ਅੰਤਰਰਾਸ਼ਟਰੀ ਵੈਬੀਨਾਰ ਸਿਰਜਨਾ ਦੇ ਆਰ ਪਾਰ ਵਿੱਚ ਡਾ ਦਲਬੀਰ ਸਿੰਘ ਕਥੂਰੀਆ ਜੀ ਦਾ ਰੂਬਰੂ ਬਹੁਤ ਪ੍ਰਭਾਵਸ਼ਾਲੀ ਤੇ ਪ੍ਰੇਰਣਾਦਾਇਕ ਰਿਹਾ

(ਸਮਾਜ ਵੀਕਲੀ)- ਅੰਤਰਰਾਸ਼ਟਰੀ ਸਾਹਿਤਕ ਸਾਂਝਾ ਕੈਨੇਡਾ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਵੈਬੀਨਾਰ ਸਿਰਜਣਾ ਦੇ ਆਰ ਪਾਰ ਕਰਵਾਇਆ ਗਿਆ। ਰਮਿੰਦਰ ਵਾਲੀਆ ਰੰਮੀ ਅਤੇ ਡਾ ਸਰਬਜੀਤ ਕੌਰ ਸੋਹਲ ਜੀ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਕਾਰੋਬਾਰੀ ਡਾ ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਮੁਖ ਮਹਿਮਾਨ ਵਜੋਂ ਹਾਜ਼ਰ ਹੋਏ। ਇਹਨਾਂ ਦੇ ਜੀਵਨ ਅਤੇ ਅਨੁਭਵਾਂ ਬਾਰੇ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਵਿੱਚ ਪ੍ਰੋ ਕੁਲਜੀਤ ਕੌਰ ਨੇ ਰੌਚਕ ਢੰਗ ਨਾਲ ਗੱਲਬਾਤ ਕੀਤੀ।

ਡਾ ਦਲਬੀਰ ਸਿੰਘ ਕਥੂਰੀਆ ਜੀ ਦੀ ਸ਼ਖ਼ਸੀਅਤ ਬਾਰੇ ਬਲਬੀਰ ਕੌਰ ਰਾਏਕੋਟੀ ਨੇ ਵਿਸਥਾਰ ਸਹਿਤ ਚਾਨਣਾ ਪਾਇਆ। ਪ੍ਰਸਿੱਧ ਪੰਜਾਬੀ ਲੇਖਿਕਾ ਸੁਰਜੀਤ ਟਰਾਂਟੋ ਨੇ ਕਥੂਰੀਆ ਸਾਹਿਬ ਨੂੰ ਪੰਜਾਬੀ ਮਾਂ ਬੋਲੀ ਦਾ ਹਿਤੈਸ਼ੀ ਮੰਨਦਿਆਂ ਪੰਜਾਬ ਭਵਨ ਟਰਾਂਟੋ ਦੇ ਉਦਘਾਟਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

ਪ੍ਰੋਗਰਾਮ ਦੇ ਆਰੰਭ ਵਿੱਚ ਪ੍ਰਸਿੱਧ ਪੰਜਾਬੀ ਪੱਤਰਕਾਰ ਅਤੇ ਲੇਖਕ ਦੇਸ ਰਾਜ ਕਾਲੀ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਹਨਾਂ ਦੇ ਵਿਛੋੜੇ ਨੂੰ ਪੰਜਾਬੀ ਸਾਹਿਤ ਪ੍ਰੇਮੀਆਂ ਅਤੇ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਦੱਸਿਆ ਗਿਆ।

ਉਪਰੰਤ ਪ੍ਰੋ ਕੁਲਜੀਤ ਕੌਰ ਨੇ ਡਾ ਦਲਬੀਰ ਸਿੰਘ ਕਥੂਰੀਆ ਨੂੰ ਨਿੱਘੀ ਜੀ ਆਇਆਂ ਕਹਿੰਦਿਆਂ ਉਹਨਾਂ ਨੂੰ ਇਕ ਸਫਲ ਕਾਰੋਬਾਰੀ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਨਾਲ ਜੁੜੀ ਸ਼ਖ਼ਸੀਅਤ ਦੱਸਿਆ। ਡਾ ਦਲਬੀਰ ਸਿੰਘ ਕਥੂਰੀਆ ਨੇ ਆਪਣੇ ਮੁਢਲੇ ਜੀਵੁਨ ਜੰਡਿਆਲਾ ਗੁਰੂ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਜਰਮਨੀ ਅਮਰੀਕਾ ਅਤੇ ਕੈਨੇਡਾ ਦੇ ਆਪਣੇ ਨਿੱਜੀ ਅਨੁਭਵ ਸਾਂਝੇ ਕੀਤੇ। ਉਹਨਾਂ ਆਪਣੇ ਮਾਤਾ ਪ੍ਰੀਤਮ ਕੌਰ ਅਤੇ ਪਿਤਾ ਸੁਬੇਗ ਸਿੰਘ ਕਥੂਰੀਆ ਜੀ ਦਾ ਆਪਣੀ ਸ਼ਖ਼ਸੀਅਤ ਉਪਰ ਪ੍ਰਭਾਵ ਬਾਰੇ ਦੱਸਿਆ। ਉਹਨਾਂ ਨੇ ਵਿਦੇਸ਼ ਪੜਨ ਆ ਰਹੇ ਵਿਦਿਆਰਥੀਆਂ ਅਤੇ ਮਾਪਿਆਂ ਲਈ ਬਹੁਤ ਲਾਹੇਵੰਦ ਸੁਝਾਅ ਦਿੱਤੇ। ਵਿਦਿਆਰਥੀਆਂ ਨੂੰ ਕੋਈ ਹੁਨਰ ਸਿੱਖ ਕੇ ਹੀ ਵਿਦੇਸ਼ ਜਾਣਾ ਚਾਹੀਦਾ ਹੈ ਅਤੇ ਮਾਪਿਆਂ ਨੂੰ ਬੱਚਿਆਂ ਦੀ ਸ਼ਖ਼ਸੀਅਤ ਉਸਾਰੀ ਕਰ ਕੇ ਹੀ ਭੇਜਣਾ ਚਾਹੀਦਾ ਹੈ ਤਾਂ ਜੋ ਮੁਸ਼ਕਿਲ ਨਾ ਆਵੇ। ਉਹਨਾਂ ਨੇ ਕੈਨੇਡਾ ਆਓਣ ਦੀਆਂ ਆਪਣੀਆਂ ਸ਼ੁਰੂ ਵਾਲੀਆਂ ਚੁਨੌਤੀਆਂ ਦਾ ਜ਼ਿਕਰ ਕੀਤਾ ਕਿ ਬਹੁਤ ਮਿਹਨਤ ਤੋਂ ਬਾਅਦ ਹੀ ਉਹ ਇਸ ਮੁਕਾਮ ਉੱਪਰ ਪਹੁੰਚੇ ਹਨ। ਉਹਨਾਂ ਵਿਸ਼ਵ ਪੰਜਾਬੀ ਸਭਾ ਦੇ ਉਦੇਸ਼ ਤੋਂ ਜਾਣੂ ਕਰਵਾਇਆ ਅਤੇ ਪੰਜਾਬ ਭਵਨ ਟਰਾਂਟੋ ਨੂੰ ਇਕ ਅਜਿਹੀ ਇਮਾਰਤ ਦੱਸਿਆ ਜਿੱਥੇ ਪੰਜਾਬੀ ਦੇ ਪ੍ਰੋਗਰਾਮ ਕਰਵਾਏ ਜਾਣਗੇ। ਪੰਜਾਬੀ ਮਾਂ ਬੋਲੀ ਦੀ ਪੰਜਾਬ ਵਿੱਚ ਸਥਿਤੀ ਉਤੇ ਉਹਨਾਂ ਚਿੰਤਾ ਪ੍ਰਗਟ ਕੀਤੀ ਅਤੇ ਸਕੂਲੀ ਸਿਖਿਆ ਵਿੱਚ ਪੰਜਾਬੀ ਨੂੰ ਵਧੇਰੇ ਤਰਜੀਹ ਦੇਣ ਲਈ ਸਰਕਾਰੀ ਗੈਰ ਸਰਕਾਰੀ ਸੰਸਥਾਵਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਅੱਗੇ ਆਉਣ ਲਈ ਕਿਹਾ। ਉਹਨਾਂ ਆਪਣੇ ਹੁਣ ਤੱਕ ਦੇ ਜੀਵਨ ਨੂੰ ਸੰਤੁਸ਼ਟੀਜਨਕ ਦੱਸਿਆ ਆਪਣੀ ਜੀਵਨ ਸਾਥਣ ਅਤੇ ਬੱਚਿਆਂ ਦੇ ਯੋਗਦਾਨ ਨੂੰ ਵੀ ਆਪਣੇ ਲਈ ਮਹੱਤਵਪੂਰਨ ਦੱਸਿਆ। ਡਾ ਦਲਬੀਰ ਸਿੰਘ ਕਥੂਰੀਆ ਜੀ ਨੇ ਇਹ ਵੀ ਦੱਸਿਆ ਕਿ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਪ੍ਰਸਾਰ ਬਹੁਤ ਜਰੂਰੀ ਹੈ ।

ਪ੍ਰੋਗਰਾਮ ਦੇ ਅੰਤ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੁਖ ਸਲਾਹਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਨੇ ਡਾ ਦਲਬੀਰ ਸਿੰਘ ਕਥੂਰੀਆ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਦੁਆਰਾ ਅਤੀਤ ਵਿੱਚ ਪੰਜਾਬੀ ਮਾਤ ਭਾਸ਼ਾ ਦੇ ਵਿਕਾਸ ਲਈ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਉਹਨਾਂ ਤੋਂ ਬਹੁਤ ਉਮੀਦਾਂ ਦੱਸੀਆਂ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਅਨੇਕਾਂ ਲੇਖਕਾਂ ਅਤੇ ਵਿਦਵਾਨਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਰਿੰਟੂ ਭਾਟੀਆ (ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ) ਅਮਨਬੀਰ ਧਾਮੀ,ਦੀਪ ਕੁਲਦੀਪ, ਰਾਜਬੀਰ ਗਰੇਵਾਲ, ਮਨਜੀਤ ਸੇਖੋਂ,ਅਮਰ ਬੇਦੀ, ਨਿਰਵੈਰ ਸਿੰਘ ਅਰੋੜਾ,ਗੁਰਚਰਨ ਸਿੰਘ ਜੋਗੀ , ਜਸਪਾਲ ਸਿੰਘ ਇਟਲੀ,ਪ੍ਰੋ ਰਾਮ ਸਿੰਘ,ਕਵੀ ਪ੍ਰੇਮ ਅੰਮ੍ਰਿਤਸਰੀ ,ਵਤਨਵੀਰ ਜ਼ਖ਼ਮੀ, ਅਰਵਿੰਦਰ ਸਿੰਘ ਢਿੱਲੋਂ , ਹਰਦਿਆਲ ਸਿੰਘ ਝੀਤਾ ,ਆਦਿ ਸ਼ਾਮਿਲ ਹੋਏ। ਡਾ ਸਰਬਜੀਤ ਕੌਰ ਸੋਹਲ ਜੀ ਦੇਸ ਰਾਜ ਕਾਲੀ ਜੀ ਦੇ ਬੇਵਕਤੀ ਤੁਰ ਜਾਣ ਤੇ ਗਹਿਰੇ ਦੁੱਖ ਵਿੱਚ ਹੋਣ ਕਰਕੇ ਸ਼ਾਮਿਲ ਨਹੀਂ ਹੋ ਸਕੇ , ਉਹਨਾਂ ਦੇ ਸੁਨੇਹੇ ਆ ਗਏ ਸਨ ਕਿ ਰੂਹ ਨਹੀਂ ਕਰ ਰਹੀ । ਦੁੱਖ ਵਾਲੀ ਗੱਲ ਤੇ ਹੁੰਦੀ ਹੈ ਜੱਦ ਕੋਈ ਵਿਦਵਾਨ ਅਚਾਨਕ ਤੁਰ ਜਾਂਦਾ ਹੈ । ਦੇਸ ਰਾਜ ਕਾਲੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਵੀ ਸਨ । ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਹ ਪ੍ਰੋਗਰਾਮ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਉਤਸ਼ਾਹਿਤ ਕਰਨ ਵਾਲਾ ਯਾਦਗਾਰੀ ਪ੍ਰੋਗਰਾਮ ਹੋ ਨਿਬੜਿਆ ਜੋਕਿ ਬਹੁਤ ਪ੍ਰਭਾਵਸ਼ਾਲੀ ਤੇ ਪ੍ਰੇਰਣਾਦਾਇਕ ਵੀ ਰਿਹਾ । ਇਹ ਜਾਣਕਾਰੀ ਸਿਰਜਨਾ ਦੇ ਆਰ ਪਾਰ ਦੇ ਹੋਸਟ ਪ੍ਰੋ ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।

ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

Previous articleਅਣਮੁੱਲਾ ਤੋਹਫ਼ਾ /ਮਿੰਨੀ ਕਹਾਣੀ
Next articleDes Raj Kali – a literary and Intellectual Stalwart: an Obituary