(ਸਮਾਜ ਵੀਕਲੀ)
ਪਰਮਾਤਮਾ ਨੇ ਹਰ ਜੀਵ – ਜੰਤੂ , ਪੰਛੀ – ਪਰਿੰਦੇ ਤੇ ਮਨੁੱਖ ਨੂੰ ਅਲੱਗ – ਅਲੱਗ ਸੁਭਾਅ , ਸ਼ਕਲ , ਹੁਨਰ , ਰੁਤਬਾ ਅਤੇ ਬੁੱਧੀ ਪ੍ਰਦਾਨ ਕੀਤੀ ਹੈ। ਹਰ ਮਨੁੱਖ ਦੀ ਇਹ ਇੱਛਾ ਹੁੰਦੀ ਹੈ ਕਿ ਉਹ ਜ਼ਿੰਦਗੀ ਵਿੱਚ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਰਹੇ , ਸਾਰੀ ਦੁਨੀਆਂ ਵਿੱਚ ਉਸ ਨੂੰ ਪ੍ਰਸ਼ੰਸਾ ਮਿਲੇ , ਉਸ ਦੀ ਇੱਜ਼ਤ ਹੋਵੇ ਅਤੇ ਦੁਨੀਆਂ ਦੇ ਸਾਰੇ ਸੁੱਖ – ਭੰਡਾਰ ਤੇ ਵੈਭਵ ਉਸ ਦੇ ਚਰਨਾਂ ਵਿੱਚ ਹੋਣ। ਇਸ ਸਭ ਦੇ ਲਈ ਮਨੁੱਖ ਨੂੰ ਕਰਮਵਾਦੀ ਬਣਦੇ ਹੋਏ ਕਰਮ ਕਰਨਾ ਪੈਂਦਾ ਹੈ ; ਨਾ ਕਿ ਕੋਈ ਹੋਰ ਰਸਤਾ , ਢੰਗ ਜਾਂ ਤਰੀਕਾ ਵਸੀਲਾ ਅਪਣਾ ਕੇ ਉਹ ਤਰੱਕੀ , ਪ੍ਰਸਿੱਧੀ , ਕਾਮਯਾਬੀ ਜਾਂ ਉੱਚੀਆਂ ਮੰਜ਼ਿਲਾਂ ਪ੍ਰਾਪਤ ਕਰ ਸਕਦਾ ਹੈ; ਅਜਿਹਾ ਨਹੀਂ ਹੁੰਦਾ।
ਮਿਹਨਤ , ਸਿਦਕ ਤੇ ਸਿਰੜ ਕਰਨ ਦੇ ਨਾਲ ਹੀ ਮਨੁੱਖ ਵਿੱਚ ਇੱਕ ਵੱਖਰਾ ਗੁਣ ਹੋਣਾ ਜ਼ਰੂਰੀ ਹੈ।ਉਹ ਗੁਣ ਬਹੁਤ ਮਹੱਤਵਪੂਰਨ ਹੈ ਜੋ ਕਿ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਜਦੋਂ ਵੀ ਜ਼ਰੂਰਤ ਪਵੇ ਤਾਂ ਸਹੀ ਸਮਾਯੋਜਨ ਕਰਨ ਹਿੱਤ ਮਨੁੱਖ ਨੂੰ ਅੱਗੇ ਹੋ ਕੇ ਦੁਨੀਆਂ ਅਤੇ ਸਮਾਜ ਤੋਂ ਉੱਪਰ ਉੱਠ ਕੇ ਕੁਝ ਵੱਖਰੀ ਸੋਚ ਰੱਖਦੇ ਹੋਏ ਅਤੇ ਦ੍ਰਿੜ੍ਹ ਹੌਸਲਾ ਦਿਖਾਉਂਦੇ ਹੋਏ ਕੁਝ ਵੱਖਰਾ ਸੋਚਣ , ਦੁਨੀਆਂ ਨਾਲੋਂ ਕੁਝ ਵੱਖਰਾ ਕਰਨ ਅਤੇ ਕੋਈ ਵੱਖਰਾ ਫ਼ੈਸਲਾ ਲੈਣ ਦਾ ਹੌਸਲਾ ਜ਼ਰੂਰ ਹੋਣਾ ਚਾਹੀਦਾ ਹੈ।
ਪਰ ਸ਼ਰਤ ਇਹ ਹੈ ਕਿ ਵੱਖਰੀ ਸੋਚ , ਵੱਖਰਾ ਫ਼ੈਸਲਾ , ਵੱਖਰਾ ਰਸਤਾ ਅਤੇ ਸਾਰਥਕ ਉਸਾਰੂ – ਸੁਚਾਰੂ ਤੇ ਸਭ ਦੇ ਹਿੱਤ ਵਿੱਚ ਹੋਵੇ। ਕੁਝ ਵੱਖਰਾ ਕਰਨ , ਸੋਚਣ ਤੇ ਵੱਖਰਾ ਅਪਣਾਉਣ ਦਾ ਇਹ ਜਜ਼ਬਾ ਹਰ ਕਿਸੇ ਇਨਸਾਨ ਵਿੱਚ ਨਹੀਂ ਹੁੰਦਾ। ਇਸੇ ਵਿੱਚ ਹੀ ਇਸ ਗੁਣ ਦੀ ਖਾਸੀਅਤ ਹੈ। ਜੋ ਇਨਸਾਨ ਜ਼ਰੂਰਤ ਅਤੇ ਸਮਾਯੋਜਨ ਦੇ ਅਨੁਸਾਰ ਇਸ ਗੁਣ ਨੂੰ ਹੌਸਲੇ ਦੇ ਰੂਪ ਵਿੱਚ ਸਾਰਥਕ ਸਿੱਧ ਕਰਦਾ ਹੋਇਆ ਅਪਣਾ ਲੈਂਦਾ ਹੈ , ਉਸ ਨੂੰ ਜ਼ਰੂਰ ਹੀ ਜ਼ਿੰਦਗੀ ਵਿੱਚ ਇੱਕ ਦਿਨ ਕਾਮਯਾਬੀ ਅਤੇ ਪ੍ਰਸਿੱਧੀ ਪ੍ਰਾਪਤ ਹੁੰਦੀ ਹੈ ਅਤੇ ਦੁਨੀਆਂ ਵੀ ਉਸ ਦੇ ਪਿੱਛੇ ਹੁੰਦੀ ਹੈ ਤੇ ਅਜਿਹਾ ਇਨਸਾਨ ਦੁਨੀਆਂ ਦੀ ਅਗਵਾਈ ਕਰਦਾ ਹੈ।
ਮੈਡਮ ਰਜਨੀ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly