ਫਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ) ਭਾਰਤ ਆਪਣੇ ਆਪ ਨੂੰ ਦੁਨੀਆ ਦਾ ਸਭ ਤੋ ਵੱਡਾ ਲੋਕਤੰਤਰ ਦੇਸ਼ ਅਖਵਾਉਂਦਾ ਹੈ। ਲੋਕਤੰਤਰ ਅਜਿਹੀ ਪ੍ਰਕਿਰਿਆ ਹੁੰਦੀ ਹੈ, ਜਿਸ ਵਿੱਚ ਲੋਕਾਂ ਦੀ ਭਰਵੀ ਸ਼ਮੂਲੀਅਤ ਹੁੰਦੀ ਹੈ। ਸਾਡੇ ਸ਼ਹੀਦਾਂ, ਵਡੇਰਿਆਂ ਅਤੇ ਗੁਰੂਆਂ ਨੇ ਇਸ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਕੁਰਬਾਨੀਆਂ ਦਿੱਤੀਆਂ। ਦੇਸ਼ ਦੀ ਅਜ਼ਾਦੀ ਲਈ ਬਹੁਤ ਸਾਰਾ ਖੂਨ ਅਤੇ ਪਸੀਨਾ ਵਹਾਇਆ । ਜਿਸ ਦੇ ਫਲਸਰੂਪ ਇਹ ਦੇਸ਼ ਲੰਮੀ ਗੁਲਾਮੀ ਤੋਂ ਬਾਅਦ 15 ਅਗਸਤ 1947 ਨੂੰ ਅਜ਼ਾਦ ਹੋਇਆ। ਪਰ ਇਸ ਅਜ਼ਾਦੀ ਦੀ ਲੜਾਈ ਵਿੱਚ ਸਾਡੇ ਸਿੱਖ ਪਰਿਵਾਰਾਂ ਦੇ ਯੋਧਿਆਂ ਨੌਜ਼ਵਾਨ ਸ਼ਹੀਦ ਕਰਤਾਰ ਸਿੰਘ ਸਰਾਭਾ, ਰਾਜਗੁਰੂ,ਸੁਖਦੇਵ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਭਗਤ ਸਿੰਘ ਨੇ ਅੱਗੇ ਹੋ ਕੇ ਲੜਾਈ ਲੜੀ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇੱਥੇ ਗੱਲਬਾਤ ਕਰਦਿਆਂ ਸਰਦਾਰ ਇੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਅੱਜ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸਾਡੇ ਸ਼ਹੀਦਾਂ ਨੇ ਜੋ ਸੁਪਨੇ ਲੈ ਕੇ ਭਾਰਤ ਨੂੰ ਅਜ਼ਾਦ ਕਰਵਾਇਆ ਸੀ, ਕੀ ਉਹ ਪੂਰੇ ਹੋ ਗਏ ਹਨ ? ਇਸ ਦਾ ਜੁਆਬ ਨਾਂਹ ਵਿੱਚ ਮਿਲੇਗਾ । ਸਾਡੇ ਅਜ਼ਾਦੀ ਗੁਲਾਟੀਆਂ ਨੇ ਸੋਚਿਆ ਸੀ ਕਿ ਦੇਸ਼ ਵਾਸੀ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਰ ਤੋੜ ਯਤਨ ਕਰਨਗੇ। ਪ੍ਰੰਤੂ ਅੱਜ-ਕੱਲ੍ਹ ਦੇਸ਼ -ਭਗਤੀ ਦੀਆਂ ਕਹਾਣੀਆਂ ਜਾਂ ਤਾਂ ਪਾਠਕ੍ਰਮ ਦਾ ਅੰਗ ਬਣ ਕੇ ਰਹਿ ਗਈਆਂ ਹਨ ਜਾਂ ਸਟੇਜਾਂ ਦੇ ਭਾਸ਼ਣਾਂ ਦਾ ਵਿਸ਼ਾ ਹੋ ਕੇ ਰਹਿ ਗਈਆਂ ਹਨ । ਅੱਜ ਦੇ ਨੌਜ਼ਵਾਨ ਇਨਕਲਾਬ ਦਾ ਨਾਅਰਾ ਛੱਡ ਕੇ ਆਪਣੀਆਂ ਨਿੱਜੀ ਲੋੜਾਂ ਲਈ ਧਰਨੇ -ਮੁਜ਼ਾਹਰੇ ਕਰਨ ਲਈ ਮਜ਼ਬੂਰ ਹਨ। ਸਾਡੇ ਨੌਜ਼ਵਾਨ ਆਪਣੇ ਅਮੀਰ ਸੱਭਿਆਚਾਰ ਨੂੰ ਭੁੱਲ ਕੇ ਪੱਛਮੀ ਸੱਭਿਆਚਾਰ ਅਪਣਾ ਰਹੇ ਹਨ। ਨੌਜ਼ਵਾਨਾਂ ਵਿੱਚ ਦੂਸਰੇ ਮੁਲਕਾਂ ਨੂੰ ਜਾਣ ਦੀ ਲਾਲਸਾ ਦਿਨੋ-ਦਿਨ ਵਧ ਰਹੀ ਹੈ। ਅੱਜ ਸਮਾਜ ਵਿੱਚ ਹਰ ਪਾਸੇ ਭ੍ਰਿਸ਼ਟਾਚਾਰ ,ਨਸ਼ੇ,ਬਦਫੈਲੀਆਂ, ਚੋਰੀ- ਡਾਕੇ, ਲੁੱਟਖੋਹਾਂ, ਗੁੰਡਾਗਰਦੀ ਆਦਿ ਦਾ ਬੋਲ- ਬਾਲਾ ਹੈ। ਇੰਦਰਜੀਤ ਸਿੰਘ ਬਰਾੜ ਨੇ ਕਿਹਾ ਕਿ ਲੋਕਤੰਤਰ ਦੇ ਅਸਲੀ ਅਰਥ ਹੀ ਬਦਲ ਚੁੱਕੇ ਹਨ। ਸਾਨੂੰ ਆਪਣੇ ਮੌਲਿਕ ਅਧਿਕਾਰਾਂ ਦੀ ਤਾਂ ਜਾਣਕਾਰੀ ਹੈ ਪ੍ਰੰਤੂ ਅਸੀ ਆਪਣੇ ਮੌਲਿਕ ਕਰਤੱਵ ਭੁੱਲ ਗਏ ਹਾਂ।ਸਾਡੇ ਸਮਾਜ ਨੂੰ ਅੱਜ ਵੀ ਲਿੰਗ ਭੇਦ ਭਾਵ ,ਦਾਜ਼ ,ਧਰਮ,ਜਾਤ-ਪਾਤ ਆਦਿ ਬੰਧਨਾਂ ਨੇ ਜਕੜਿਆ ਹੋਇਆ ਹੈ। ਅਜਿਹੇ ਵਿੱਚ ਆਪਣੇ ਆਪ ਨੂੰ ਅਜ਼ਾਦ ਕਹਿਣਾ ਇੱਕ ਹਾਸੋਹੀਣੀ ਗੱਲ ਜਾਪਦੀ ਹੈ। ਅੱਜ ਦੇ ਨੌਜ਼ਵਾਨਾਂ ਨੂੰ ਚਾਹੀਦਾ ਹੈ ਕਿ ਉਹ ਕੌਮ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ, ਦੇਸ਼ ਪੰਜਾਬ ਨੂੰ ਤਰੱਕੀ ਦੇ ਰਾਹ ‘ਤੇ ਤੋਰਨ ਲਈ ਆਪਣਾ ਬਣਦਾ ਯੋਗਦਾਨ ਪਾਉਣ, ਸਮਾਜ ਦੀ ਬਰਾਬਰੀ ਲਈ ਕੰਮ ਕਰਨ, ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕਰਨ। ਅਜਿਹਾ ਕਰਕੇ ਅਸੀਂ ਅਸਲ ਰੂਪ ਵਿੱਚ ਅਜ਼ਾਦ ਕਹਾਉਣ ਦੇ ਹੱਕਦਾਰ ਹੋ ਸਕਦੇ ਹਾਂ। ਸਾਨੂੰ ਸਾਰਿਆਂ ਨੂੰ ਦੇਸ਼ ਦੀ ਅਜ਼ਾਦੀ ਲਈ ਵਹਾਏ ਖੂਨ ਅਤੇ ਪਸੀਨੇ ਨੂੰ ਵਿਅਰਥ ਨਹੀ ਜਾਣ ਦੇਣਾ ਚਾਹੀਦਾ ਕਿਉਂਕਿ
“ਕੌਮਾਂ ਜਿਊਂਦੀਆਂ ਨਾਲ ਕੁਰਬਾਨੀਆਂ ਦੇ, ਅਣਖ ਮਰੇ ਤਾਂ ਕੌਮ ਹੈ ਮਰ ਜਾਂਦੀ, ਉਸ ਕੌਮ ਦੀ ਹੈ ਮਿਸਾਲ ਦਿੱਤੀ ਜਾਂਦੀ , ਜਿਹੜੀ ਹੱਸ ਕੇ ਸ਼ਹਾਦਤਾਂ ਜਰ ਜਾਂਦੀ।”‘
(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly