ਡਾਕਟਰੀ ਸਲਾਹ ਨਾਲ ਹੀ ਲਏ ਜਾਣ ਐਂਟੀਬਾਇਓਟਿਕਸ
ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਬਦਲਦੇ ਮੌਸਮ ਦੇ ਉਤਾਰ ਚੜਾਅ ਨੇ ਲੋਕਾਂ ਦੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਵਧਾ ਦਿੱਤਾ ਹੈ । ਦੇਖਣ ਵਿਚ ਆਇਆ ਹੈ ਕਿ ਪਿਛਲੇ ਕੁੱਝ ਦਿਨ੍ਹਾਂ ਤੋਂ ਗਲੇ ਦੇ ਸੰਕ੍ਰਮਣ, ਜੁਕਾਮ, ਲਗਾਤਾਰ ਛਿੱਕਾਂ ਆਉਣ ਦੇ ਕੇਸਾਂ ਵਿਚ ਵਾਧਾ ਹੋਇਆ ਹੈ । ਸਿਵਲ ਹਸਪਤਾਲ ਦੇ ਈ.ਐਨ.ਟੀ. ਮਾਹਰ ਡਾਕਟਰ ਅਮਨਜੋਤ ਕੌਰ ਦੱਸਦੇ ਹਨ ਕਿ ਉਨ੍ਹਾਂ ਕੋਲ ਗਲੇ ਦੇ ਗੰਭੀਰ ਸੰਕ੍ਰਮਣ, ਗਲੇ ਵਿਚ ਛਾਲੇ, ਐਲਰਜੀ, ਜੁਕਾਮ, ਖਾਂਸੀ ਨਾਲ ਪੀੜਤ ਮਰੀਜਾਂ ਦੀ ਸੰਖਿਆ ਵਿਚ ਬਾਕੀ ਦਿਨ੍ਹਾਂ ਦੀ ਤੁਲਨਾ ਵਿਚ ਵਾਧਾ ਹੋਇਆ ਹੈ। ਡਾ.ਅਮਨਜੋਤ ਕੌਰ ਨੇ ਦੱਸਿਆ ਕਿ ਮਰੀਜ ਖਾਣਾ ਨਿਗਲਣ ਵਿਚ ਪਰੇਸ਼ਾਨੀ, ਗਲੇ ਵਿਚ ਤੇਜ ਦਰਦ, ਬੁਖਾਰ ਦੀ ਵੀ ਸ਼ਿਕਾਇਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਫੈਰੀਂਜਾਈਟਿਸ ਸੰਕ੍ਰਮਣ ਇਸ ਦਾ ਕਾਰਣ ਹੈ।
ਉਨ੍ਹਾਂ ਸਲਾਹ ਦਿੱਤੀ ਕਿ ਅਜਿਹੀ ਸ਼ਿਕਾਇਤ ਹੋਣ ਤੇ ਤੁਰੰਤ ਮਾਹਰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਉਸ ਦੀ ਸਲਾਹ ਨਾਲ ਹੀ ਐਂਟੀਬਾਇਓਟਿਕ ਦਵਾਈਆਂ ਲੈਣੀਆਂ ਚਾਹੀਦੀਆਂ ਹਨ। ਡਾਕਟਰ ਅਮਨਜੋਤ ਕੌਰ ਨੇ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਬਚਣ ਲਈ ਕਿਹਾ। ਉਨ੍ਹਾਂ ਇਹ ਵੀ ਅਪੀਲ ਕੀਤੀ ਕਿ ਮਾਸਕ ਪਹਿਣ ਕੇ ਰੱਖਿਆ ਜਾਏ, ਧੂੜ ਮਿੱਟੀ ਤੋਂ ਬਚਿਆ ਜਾਏ, ਮੂੰਹ, ਨੱਕ, ਅੱਖਾਂ ਨੂੰ ਵਾਰ ਵਾਰ ਛੂਹਣ ਤੋਂ ਬਚਿਆ ਜਾਏ । ਇਸ ਤੋਂ ਇਲਾਵਾ ਉਨ੍ਹਾਂ ਤਲੀਆਂ ਹੋਈਆਂ ਚੀਜਾਂ, ਖੱਟੇ ਮਿੱਠੇ ਖਾਧ ਪਦਾਰਥਾਂ ਅਤੇ ਜੰਕ ਫੂਡ ਤੋਂ ਵੀ ਪਰਹੇਜ ਕਰਨ ਨੂੰ ਕਿਹਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly