ ਦਿੱਤਾ। ਇਸ ਮੌਕੇ ਤੇ ਬਾਵਾ ਸਿੰਘ ਡਾਇਰੈਕਟਰ, ਬਲਦੇਵ ਸਿੰਘ ਡਡਵਾਲ, ਮੋਹਿਤ ਡਡਵਾਲ ਸਮਤੇ ਆਲੇ ਦੁਆਲੇ ਦੇ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੇ ਸ਼ਿਰਕਤ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਾ. ਅੰਬੇਡਕਰ ਨੇ ਜਗਾਈ ਸਮਾਜ ‘ਚ ਸਦਭਾਵਨਾ, ਸਮਾਨਤਾ ਤੇ ਸਮਾਜਿਕ ਨਿਆਂ ਦੀ ਅਲਖ – ਬ੍ਰਹਮ ਸ਼ੰਕਰ ਜਿੰਪਾ
Next articleਸਪੈਸ਼ਲ ਬੱਚਿਆਂ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਦੇ ਸਮਾਨ-ਸੰਜੀਵ ਵਾਸਲ