ਜਗਰਾਉਂ (ਸਮਾਜ ਵੀਕਲੀ) : ਇਥੋਂ ਦੇ ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਵੈਨ ਦੀ ਅੱਜ ਇਥੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਪੰਜਾਬ ਰੋਡਵੇਜ਼ ਜਗਰਾਉਂ ਡਿੱਪੂ ਦੀ ਬੱਸ ਨਾਲ ਟੱਕਰ ਹੋ ਗਈ। ਮੋਗਾ ਵਾਲੇ ਪਾਸੇ ਸਥਾਨਕ ਸ਼ੇਰਪੁਰਾ ਚੌਕ ਤੋਂ ਥੋੜ੍ਹਾ ਅੱਗੇ ਪਿੰਡ ਕੋਠੇ ਬੱਗੂ ਨਜ਼ਦੀਕ ਹੋਏ ਹਾਦਸੇ ‘ਚ ਵੈਨ ਡਰਾਈਵਰ ਸਮੇਤ 15 ਬੱਚੇ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ ਵੈਨ ਡਰਾਈਵਰ ਅਤੇ 5 ਬੱਚਿਆਂ ਦੇ ਗੰਭੀਰ ਰੂਪ ‘ਚ ਜ਼ਖਮੀ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਦਕਿ ਬਾਕੀਆਂ ਦਾ ਸਥਾਨਕ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਅੱਜ ਬਾਅਦ ਦੁਪਹਿਰ ਦੋ ਵਜੇ ਸਕੂਲ ‘ਚ ਛੁੱਟੀ ਮਗਰੋਂ ਵੈਨ ਮੋਗਾ ਵਾਲੇ ਪਾਸੇ ਦੇ ਪਿੰਡਾਂ ਵਿਚਲੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ, ਜਦੋਂ ਇਹ ਪਿੰਡ ਕੋਠੇ ਬੱਗੂ ਨੇੜੇ ਪਹੁੰਚੀ ਤਾਂ ਪੰਜਾਬ ਰੋਡਵੇਜ਼ ਬੱਸਰ ਪੀਬੀ 10 ਐੱਚਟੀ 2614 ਨਾਲ ਟੱਕਰ ਹੋ ਗਈ। ਆਹਮੋ-ਸਾਹਮਣੀ ਟੱਕਰ ਕਰਕੇ ਵੈਨ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਵੈਨ ਦੇ ਅੱਗੇ ਬੈਠੇ ਬੱਚੇ ਸਮੇਤ ਡਰਾਈਵਰ ਜ਼ਖ਼ਮੀ ਹੋ ਗਏ।
ਡਰਾਈਵਰ ਗੁਰਮੁਖ ਸਿੰਘ ਤੋਂ ਇਲਾਵਾ ਵਿਪਲ, ਰਵਨੂਰ ਸਿੰਘ, ਜਪਮਨ, ਹਰਪ੍ਰੀਤ ਸਿੰਘ ਅਤੇ ਅਨੁਰੂਪ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਹੈ। ਸੜਕ ਦੁਰਘਟਨਾ ਦਾ ਪਤਾ ਲੱਗਦੇ ਹੀ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਸਥਾਨਕ ਸਿਵਲ ਹਸਪਤਾਲ ‘ਚ ਜ਼ਖਮੀਆਂ ਦਾ ਹਾਲਚਾਲ ਪੁੱਛਣ ਪਹੁੰਚੇ। ਸਕੂਲ ਦਾ ਸਮੁੱਚਾ ਸਟਾਫ਼ ਅਤੇ ਬੱਚਿਆਂ ਦੇ ਮਾਪੇ ਵੀ ਹਸਪਤਾਲ ‘ਚ ਪਹੁੰਚ ਗਏ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly