(ਸਮਾਜ ਵੀਕਲੀ)
ਗੱਲ 2015 ਦੀ ਹੈ , ਜਦੋਂ ਮੈਂ ਕਾਲਜ ਵਿੱਚ ਪੜ੍ਹਾਈ ਕਰ ਰਹੀ ਸੀ। ਉਸ ਉਚੇਰੀ ਪੜ੍ਹਾਈ ਦੇ ਕੋਰਸ ਵਿੱਚ ਸਾਨੂੰ ਵੱਖ – ਵੱਖ ਹਲਾਤਾਂ ਵਿੱਚ ਰਹਿ ਰਹੇ ਮਨੁੱਖਾਂ ਵਿੱਚ ਵਿਚਰ ਕੇ ਉਨ੍ਹਾਂ ਹਾਲਾਤਾਂ ਤੇ ਮਨੁੱਖਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਇੱਕ ਪ੍ਰਾਜੈਕਟ ਤਿਆਰ ਕਰਨਾ ਸੀ। ਅਸੀਂ ਆਪਣੀ ਕਲਾਸ ਵਿੱਚ 80 ਵਿਦਿਆਰਥੀ ਸੀ। 15-15 ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਕੇਸ ਸਟੱਡੀ ਕਰਨ ਲਈ ਵੱਖ-ਵੱਖ ਜਗ੍ਹਾ ਤੇ ਭੇਜਿਆ ਗਿਆ।
ਇਕ ਗਰੁੱਪ ਜਿਸ ਵਿੱਚ ਮੈਂ ਵੀ ਸੀ ਨੂੰ ਕੇਸ ਸਟੱਡੀ ਲਈ ਭਗਤ ਪੂਰਨ ਸਿੰਘ ਪਿੰਗਲਵਾੜਾ ਜਾਣ ਦਾ ਮੌਕਾ ਮਿਲਿਆ। ਜਦ ਮੈਨੂੰ ਪਤਾ ਲੱਗਾ ਸੀ ਕਿ ਮੇਰੀ ਡਿਊਟੀ ਪਿੰਗਲਵਾੜਾ ਜਾਣ ਦੀ ਲੱਗੀ ਹੈ, ਤਾਂ ਮੈਨੂੰ ਇੱਕ ਅਲੱਗ ਹੀ ਤਰ੍ਹਾਂ ਦੀ ਖੁਸ਼ੀ ਦਾ ਅਹਿਸਾਸ ਹੋਇਆ, ਕਿਉਂਕਿ ਮੈਂ ਪਹਿਲਾਂ ਤੋਂ ਹੀ ਮਨ ਹੀ ਮਨ ਸੋਚਦੀ ਹੁੰਦੀ ਸੀ ਕਿ ਅਗਰ ਪ੍ਰਮਾਤਮਾ ਮੈਨੂੰ ਮੌਕਾ ਦੇਵੇ ਤਾਂ ਮੈਂ ਪਿੰਗਲਵਾੜਾ ਵਿੱਚ ਦਾਸ ਬਣ ਕੇ ਸੇਵਾ ਕਰਾਂ।
ਭਾਵੇਂ ਮੈਨੂੰ ਇਸ ਵਾਰ ਉਥੇ ਕੋਈ ਕੰਮ ਕਰਨ ਜਾਂ ਸੇਵਾ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਸੀ। ਪਰ ਫਿਰ ਵੀ ਮੈਨੂੰ ਉਥੇ ਜਾਣ ਦਾ ਉਥੇ ਦੇ ਹਾਲਾਤਾਂ ਬਾਰੇ ਜਾਨਣ ਦਾ ਮੌਕਾ ਮਿਲ ਰਿਹਾ ਸੀ। ਖੈਰ ਅਗਲੇ ਦਿਨ ਮੈਂ ਆਪਣੇ ਗਰੁੱਪ ਨਾਲ ਪਿੰਗਲਵਾੜੇ ਪਹੁੰਚੀ। ਜਦੋਂ ਮੈਂ ਉਥੇ ਦੁਖਿਆਰੀਆਂ ਆਤਮਾਵਾਂ ਨੂੰ ਮਿਲੀ ਤਾਂ ਮੈਨੂੰ ਬਾਬਾ ਫਰੀਦ ਜੀ ਦੇ ਸ਼ਬਦ ਯਾਦ ਆਏ ,`ਨਾਨਕ ਦੁਖੀਆ ਸਭ ਸੰਸਾਰ`। ਮੈਨੂੰ ਇੰਜ ਲੱਗਾ ਜਿਵੇਂ ਸਾਰੀ ਦੁਨੀਆ ਦਾ ਦੁੱਖ ਉਸ ਇਕ ਜਗ੍ਹਾ ਹੀ ਹੋਵੇ।
ਉਹਨਾਂ ਰੂਹਾਂ ਦੇ ਦੁੱਖਾਂ ਤਕਲੀਫਾਂ ਦੇ ਸਾਹਮਣੇ ਸਾਡੇ ਦੁੱਖ ਕੁਝ ਵੀ ਨਹੀਂ ਲੱਗੇ। ਉੱਥੇ ਹਰ ਇਕ ਦਾ ਦੁੱਖ ਅਲੱਗ ਹੀ ਸੀ। ਕਿਸੇ ਨੂੰ ਤਨ ਦਾ ਦੁੱਖ ,ਕਿਸੇ ਨੂੰ ਮਨ ਦਾ ਦੁੱਖ, ਕਿਸੇ ਨੂੰ ਧੀ- ਪੁੱਤ ਨੇ ਘਰੋਂ ਕੱਢ ਦਿੱਤਾ ਤੇ ਕਿਸੇ ਧੀ ਪੁੱਤ ਨੂੰ ਮਾਂ ਬਾਪ ਨੇ ਘਰੋਂ ਕੱਢ ਦਿੱਤਾ। ਉਥੇ ਛੋਟੇ ਛੋਟੇ ਬੱਚੇ-ਬੱਚੀਆਂ ਨੂੰ ਕੋਈ ਪਿੰਗਲਵਾੜੇ ਦੇ ਬਾਹਰ ਰਾਤ ਨੂੰ ਛੱਡ ਜਾਂਦਾ ਹੈ। ਏਥੇ ਘੁੰਮਦੇ ਘੁੰਮਦੇ ਮੈਂ ਇਕ ਅਜਿਹੀ ਰੂਹ ਨੂੰ ਮਿਲੀੰ ਜੋ ਮਾਨਸਿਕ ਤੌਰ ਤੇ ਠੀਕ ਨਹੀਂ ਸੀ। ਉਸ ਦੇ ਡਾਕਟਰਾਂ ਨੇ ਸਾਨੂੰ ਉਸ ਬਾਰੇ ਜਾਣਕਾਰੀ ਦਿੱਤੀ ਹੈ, ਇਸ ਕੁੜੀ ਨੂੰ ਅੱਜ ਤੋਂ 8 ਮਹੀਨੇ ਪਹਿਲਾਂ ਹੀ ਕਿਸੇ ਗੁਆਂਢੀ ਦੇ ਫੋਨ ਕਰਨ ਤੇ ਅਸੀਂ ਪਿੰਗਲਵਾੜੇ ਲੈ ਕੇ ਆਏ ਸੀ। ਤਦ ਇਸ ਦੀ ਹਾਲਤ ਬਹੁਤ ਖ਼ਰਾਬ ਸੀ । ਇਸ ਦੇ ਮਾਤਾ-ਪਿਤਾ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਇਹ ਕੁੜੀ ਕਦੇ ਪਿੰਡ ਦੀ ਧਰਮਸ਼ਾਲਾ ,ਕਦੇ ਕਿਸੇ ਵੀਰਾਨ ਅਸਥਾਨ ਤੇ ਹੀ ਨੀਂਦ ਆਉਣ ਤੇ ਸੌਂ ਜਾਂਦੀ ਸੀ। ਦੱਸ ਰਹੇ ਸੀ ਕਿ ਪਿੰਡ ਵਿਚੋਂ ਹੀ ਕਿਸੇ ਇਨਸਾਨ ਨੇ ਇਸ ਦੀ ਹਾਲਤ ਦੇਖ ਕੇ ਸਾਨੂੰ ਫੋਨ ਕੀਤਾ ਸੀ।
ਤੇ ਫਿਰ ਅਸੀਂ ਇਸ ਨੂੰ ਇੱਥੇ ਲੈ ਆਏ। ਅਸੀਂ ਅਜੇ ਡਾਕਟਰ ਨਾਲ ਗੱਲਾਂ ਹੀ ਕਰ ਰਹੇ ਸੀ ਤੱਦ ਨੂੰ ਉਹ ਰੋਂਦੀ-ਰੋਂਦੀ ਸਾਡੇ ਕੋਲ ਆਈ ਤੇ ਕਹਿਣ ਲੱਗੀ। ਮੇਰੇ ਬੱਚੇ ਨੂੰ ਮਾਰ ਦੇਣਗੇ ਬਚਾਓ । ਮੇਰੇ ਬੱਚੇ ਨੂੰ ਮਾਰ ਦੇਣਗੇ। ਏਦਾਂ ਹੀ ਰੋਂਦੀ ਹੋਈ ਚੀਜ਼ਾਂ ਇਧਰ-ਉਧਰ ਸੁੱਟਣ ਲੱਗੀ, ਤਦ ਨੂੰ ਕੁੱਝ ਸਹਾਇਕ ਔਰਤਾਂ ਆਈਆਂ ਤੇ ਉਸ ਨੂੰ ਫੜ ਕੇ ਇਹ ਕਹਿੰਦਿਆਂ ਲੈ ਗਈਆਂ ਕਿ ਅਸੀਂ ਉਸ ਨੂੰ ਮਾਰ ਨਹੀਂ ਇਸ਼ਨਾਨ ਕਰਵਾ ਰਹੇ । ਉਸ ਲੜਕੀ ਦੀ ਉਮਰ ਮਸਾਲੇ ਅਜੇ 17-18 ਸਾਲ ਲਗਦੀ ਸੀ।ਪਰ ਉਸ ਮੂੰਹੋ ਮੇਰੇ ਬੱਚੇ ਸਬਦ ਸੁਣ ਜਦੋਂ ਅਸੀਂ ਇਸ ਬਾਰੇ ਡਾਕਟਰ ਨੂੰ ਪੁੱਛਿਆ , ਤਾਂ ਸਾਡੇ ਪੁੱਛਣ ਤੇ ਡਾਕਟਰ ਨੇ ਉਸ ਲੜਕੀ ਦੇ ਬੱਚੇ ਬਾਰੇ ਜੋ ਦੱਸਿਆ ਉਹ ਸੁਣ ਕੇ ਮੇਰੇ ਪੈਰਾਂ ਥੱਲਿਉਂ ਜ਼ਮੀਨ ਖਿਸਕ ਗਈ। ਅਸੀਂ ਸਭ ਸੁੰਨ ਰਹਿ ਗਏ। ਉਨ੍ਹਾਂ ਦੱਸਿਆ ਕਿ ਇਹ ਬੱਚਾ ਉਸੇ ਲੜਕੀ ਦਾ ਹੈ ਤੇ ਜਦੋਂ ਅਸੀਂ ਉਸਨੂੰ ਪਿੰਗਲਵਾੜਾ ਲੈ ਕੇ ਆਏ ਸੀ , ਤਾਂ ਇਹ ਗਰਭਵਤੀ ਸੀ।
ਡਾਕਟਰੀ ਜਾਂਚ ਕਰਨ ਤੇ ਪਤਾ ਲੱਗਾ ਸੀ ਕਿ ਇਸ ਨਾਲ ਜ਼ੋਰ-ਜਬਰਦਸਤੀ ਹੋਈ ਸੀ। ਜਦ ਇਸ ਬਾਬਤ ਉਸਦੇ ਘਰਦਿਆਂ ਨਾਲ ਗੱਲ ਕੀਤੀ , ਤਾਂ ਉਸ ਦੇ ਘਰਦਿਆਂ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਅਸੀਂ ਤਾਂ ਇਸ ਨੂੰ ਤਿੰਨ ਮਹੀਨੇ ਪਹਿਲਾਂ ਹੀ ਘਰੋਂ ਕੱਢ ਦਿੱਤਾ ਸੀ। ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਜਦ ਉਸ ਲੜਕੀ ਦੀ ਮਾਂ ਨੂੰ ਉਸ ਦੀ ਹਾਲਤ ਦੱਸ ਕੇ ਮਮਤਾ ਦਾ ਵਾਸਤਾ ਪਾਇਆ ਤਾਂ ਉਹ ਬੋਲੀ ਸਾਡੀ ਇੱਜ਼ਤ ਤੇ ਇਹ ਦਾਗ ਲਾਵੇਗੀ। ਲੈ ਜਾਓ ਤੁਸੀਂ ਇਸ ਨੂੰ, ਤੇ ਸਾਡੇ ਤੋਂ ਦੂਰ ਕਿਤੇ ਛੱਡ ਦਿਓ। ਡਾਕਟਰ ਦੇ ਮੂੰਹੋ ਉਸ ਦੀ ਮਾਂ ਦੀਆਂ ਕਹੀਆਂ ਇਹ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ।
ਇਕ ਉਹ ਲੜਕੀ ਜੋ ਮਾਨਸਿਕ ਤੌਰ ਤੇ ਕਮਜ਼ੋਰ ਹੋਣ ਤੇ ਵੀ ਆਪਣੇ ਬੱਚੇ ਨੂੰ ਕੁੱਝ ਪਲ ਲਈ ਹੀ ਆਪਣੇ ਤੋਂ ਦੂਰ ਨਹੀਂ ਹੋਣ ਦੇ ਰਹੀ ਸੀ ਤੇ ਇਕ ਇਸ ਕੁੜੀ ਦੀ ਮਾਂ ਜਿਸ ਕਰਕੇ ਇਹ ਕੁੜੀ ਅੱਜ ਇਸ ਹਾਲਤ ਵਿੱਚ ਸੀ। ਅੰਤ ਮੈਂ ਸੋਚਣ ਲੱਗ ਪਈ ਕਿ ਅਸਲ ਵਿੱਚ ਮਾਨਸਿਕ ਤੌਰ ਤੇ ਬੀਮਾਰ ਕੌਣ ਹੈ ? ਮੇਰਾ ਦਿਲ ਸੋਚਾਂ ਵਿਚ ਡੁੱਬ ਗਿਆ ਕਿ ਇਸ ਲੜਕੀ ਦੀ ਮਾਂ ਲਈ ਕੀ, ‘ਮਾਂ’ ‘ਸ਼ਬਦ ਢੁਕਵਾਂ ਹੈ?
ਪ੍ਰੀਤ ਪ੍ਰਿਤਪਾਲ ਸੰਗਰੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly