ਜ਼ਹੀਨ ਅਫਸਰ ਤੇ ਜ਼ਹੀਨ ਕਵੀ
–ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ)- ਸ ਗੁਰਵਿੰਦਰ ਸਿੰਘ ਜੌਹਲ ਜੀ ਪੰਜਾਬ ਦੇ ਨਾਮਵਰ ਸ਼ਾਇਰ ਹਨ। ਉਹਨਾਂ ਦਾ ਤਖੱਲਸ ਚਾਕ ਹੈ। ਉਹ ਗੁਰਵਿੰਦਰ ਚਾਕ ਦੇ ਨਾਮ ਨਾਲ ਲਿਖਦੇ ਹਨ। ਉਹ ਪੰਜਾਬ ਪ੍ਰਸ਼ਾਸਨਿਕ ਸੇਵਾਵਾਂ ਵਿੱਚ ਬਤੌਰ ਪੀਸੀਐਸ ਅਫਸਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਉਹਨਾਂ ਦਾ ਸਾਹਿਤ ਨਾਲ ਜੁੜਾਵ ਬਹੁਤ ਪਹਿਲਾਂ ਤੋਂ ਹੈ। ਸੁਣਿਆ ਤਾਂ ਇਹ ਵੀ ਹੈ ਉਹਨਾਂ ਬਾਰੇ ਕਿ ਉਹ ਛੇਵੀਂ ਸੱਤਵੀਂ ਤੋਂ ਹੀ ਕਵਿਤਾਵਾਂ ਲਿਖਣ ਲੱਗ ਪਏ ਸਨ। ਉਹ ਅਨੇਕਾਂ ਗੁਣਾਂ ਦੇ ਧਾਰਨੀ ਹਨ ਪਰ ਇੱਥੇ ਅਸੀਂ ਉਹਨਾਂ ਦੀ ਸਿਰਫ ਕਵਿਤਾ ਦੀ ਗੱਲ ਕਰਾਂਗੇ।
ਉਨਾਂ ਨੇ ਅਨੇਕਾਂ ਕਵਿਤਾਵਾਂ ਲਿਖੀਆਂ ਪਰ ਉਹਨਾਂ ਦੀ ਕਵਿਤਾ “ਵੰਡੀ” ਨੇ ਪੰਜਾਬੀ ਸਾਹਿਤ ਵਿੱਚ ਉਹਨਾਂ ਦੀ ਝੰਡੀ ਬੁਲੰਦ ਕਰ ਦਿੱਤੀ। ਇਹ ਪੰਜਾਬ ਦੇ ਇੱਕ ਘਰ ਦੀ ਵੰਡੀ ਤੋਂ ਸ਼ੁਰੂ ਹੋ ਕੇ ਦੇਸ਼ ਦੀ ਵੰਡੀ ਤੱਕ ਦਾ ਮਾਹੌਲ ਅੱਖਾਂ ਸਾਹਮਣੇ ਲੈ ਆਉਂਦੀ ਹੈ।
ਕਿੰਨੀ ਸੋਚ ਘਮੰਡੀ ਹੋਈ
ਦੋ ਭਾਈਆਂ ਵਿੱਚ ਵੰਡੀ ਹੋਈ
ਮੈਂ ਮੈਂ ਤੂੰ ਤੂੰ ਆਖਣ ਲੱਗੇ
ਇੱਕ ਦੂਜੇ ਨੂੰ ਆਖਣ ਲੱਗੇ
ਮੈਨੂੰ ਮਾੜਾ ਢੱਗਾ ਮਿਲਿਆ
ਉਹਨੂੰ ਬੌਲਦ ਬੱਗਾ ਮਿਲਿਆ
ਉਹਨੂੰ ਝੋਟੀ ਪੰਜ ਕਲਿਆਣੀ
ਮੈਨੂੰ, ਤੋਕੜ, ਫੰਡਰ ਕਾਣੀ
ਮੈਨੂੰ ਰੰਬਾ ਖੁੰਢਾ ਦਿੱਤਾ ਤੇ
ਕਹੀ ਦਿੱਤੀ ਉਹਨੂੰ ਚੰਢੀ ਹੋਈ
ਦੋ ਭਾਈਆਂ ਵਿੱਚ ਵੰਡੀ ਹੋਈ
ਇਸ ਕਵਿਤਾ ਵਿੱਚ ਤੁਹਾਡੇ ਸਾਹਮਣੇ ਪੰਜਾਬ ਦੇ ਕਿਸੇ ਵੀ ਘਰ ਦਾ ਦ੍ਰਿਸ਼ ਆ ਜਾਂਦਾ ਹੈ। ਤੁਸੀਂ ਇਸ ਵਰਤਾਰੇ ਨੂੰ ਪਿੰਡਾਂ ਵਿੱਚ ਆਮ ਦੇਖਿਆ ਹੋਵੇਗਾ। ਕਿਵੇਂ ਪਾਣੀ ਵੰਡਿਆ ਜਾਂਦਾ ਹੈ, ਕਿਵੇਂ ਜ਼ਮੀਨ ਵੰਡੀ ਜਾਂਦੀ ਹੈ ਤੇ ਕਿਵੇਂ ਸੰਦ ਵੰਡੇ ਜਾਂਦੇ ਹਨ।
ਪਰ ਇਸ ਕਵਿਤਾ ਨੂੰ ਅਸਲ ਗਹਿਰਾਈ ਤੱਕ ਪਹੁੰਚਾਉਂਦੇ ਹਨ ਜਦੋਂ ਉਹ ਦੇਸ਼ ਦੀ ਵੰਡ ਦੀ ਗੱਲ ਕਰਦੇ ਹਨ।
ਉਹ ‘ਆਜ਼ਾਦੀ’ ਨੂੰ ਵਹੁਟੀ ਕਹਿ ਕੇ ਸੰਬੋਧਿਤ ਕਰਦੇ ਹਨ।
ਚੰਗੀ ਵਹੁਟੀ ਸੁਹਰੇ ਆਈ
ਭਾਈਆਂ ਦੇ ਵਿੱਚ ਵੰਡੀ ਪਾਈ
ਨਿੱਕੀਆਂ ਬਾਤਾਂ ਮਸਲੇ ਬਣ ਗਏ
ਮਾਣ ਦੋਹਾਂ ਦਾ ਅਸਲੇ ਬਣ ਗਏ
ਇਹੀ ਤਾਂ ਹੋਇਆ ਹੈ। ਦੋਵੇਂ ਪੰਜਾਬ ਪਾਟੋਧਾੜ ਹੋਏ। ਅੱਜ ਉਹਨਾਂ ਵਿੱਚ ਨਿੱਕੇ-ਨਿੱਕੇ ਗੱਲਾਂ ਵੀ ਮਸਲੇ ਹਨ ਤੇ ਉਹਨਾਂ ਕੋਲ ਅਸਲੇ ਦਾ ਮਾਣ ਹੈ।
ਬਹੁਤ ਹੀ ਖੂਬਸੂਰਤੀ ਨਾਲ ਕਾਵਿਕ ਰੂਪ ਵਿੱਚ ਉਹ ਆਪਣੀ ਗੱਲ ਕਹਿੰਦੇ ਹਨ। ਇਸ ਵਿੱਚ ਉਹ ਧਰਮ ਦੀਆਂ ਪਾਈਆਂ ਵੰਡੀਆਂ ਦੀ ਗੱਲ ਵੀ ਕਰਦੇ ਹਨ।
ਕਵਿਤਾ ਦੇ ਅਖੀਰ ਵਿੱਚ ਉਹ ਪੰਜਾਬ ਲਈ ਦੁਆਵਾਂ ਮੰਗਦੇ ਹਨ। ਚੰਗੇ ਸ਼ਗਨ ਕਰਨ ਨੂੰ ਕਹਿੰਦੇ ਹਨ ਤਾਂ ਜੋ ਪੰਜਾਬ ਨੂੰ ਲੱਗੀ ਹਰ ਨਜ਼ਰ ਉੱਤਰ ਜਾਵੇ।
ਇਸ ਕਵਿਤਾ ਦਾ ਜਦੋਂ ਪਹਿਲੀ ਵਾਰ ਲਾਈਵ ਹੋਇਆ ਤਾਂ ਤਿੰਨ ਦਿਨਾਂ ਵਿੱਚ ਉਹਨਾਂ ਨੂੰ ਇਕ ਲੱਖ ਵਿਊ ਮਿਲੇ। ਜਿਸ ਵੀ ਕਿਸੇ ਸਾਹਿਤਿਕ ਪੇਜ ਤੇ ਇਸ ਕਵਿਤਾ ਨੂੰ ਸਾਂਝਾ ਕੀਤਾ ਗਿਆ ਤਾਂ ਹਜ਼ਾਰਾਂ ਹੀ ਸ਼ੇਅਰ ਹੋਏ।
ਇਸ ਕਵਿਤਾ ਨੇ ਉਨਾਂ ਪੰਜਾਬੀ ਸਾਹਿਤ ਵਿੱਚ ਅਮਰ ਕਰ ਦਿੱਤਾ ਹੈ।
ਇਸ ਦੇ ਨਾਲ ਉਹਨਾਂ ਦੀਆਂ ਗਜ਼ਲਾਂ ਤੇ ਨਜ਼ਮਾਂ ਸਾਰੀਆਂ ਹੀ ਸਾਹਿਤਿਕ ਪੈਮਾਨੇ ‘ਤੇ ਖਰੀਆਂ ਉਤਰਦੀਆਂ ਹਨ।
ਉਹ ਹਮੇਸ਼ਾ ਹੀ ਪੰਜਾਬ ਦੀ ਪਿੰਡਾਂ ਦੀ, ਆਮ ਲੋਕਾਂ ਦੀ ਗੱਲ ਕਰਦੇ ਹਨ। ਗੱਲ ਵੀ ਆਮ ਜਿਹੀ ਹੁੰਦੀ ਹੈ ਤੇ ਬਣ ਖਾਸ ਜਾਂਦੀ ਹੈ। ਉਹਨਾਂ ਦੇ ਸ਼ਬਦ ਉਹਨਾਂ ਦੀਆਂ ਤਸਬੀਹਾਂ ਬਿਲਕੁਲ ਨਵੀਆਂ ਹਨ। ਉਹ ਠੇਠ ਪੰਜਾਬੀ ਦੇ ਸ਼ਬਦ ਇਸਤੇਮਾਲ ਕਰਦੇ ਹਨ।
ਕਾਫੀ ਲੰਬੇ ਸਮੇਂ ਤੋਂ ਉਹ ਕਵਿਤਾ ਪੱਖੋਂ ਕੁਝ ਅਵੇਸਲੇ ਰਹੇ ਹਨ। ਹੁਣ ਫਿਰ ਇੱਕ ਵਾਰ ਉਸ ਸਾਹਿਤਿਕ ਤੌਰ ਤੇ ਉਭਰ ਕੇ ਆਏ ਹਨ। ਉਨਾਂ ਦੀਆਂ ਰਚਨਾਵਾਂ ਅੱਜ ਕੱਲ ਪੜੀਆਂ ਜਾ ਰਹੀਆਂ ਹਨ ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕੋਲ ਕਵਿਤਾ ਕਹਿਣ ਦਾ ਹੁਨਰ ਵੀ ਹੈ ਤੇ ਬਹੁਤ ਨੇੜਿਓਂ ਪੰਜਾਬੀ ਪੇਂਡੂ ਜੀਵਨ ਦਾ ਤਜਰਬਾ ਵੀ। ਉਹਨਾਂ ਕੋਲ ਸ਼ਬਦ ਭੰਡਾਰ ਵੀ ਹੈ ਤੇ ਸੂਝ ਬੂਝ ਵੀ। ਉਹਨਾਂ ਨੂੰ ਚਾਹੁਣ ਵਾਲੇ ਤੇ ਉਹਨਾਂ ਦੀ ਕਵਿਤਾ ਨੂੰ ਪਸੰਦ ਕਰਨ ਵਾਲੇ ਇੱਕ ਲੰਬੇ ਅਰਸੇ ਬਾਅਦ ਉਹਨਾਂ ਦੀਆਂ ਕਵਿਤਾਵਾਂ ਨੂੰ ਪੜ੍ ਕੇ ਬਹੁਤ ਖੁਸ਼ ਹਨ।
ਉਹ ਇੱਕ ਜ਼ਹੀਨ ਕਵੀ ਤੇ ਜ਼ਹੀਨ ਅਫਸਰ ਹਨ। ਉਹ ਜਿਸ ਵੀ ਖੇਤਰ ਵਿੱਚ ਨਿਤਰਦੇ ਹਨ ਪੂਰੇ ਮਨ ਨਾਲ ਨਿਭਦੇ ਹਨ। ਉਹਨਾਂ ਦੇ ਦੋਸਤਾਂ ਵੱਲੋਂ ਅਕਸਰ ਇਹ ਕਿਹਾ ਜਾਂਦਾ ਹੈ ਕਿ ਉਹ ਬਹੁਤ ਹੀ ਨਿੱਘੇ ਸੁਭਾਅ ਦੇ ਹਨ। ਚੰਗੇ ਲੋਕਾਂ ਦੀ ਇਹੀ ਨਿਸ਼ਾਨੀ ਹੁੰਦੀ ਹੈ ਕਿ ਉਹ ਆਪਣੇ ਅਹੁਦੇ ਨੂੰ ਆਪਣੇ ਕਿਰਦਾਰ ਤੇ ਹਾਵੀ ਨਹੀਂ ਹੋਣ ਦਿੰਦੇ। ਗੁਰਵਿੰਦਰ ਚਾਕ ਜੀ ਦਾ ਵੀ ਇਹ ਗੁਣ ਕਾਬਿਲੇ ਤਾਰੀਫ ਹੈ।
ਬੇਸ਼ੱਕ ਇੱਕ ਉੱਚ ਅਹੁਦੇ ਤੇ ਬੈਠੇ ਅਫਸਰ ਲਈ ਸਮਾਂ ਕੱਢਣਾ ਔਖਾ ਹੋ ਜਾਂਦਾ ਹੈ। ਪਰ ਫਿਰ ਵੀ ਉਹਨਾਂ ਨੂੰ ਇਲਤਜਾ ਹੈ ਕਿ ਉਹ ਆਪਣੇ ਸਮੇਂ ਵਿੱਚੋਂ ਕਵਿਤਾ ਲਈ ਸਮਾਂ ਕੱਢਣ। ਅੱਜ ਬਦਲ ਰਹੇ ਪੰਜਾਬ ਵਿੱਚ ਸਾਨੂੰ ਅਜਿਹੇ ਸੁਹਿਰਦ ਸਾਹਿਤਕਾਰਾਂ ਦੀ ਜ਼ਰੂਰਤ ਹੈ ਜੋ ਸਮੇਂ ਦੀ ਨਬਜ਼ ਪਛਾਣਦੇ ਹਨ।
ਪਰਮਾਤਮਾ ਉਹਨਾਂ ਦੀ ਕਲਮ ਨੂੰ ਤੌਫੀਕ ਬਖਸ਼ੇ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly