ਜਗਰਾਉਂ (ਸਮਾਜ ਵੀਕਲੀ): ਜਗਰਾਉਂ ਸ਼ਹਿਰ ਦੀ ਹੱਦ ਦੇ ਨਾਲ ਸਥਿਤ ਪਿੰਡ ਕੋਠੇ ਰਾਹਲਾਂ ’ਚ ਕਿਸਾਨਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ’ਚ ਜਾ ਰਹੀਆਂ ਦੋ ਬੱਸਾਂ ਨੂੰ ਘੇਰ ਲਿਆ। ਇਨ੍ਹਾਂ ’ਚੋਂ ਮਿੰਨੀ ਬੱਸ ’ਚ ਕਈ ਵਿਅਕਤੀ ਸਵਾਰ ਸਨ। ਪਿੰਡ ਕੋਠੇ ਰਾਹਲਾਂ ਵਾਸੀ ਹਰਜਿੰਦਰ ਸਿੰਘ ਖਾਲਸਾ ਦੀ ਅਗਵਾਈ ’ਚ ਘੇਰੀ ਗਈ ਬੱਸ ’ਚ ਸਵਾਰ ਇਕ-ਇਕ ਵਿਅਕਤੀ ਦੀ ਤਸਵੀਰ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਬੱਸ ਸਵਾਰਾਂ ਨੂੰ ਪੁੱਛਿਆ ਗਿਆ ਕੀ ਉਨ੍ਹਾਂ ਕਿਸਾਨ ਸੰਘਰਸ਼ ’ਚ ਸ਼ਹੀਦ ਹੋਏ 731 ਕਿਸਾਨ ਦਾ ਕੋਈ ਦੁੱਖ ਨਹੀਂ। ਕੀ ਉਹ ਕਿਸਾਨ ਸੰਘਰਸ਼ ਤੇ ਮੋਦੀ ਹਕੂਮਤ ਨਾਲ ਲੜੀ ਜਾ ਰਹੀ ਹੱਕਾਂ, ਨਸਲਾਂ ਤੇ ਫ਼ਸਲਾਂ ਦੀ ਲੜਾਈ ’ਚ ਨਾਲ ਨਹੀਂ? ਵੀਡੀਓ ’ਚ ਇਹ ਲੋਕ ਨੀਂਵੀਂ ਪਾਉਂਦੇ ਤੇ ਮੂੰਹ ਲੁਕਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਇਹ ਬੱਸ ਖਾਲੀ ਕਰਵਾ ਦਿੱਤੀ। ਇਨ੍ਹਾਂ ਕਿਸਾਨਾਂ ਨੇ ਉਸ ਪਿੱਛੇ ਆ ਰਹੀ ਇਕ ਹੋਰ ਮਿੰਨੀ ਬੱਸ ਘੇਰ ਲਈ, ਜਿਸ ’ਚ ਸਿਰਫ ਔਰਤਾਂ ਸਵਾਰ ਸਨ। ਇਨ੍ਹਾਂ ਨੂੰ ਵੀ ਸੋਸ਼ਲ ਮੀਡੀਆ ’ਤੇ ਲਾਈਵ ਕਰਕੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਬਾਰੇ ਸਵਾਲ ਕੀਤੇ ਗਏ। ਇਸ ਸਮੇਂ ਸੁਖਦੇਵ ਸਿੰਘ, ਮੇਜਰ ਸਿੰਘ ਸਮੇਤ ਹੋਰ ਲੋਕ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly