ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਦੀ ਮਹੱਤਤਾ ਅਤੇ ਇਤਿਹਾਸ

ਅਸ਼ਲੇਸ਼ ਗੜ੍ਹੀ ਪੁਲਿਸ ਅਫ਼ਸਰ ਨਿਊਜ਼ੀਲੈਂਡ
(ਸਮਾਜ ਵੀਕਲੀ) ਭਾਸ਼ਾ ਸਿਰਫ਼ ਇੱਕ ਸੰਜੀਵਨੀ ਤੱਤ ਨਹੀਂ, ਸਗੋਂ ਸੱਭਿਆਚਾਰ, ਪਛਾਣ ਅਤੇ ਵਿਰਾਸਤ ਦਾ ਇੱਕ ਸਤੰਭ ਹੈ। ਮਾਂ-ਬੋਲੀ, ਜਾਂ ਮੂਲ ਭਾਸ਼ਾ, ਇੱਕ ਵਿਅਕਤੀ ਦੇ ਮਨ, ਸੋਚ ਅਤੇ ਸੰਸਕਾਰ ਨਾਲ ਗਹਿਰਾ ਸਬੰਧ ਰੱਖਦੀ ਹੈ। ਜਦੋਂ ਅਸੀਂ ਆਪਣੀ ਮਾਂ-ਬੋਲੀ ਵਿੱਚ ਗੱਲ ਕਰਦੇ ਹਾਂ, ਤਾਂ ਇਹ  ਸਿਰਫ਼ ਬੋਲੀਆਂ ਜਾ ਰਹੀਆਂ ਸ਼ਬਦਾਂ ਦੀ ਇੱਕ ਲੜੀ ਨਹੀਂ ਹੁੰਦੀ ਹੈ, ਬਲਕਿ ਇਹ ਸਾਡੇ  ਸੱਭਿਆਚਾਰ ਅਤੇ ਰਿਵਾਜਾਂ ਦਾ ਅਹਿਸਾਸ ਦਿਵਾਉਂਦੀ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਨੂੰ ਆਜ਼ਾਦੀ ਤੋਂ ਬਾਅਦ ਭਾਸ਼ਾ ਅਤੇ ਸੱਭਿਆਚਾਰ ਦੇ ਅਧਾਰ ਤੇ ਸੂਬਿਆਂ ਵਿੱਚ ਵੰਡ ਕੀਤੀ ਗਈ। ਅਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਬਰਤਾਨੀਆ ਸਰਕਾਰ ਨੇ ਪ੍ਰਸ਼ਾਸ਼ਨਿਕ ਸੁਵਿਧਾ ਲਈ ਕਈ ਪ੍ਰਾਂਤ ਤੇ ਰਾਜਸ਼ਾਹੀਆਂ ਬਣਾਈਆਂ ਹੋਈਆਂ ਸਨ, ਪ੍ਰੰਤੂ ਅਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਭਾਸ਼ਾ ਆਧਾਰਿਤ ਸੂਬੇ ਬਣਾਏ। ਇਸ ਲੜੀ ਵਿੱਚ ਸਭ ਤੋਂ ਪਹਿਲਾਂ 1953 ਵਿੱਚ ਆਂਧਰਾ ਪ੍ਰਦੇਸ਼ ਤੇਲਗੂ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਮੰਗ ਤੇ ਬਣਾਇਆ ਗਿਆ। ਫਿਰ 1956 ਵਿੱਚ ਰਾਜ ਪੁਨਰ ਗਠਨ ਐਕਟ ਪਾਸ ਕੀਤਾ ਗਿਆ, ਜਿਸ ਨੇ ਭਾਸ਼ਾਈ ਅਧਾਰ ਤੇ ਸੂਬਿਆਂ ਦੀ ਵੰਡ ਨੂੰ ਮਾਨਤਾ ਦਿੱਤੀ। ਇਸ ਐਕਟ ਤਹਿਤ ਕੇਈ ਰਾਜ ਬਣੇ ਜਿਵੇਂ ਕੇਰਲ (ਮਲੀਆਮਲ ਭਾਸ਼ਾ), ਕਰਨਾਟਕ (ਕੰਨੜ ਭਾਸ਼ਾ) ਆਦਿ। ਇਸ ਐਕਟ ਤਹਿਤ ਭਾਰਤ ਨੂੰ 14 ਰਾਜਾਂ ਅਤੇ 6 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਗਿਆ। ਇਸੇ ਲੜੀ ‘ਚ 1966 ਵਿੱਚ ਪੰਜਾਬ ਤੇ ਹਰਿਆਣਾ ਨੂੰ ਦੋ ਵੱਖਰੇ ਰਾਜਾਂ ਵਿੱਚ ਵੰਡਿਆ ਗਿਆ।
ਖਿਆਲਾਂ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਮਾਂ ਬੋਲੀ ਵਿੱਚ ਸਹਿਜਤਾ ਨਾਲ ਕੀਤਾ ਜਾ ਸਕਦਾ ਹੈ। ਰਸੂਲ ਹਮਜ਼ਾਤੋਵ ਆਪਣੀ ਕਿਤਾਬ ਦਾਗਿਸਤਾਨ ਵਿੱਚ ਉਹ ਆਪਣੀ ਮਾਂ ਬੋਲੀ ‘ਅਵਾਰ’ ਭਾਸ਼ਾ ਵਾਰੇ ਇਸ ਤਰਾਂ ਲਿੱਖਦੇ ਹਨ :-
1. “ਮੇਰੀ ਭਾਸ਼ਾ ਮੇਰੀ ਆਤਮਾ ਹੈ। ਇਹ ਮੇਰੇ ਪੂਰਵਜਾਂ ਦੀ ਅਵਾਜ ਹੈ, ਜੋ ਮੇਰੇ ਦਿਲ ਵਿੱਚ ਗੂੰਜਦੀ ਹੈ।”
2. “ਜੇਕਰ ਤੁਸੀਂ ਮੇਰੀ ਭਾਸ਼ਾ ਨੂੰ ਮਾਰਦੇ ਹੋ , ਤਾਂ ਤੁਸੀਂ ਮੇਰੇ ਦਿਲ ਨੂੰ ਮਾਰਦੇ ਹੋ।”
3. “ਭਾਸ਼ਾ ਸਿਰਫ ਸ਼ਬਦ ਨਹੀਂ, ਇਹ ਇੱਕ ਲੋਕਾਂ ਦੀ ਆਤਮਾ ਦੀ ਆਵਾਜ਼ ਹੈ।”
4. “ਮੇਰੀ ਭਾਸ਼ਾ ਮੇਰੇ ਪਹਾੜਾਂ ਦੀ ਤਰ੍ਹਾਂ ਹੈ, ਪੁਰਾਣੀ ਅਤੇ ਅਟੱਲ। ਇਹ ਮੇਰੇ ਲੋਕਾਂ ਦੀ ਯਾਦ ਦਾ ਖ਼ਜ਼ਾਨਾ ਹੈ।”
5. “ਜਦੋਂ ਮੈਂ ਆਪਣੀ ਭਾਸ਼ਾ ਬੋਲਦਾ ਹਾਂ ਤਾਂ ਮੈਂ ਆਪਣੇ ਪੂਰਵਜਾਂ ਦੀ ਅਵਾਜ਼ ਸੁਣਦਾ ਹਾਂ।”
6. “ਮੇਰੀ ਭਾਸ਼ਾ ਮੇਰੀ ਮਾਂ ਦੀ ਲੋਰੀ ਹੈ, ਮੇਰੇ ਬਚਪਨ ਦੀ ਯਾਦ ਹੈ, ਅਤੇ ਮੇਰੇ ਲੋਕਾਂ ਦਾ ਗੀਤ ਹੈ।”
ਰਸੂਲ ਦੀਆਂ ਲਿਖੀਆਂ ਇਹ ਗੱਲਾਂ ਕਿੰਨੀਆ ਸਹੀ ਨੇ ਇਹਦਾ ਅੰਦਾਜ਼ਾ ਅਸਾਨੀ ਨਾਲ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦੇ ਇਤਿਹਾਸ ਵਿੱਚ ਝਾਕ ਕੇ ਲਾਇਆ ਜਾ ਸਕਦਾ ਹੈ।
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਹਰ ਸਾਲ 21 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆ ਭਰ ਵਿੱਚ ਭਾਸ਼ਾ ਦੀਆਂ ਭਵਿੰਨਤਾਂਵਾਂ ਅਤੇ ਮਾਤ ਭਾਸ਼ਾ ਦੀ ਮਹੱਤਤਾ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਦਾ ਇਤਿਹਾਸ ਬੰਗਲਾਦੇਸ਼ ਦੇ ਇਤਿਹਾਸ ਨਾਲ ਡੂੰਘਾ ਜੁੜਿਆ ਹੋਇਆ ਹੈ। 1947 ਵਿੱਚ ਭਾਰਤ ਦੀ ਵੰਡ ਤੋਂ ਬਾਅਦ ਬੰਗਲਾਦੇਸ਼ ਪਾਕਿਸਤਾਨ ਦਾ ਹਿੱਸਾ ਬਣ ਗਿਆ, ਜਿਸ ਨੂੰ ਪੂਰਵੀ ਪਾਕਿਸਤਾਨ ਵੀ ਕਿਹਾ ਜਾਂਦਾ ਸੀ। ਲਹਿੰਦੇ ਪਾਕਿਸਤਾਨ ਵਿੱਚ ਉਰਦੂ ਭਾਸ਼ਾ ਦਾ ਦਬਦਬਾ ਸੀ ਅਤੇ ਪਾਕਿਸਤਾਨ ਸਰਕਾਰ ਨੇ ਉਰਦੂ ਨੂੰ ਹੀ, ਸਮੇਤ ਪੂਰਬੀ ਪਾਕਿਸਤਾਨ, ਇਕਲੌਤੀ ਰਾਜ ਭਾਸ਼ਾ ਘੋਸ਼ਿਤ ਕਰ ਦਿੱਤਾ, ਜਦੋਂ ਕਿ ਪੂਰਵੀ ਪਾਕਿਸਤਾਨ ਦੀ ਮਾਤ ਭਾਸ਼ਾ ਬੰਗਾਲੀ ਸੀ। ਇਸ ਫੈਸਲੇ ਨੇ ਬੰਗਾਲੀ ਲੋਕਾਂ ਵਿੱਚ ਗੁੱਸੇ ਅਤੇ ਵਿਰੋਧ ਨੂੰ ਜਨਮ ਦਿੱਤਾ। ਸਾਲ 1952, 21 ਫਰਵਰੀ ਦੇ ਦਿਨ ਢਾਕਾ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਅਤੇ ਬੰਗਾਲੀ ਭਾਸ਼ਾ ਸਮਰਥਕਾਂ ਨੇ ਬੰਗਾਲੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਲਈ ਵਿਰੋਧ ਪ੍ਰਦਰਸ਼ਨ ਕੀਤਾ।  ਪਾਕਿਸਤਾਨੀ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉੱਤੇ ਗੋਲੀਬਾਰੀ ਕਰ ਦਿੱਤੀ, ਜਿਸ ਵਿੱਚ ਕਈ ਲੋਕ ਮਾਰੇ ਗਏ। ਇਸ ਘਟਨਾ ਨੇ ਬੰਗਾਲੀ ਲੋਕਾਂ ਵਿੱਚ ਭਾਸ਼ਾ ਅਤੇ ਸੱਭਿਆਚਾਰ ਪਛਾਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰ ਦਿੱਤਾ। ਇਹ ਵੀ ਕਿਹਾ ਜਾਂਦਾ ਕਿ ਇਸ ਭਾਸ਼ਾ ਅੰਦੋਲਨ ਨੇ ਬੰਗਲਾਦੇਸ਼ ਦੀ ਆਜ਼ਾਦੀ ਦੀ ਲੜਾਈ ਨੂੰ ਵੀ ਪ੍ਰੇਰਿਤ ਕੀਤਾ। ਸੰਨ 1971 ਵਿੱਚ ਬੰਗਲਾਦੇਸ਼ ਨੇ ਪਾਕਿਸਤਾਨ ਤੋਂ ਆਜ਼ਾਦੀ ਹਾਸਲ ਕੀਤੀ ਅਤੇ ਇੱਕ ਸੁਤੰਤਰ ਰਾਸ਼ਟਰ ਬਣ ਗਿਆ। 21 ਫਰਵਰੀ ਨੂੰ ਬੰਗਲਾਦੇਸ਼ ਵਿੱਚ ਭਾਸ਼ਾ ਸ਼ਹੀਦ ਦਿਵਸ ਵਜੋਂ ਮਨਾਇਆ ਜਾਂਦਾ ਹੈ।
1999 ਵਿੱਚ ਸੰਯੁਕਤ ਰਾਸ਼ਟਰ ਸਿੱਖਿਆ, ਵਿਗਿਆਨ ਅਤੇ ਸੱਭਿਆਚਾਰਕ ਸੰਗਠਨ ਨੇ 21 ਫਰਵਰੀ ਨੂੰ ਅੰਤਰਰਾਸ਼ਟਰੀ ਮਾਤ ਭਾਸ਼ਾ ਵਜੋਂ ਮਨਾਉਣ ਦਾ ਫੈਸਲਾ ਕੀਤਾ। ਇਹ ਫੈਸਲਾ ਦੁਨੀਆਂ ਭਰ ਵਿੱਚ ਭਾਸ਼ਾ ਭਵਿੰਨਤਾ ਅਤੇ ਮਾਤ ਭਾਸ਼ਾ ਦੀ ਸੁਰੱਖਿਆ ਨੂੰ ਉਤਸਾਹਿਤ ਕਰਨ ਲਈ ਲਿਆ ਗਿਆ ਸੀ।  ਇਹ ਦਿਨ ਮਾਤ ਭਾਸ਼ਾ ਦੀ ਮੱਹਤਤਾ ਨੂੰ ਉਜਾਗਰ ਕਰਦਾ ਹੈ। ਮਾਤ ਭਾਸ਼ਾ ਸਿਰਫ ਸੰਚਾਰ ਦਾ ਸਾਧਨ ਨਹੀਂ ਬਲਕਿ ਸਾਡੀ ਸੱਭਿਆਚਾਰਕ ਅਤੇ ਆਤਮਿਕ ਪਛਾਣ ਦਾ ਹਿੱਸਾ ਹੈ। ਕਿਹਾ ਜਾਂਦਾ ਹੈ ਕਿ ਅਗਰ ਕਿਸੇ ਨਸਲ ਨੂੰ ਖਤਮ ਕਰਨਾ ਹੋਵੇ ਤਾਂ ਉਸ ਖਿੱਤੇ ਦੀ ਮਾਂ ਬੋਲੀ ਨੂੰ ਖਤਮ ਕਰ ਦਿਓ, ਉਹ ਲੋਕ ਆਪਣੇ ਆਪ ਖਤਮ ਹੋ ਜਾਣਗੇ। ਹਰ ਇੱਕ ਭਾਸ਼ਾ ਵਿੱਚ ਉਹ ਅਨੁਭਵ ਅਤੇ ਸੰਵੇਦਨਾ ਜੁੜੀ ਹੁੰਦੀ ਹੈ ਜੋ ਕਿਸੇ ਹੋਰ ਭਾਸ਼ਾ ਵਿੱਚ ਸੰਪੂਰਨ ਤੌਰ ‘ਤੇ ਪ੍ਰਕਟ ਨਹੀਂ ਕੀਤੀ ਜਾ ਸਕਦੀ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਦੁਨੀਆਂ ਭਰ ਵਿੱਚ 6000 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅਤੇ ਅੰਕੜਿਆਂ ਅਨੁਸਾਰ ਲਗਭਗ 43 ਫੀਸਦੀ ਭਾਸ਼ਾਵਾਂ ਦੇ ਅਲੋਪ ਹੋਣ ਦਾ ਖਤਰਾ ਹੈ। ਹਰ ਦੋ ਹਫ਼ਤੇ ਵਿੱਚ ਇੱਕ ਭਾਸ਼ਾ ਅਲੋਪ ਹੋ ਜਾਂਦੀ ਹੈ। ਇਸ ਲਈ ਇਹ ਦਿਨ ਭਾਸ਼ਾਈ ਭਵਿੰਨਤਾ ਨੂੰ ਬਚਾਉਣ ਲਈ ਜਾਗਰੂਕਤਾ ਫੈਲਾਉਂਦਾ ਹੈ। ਮਾਤ ਭਾਸ਼ਾ ਵਿੱਚ ਦਿੱਤੀ  ਸਿੱਖਿਆ ਬੱਚਿਆਂ ਦੇ ਮਾਨਸਿਕ ਵਿਕਾਸ ਲਈ ਬਹੁਤ ਜਰੂਰੀ ਹੈ। ਇਹ ਦਿਵਸ ਮਾਤ ਭਾਸ਼ਾ ਵਿੱਚ ਸਿੱਖਿਆ ਨੂੰ ਵੀ ਉਤਸਾਹਿਤ ਕਰਦਾ ਹੈ।
ਇਸ ਦਿਨ ਨੂੰ ਮਨਾਉਣ ਲਈ ਦੁਨੀਆਂ ਭਰ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਵੱਖ ਵੱਖ ਭਾਸ਼ਾਵਾਂ ਦੇ ਸ਼ੁਭ ਚਿੰਤਕਾਂ ਵੱਲੋਂ ਉਲੀਕੇ ਜਾਂਦੇ ਹਨ। ਇਸ ਦਿਨ ਸੱਭਿਆਚਾਰਕ ਪ੍ਰੋਗਰਾਮ, ਕਵਿਤਾ ਗਾਇਨ ਅਤੇ ਭਾਸ਼ਾ ਸਬੰਧੀ ਚਰਚਾਵਾਂ ਹੁੰਦੀਆਂ ਹਨ। ਲੋਕਾਂ ਨੂੰ ਭਾਸ਼ਾਈ ਭਿੰਨਤਾ ਅਤੇ ਮਾਤ ਭਾਸ਼ਾ ਦੀ ਮਹੱਤਤਾ ਬਾਰੇ ਜਾਗਰੂਕ ਵੀ ਕੀਤਾ ਜਾਂਦਾ ਹੈ। ਬੰਗਲਾਦੇਸ਼ ਵਿੱਚ ਭਾਸ਼ਾ ਭਾਸ਼ਾ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਅਤੇ ਸਮਾਰਕਾਂ ਤੇ ਫੁੱਲ ਚੜਾਏ ਜਾਂਦੇ ਹਨ।
ਪੰਜਾਬ ਸਰਕਾਰ ਵੀ ਅੰਤਰਰਾਸ਼ਟਰੀ ਭਾਸ਼ਾ ਦਿਵਸ ਨੂੰ ਬੜੀ ਧੂਮ ਧਾਮ ਨਾਲ ਹਰ ਸਾਲ ਮਨਾਉਂਦੀ ਹੈ। ਇਸ ਵਾਰ ਵੀ ਪੰਜਾਬ ਸਰਕਾਰ ਵਲੋਂ ਤੇ ਭਾਸ਼ਾ ਦੀ ਬਿਹਤਰੀ ਅਤੇ ਚੜ੍ਹਦਕਲਾ ਲਈ ਕੰਮ ਕਰਦੀਆਂ ਵੱਖ ਵੱਖ ਸੰਸਥਾਵਾਂ ਇਸ ਦਿਹਾੜੇ ਨੂੰ ਵੱਖ ਵੱਖ ਪ੍ਰੋਗਰਾਮ ਉਲੀਕ ਕੇ ਮਨਾਉਣਗੇ ਜਿੱਥੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਦੇ ਲੋਕ ਦੇਸ਼ ਵਿਦੇਸ਼ ਤੋਂ ਸ਼ਾਮਿਲ ਹੋਣਗੇ। ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਸਰਵੋਤਮ ਲੇਖਣੀ ਲਈ ਵੱਖ ਵੱਖ ਲੇਖਕਾਂ ਨੂੰ ਪੁਰਸਕਾਰ ਦੇਣ ਦਾ ਬਹੁਤ ਵਧੀਆ ਉਪਰਾਲਾ ਵੀ ਕਰਦੀ ਹੈ। ਇਹਨਾ ਪੁਰਸਕਾਰਾਂ ਨਾਲ ਵਿਵਾਦ ਜੁੜਨਾ ਵੀ ਆਮ ਗੱਲ ਹੈ, ਇਹ ਵਿਵਾਦ ਮੁੱਖ ਤੌਰ ਤੇ ਪੁਰਸਕਾਰਾਂ ਦੀ ਚੋਣ ਪ੍ਰਕਿਰਿਆ  ਅਤੇ ਪੁਸਤਕਾਂ ਦੀ ਸਮੱਗਰੀ ਨਾਲ ਸਬੰਧਿਤ ਹੈ। ਉਹਨਾਂ ਦਾ ਕਹਿਣਾ ਹੈ ਕਿ ਕਈ ਵਾਰ ਕੁਝ ਮਹੱਤਵਪੂਰਨ ਅਤੇ ਯੋਗ ਪੁਸਤਕਾਂ ਨੂੰ ਪੁਰਸਕਾਰ ਤੋਂ ਵਾਂਝਾ ਰੱਖਿਆ ਜਾਂਦਾ ਹੈ, ਜਿਸ ਨਾਲ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਨਿਆਂਸਗੱਤਤਾ ਤੇ ਸਵਾਲ ਖੜੇ ਹੁੰਦੇ ਹਨ। ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਇਹ ਵਿਵਾਦ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਵਿਕਾਸ ਅਤੇ ਪ੍ਰਸਾਰ ਲਈ ਮਹੱਤਵਪੂਰਨ ਹਨ ਕਿਉਂਕਿ ਇਹ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਸੁਧਾਰਨ ਦੀ ਲੋੜ ਨੂੰ ਦਰਸਾਉਂਦੇ ਹਨ।
 ਆਓ ਅਸੀਂ ਸਾਰੇ ਅੱਜ ਇਸ ਪਾਕ ਪਵਿੱਤਰ ਦਿਨ ਸਾਰੀਆਂ ਭਾਸ਼ਾਵਾਂ ਨੂੰ ਬਰਾਬਰ ਦਾ ਸਤਿਕਾਰ ਦਿੰਦੇ ਹੋਏ, ਵਿਵਾਦਾਂ ਨੂੰ ਪਿੱਛੇ ਛੱਡ ਇੱਕ ਮੁੱਠ ਹੋ ਪੰਜਾਬੀ ਮਾਂ ਬੋਲੀ ਦੀ  ਸੇਵਾ ਕਰੀਏ ਕਿਉਂ ਇਹ ਭਾਸ਼ਾ ਸਿਰਫ ਸ਼ਬਦ ਨਹੀਂ ਬਲਕਿ ਸਾਡੀ ਪਛਾਣ, ਸੱਭਿਆਚਾਰ ਤੇ ਵਿਰਾਸਤ ਦਾ ਹਿੱਸਾ ਹੈ ਇਸ ਨੂੰ ਸੰਭਾਲਣ ਅਤੇ ਇਸ ਦੀ ਰੱਖਿਆ ਕਰਨਾ ਸਾਡਾ ਫਰਜ ਹੈ।
ਅਸ਼ਲੇਸ਼ ਗੜ੍ਹੀ ਪੁਲਿਸ ਅਫ਼ਸਰ ਨਿਊਜ਼ੀਲੈਂਡ
Previous articleਹਾਈ ਕੋਰਟ ਵੱਲੋਂ ਨਿੱਜੀ ਸਕੂਲਾਂ ‘ਚ 25 ਫ਼ੀਸਦੀ ਸੀਟਾਂ ਕਮਜ਼ੋਰ ਵਰਗਾਂ ਲਈ ਰਾਖਵੀਆਂ ਕਰਨ ਦੇ ਨਿਰਦੇਸ਼
Next articleਤਾਈ ਮਾਦਾ ਦੇ ਘਰ ਦੀ ਲੱਸੀ