ਸਮਾਜ ਦਾ ਮੁੱਖ ਧੁਰਾ ਹੈ,ਧੀਆਂ
ਇਹ ਧੀਆਂ ਹੀ ਹਨ ਜੋ ਸਾਰੇ ਰਿਸ਼ਤਿਆਂ ਨੂੰ ਜੋੜਕੇ ਅਤੇ ਇੱਕ ਧਾਗੇ ‘ਚ ਪਰੋਕੇ ਰੱਖਦੀਆਂ ਹਨ।
(ਸਮਾਜ ਵੀਕਲੀ) ਘਰਾਂ ‘ਚ ਪਿਆਰ, ਸਤਿਕਾਰ ਰਹਿਣ-ਸਹਿਣ ਦਾ ਢੰਗ ਅਤੇ ਬੋਲ-ਬਾਣੀ ਦਾ ਤਰੀਕਾ ਸਿਰਫ ਉਸ ਵੇਲੇ ਹੀ ਸਲੀਕੇ ਨਾਲ ਪੇਸ਼ ਕੀਤਾ ਜਾਂਦਾ ਹੈ ਜਦੋਂ ਘਰ ਵਿੱਚ ਕੋਈ ਧੀ ਧਿਆਣੀ ਹੋਵੇ। ਕਿਉਕਿ ਇੱਕ ਧੀ ਹੀ ਹੈ ਜੋ ਘਰ ਦੇ ਸਾਰੇ ਮੈਂਬਰਾਂ ਨੂੰ ਰੋਕ-ਟੋਕ ਅਤੇ ਸਮਝਾ ਸਕਦੀ ਹੈ ਭਾਵ ਧੀ ਨੂੰ ਘਰ ਦੀ ਬੇਬੇ ਮੰਨਿਆ ਜਾਂਦਾ ਹੈ।
ਧੀਆਂ ਹੀ ਸਾਰੇ ਸੰਸਾਰ ਦੀ ਸਿਰਜਣਹਾਰ, ਪਾਲਣ-ਪੋਸਣ ਅਤੇ ਮਾਵਾਂ ਹੁੰਦੀਆਂ ਹਨ। ਇਹ ਧੀਆਂ ਹੀ ਹਨ ਜੋ ਸਾਰੇ ਰਿਸ਼ਤਿਆਂ ਨੂੰ ਜੋੜਕੇ ਰੱਖਦੀਆਂ ਹਨ,ਹਰ ਰਿਸ਼ਤੇ ਨੂੰ ਇੱਕ ਧਾਗੇ ‘ਚ ਪਰੋਕੇ ਰੱਖਦੀਆਂ ਹਨ। ਇਸ ਲਈ ਸਾਨੂੰ ਹਮੇਸ਼ਾ ਹੀ ਧੀਆਂ ਦਾ ਸਤਿਕਾਰ ਅਤੇ ਰੱਖਿਆ ਕਰਨੀ ਚਾਹੀਦਾ ਹੈ। ਧੀਆਂ ਸਾਡੇ ਘਰ ਦੀ ਸ਼ਾਨ ਹੁੰਦੀਆਂ ਹਨ, ਕੁਦਰਤ ਵੱਲੋ ਦਿੱਤਾ ਇੱਕ ਅਣਮੋਲ ਤੋਹਫਾ ਹੈ ਧੀਆਂ ।
ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀਆਂ ਧੀਆਂ ਕਦੋਂ ਜਵਾਨ ਹੋ ਜਾਂਦੀਆਂ ਹਨ ਅਤੇ ਕਦੋਂ ਵਿਆਹੀਆਂ ਜਾਂਦੀਆਂ ਹਨ। ਧੀ ਦੇ ਵੱਡੇ ਹੋਣ ਤੱਕ ਘਰ ਵਿੱਚ ਬਹੁਤ ਚਾਅ ਜਿਹਾ ਰਹਿੰਦਾ ਹੈ। ਵਿਆਹ ਤੋਂ ਬਾਅਦ ਜਦੋਂ ਧੀ ਸਹੁਰੇ ਘਰ ਚਲੀ ਜਾਂਦੀ ਹੈ ਤਾਂ ਸਾਰੇ ਘਰ ਵਿੱਚ ਧੀ ਦੀਆਂ ਸਿਰਫ ਯਾਦਾਂ ਹੀ ਰਹਿ ਜਾਂਦੀਆਂ ਹਨ। ਇਸ ਤਰ੍ਹਾਂ ਲਗਦਾ ਹੈ ਜਿਵੇਂ ਘਰ ਦੀ ਰੌਣਕ ਹੀ ਚਲੀ ਗਈ ਹੋਵੇ। ਦਸਣਯੋਗ ਹੈਕਿ ਇਕ ਧੀ ਆਪਣੀ ਅੱਧੀ ਜ਼ਿੰਦਗੀ ਮਾਪਿਆਂ ਦੇ ਘਰ ਬਿਤਾਉਂਦੀ ਹੈ ਅਤੇ ਜਦੋਂ ਉਸਦਾ ਵਿਆਹ ਹੋ ਜਾਂਦਾ ਹੈ ਤਾਂ ਉਸਦੇ ਪਤੀ ਦਾ ਪਰਿਵਾਰ ਹੀ ਉਸਦਾ ਆਪਣਾ ਪਰਿਵਾਰ ਬਣ ਜਾਂਦਾ ਹੈ। ਇਸ ਤਰ੍ਹਾਂ ਧੀਆ ਦੇ ਦੋ ਪਰਿਵਾਰ ਹੁੰਦੇ ਹਨ। ਇੱਕ ਪਰਿਵਾਰ ਉਹ ਹੈ ਜਿੱਥੇ ਉਹ ਪੈਦਾ ਹੋਈ ਹੈ ਅਤੇ ਦੂਜਾ ਪਰਿਵਾਰ, ਉਸਦੇ ਪਤੀ ਦਾ ਘਰ, ਭਾਵ ਸੌਹਰਾ ਪ੍ਰੀਵਾਰ ਹੈ ।
ਪਰ ਅੱਜਕੱਲ ਕਈ ਲੋਕ ਧੀਆਂ ਨੂੰ ਉਨ੍ਹਾਂ ਦੀ ਕਾਬਲੀਅਤ ਅਤੇ ਹੁਨਰ ਨੂੰ ਪਛਾਣੇ ਬਿਨਾਂ ਹੀ ਬੋਝ ਸਮਝਦ ਲੱਗ ਪਏ ਹਨ। ਧੀ ਬੋਝ ਨਹੀਂ ਹੁੰਦੀ, ਇਹ ਤਾਂ ਸਾਡੇ ਸਮਾਜ ਦੀ ਘਟੀਆ ਸੋਚ ਹੈ ਕਿ ਲੋਕ ਧੀਆਂ ਨੂੰ ਬੋਝ ਸਮਝਦੇ ਹਨ। ਉਸ ਨੂੰ ਵੀ ਤਾਂ ਇੱਕ ਮਾਂ ਨੇ ਹੀ ਜਨਮ ਦਿੱਤਾ ਜੋ ਅੱਜ ਵੀ ਕਿਸੇ ਦੀ ਧੀ ਹੀ ਹੈ। ਅੱਜ ਹਰ ਕੋਈ ਆਪਣੀਆਂ ਧੀਆਂ ਨੂੰ ਪੜ੍ਹਾਉਣ ਲੱਗ ਪਿਆ ਹੈ। ਪਹਿਲਾਂ ਲੋਕ ਸੋਚਦੇ ਸਨ ਕਿ ਜੇ ਧੀ ਘਰੋਂ ਬਾਹਰ ਗਈ ਤਾਂ ਕੁਝ ਗਲਤ ਹੋ ਜਾਵੇਗਾ। ਇਸ ਲਈ ਧੀ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ ਸੀ ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਧੀਆਂ ਤਰੱਕੀ ਵੱਲ ਵਧ ਰਹੀਆਂ ਹਨ। ਅੱਜ ਧੀਆਂ ਡਾਕਟਰ, ਇੰਜੀਨੀਅਰ ਅਤੇ ਵਿਗਿਆਨੀ ਵਰਗੇ ਅਹੁਦਿਆਂ ‘ਤੇ ਪਹੁੰਚ ਰਹੀਆਂ ਹਨ। ਦੇਸ਼ ਦੇ ਵਿਕਾਸ ਦੀ ਦੌੜ ਵਿੱਚ ਵੀ ਧੀਆਂ ਕਦਮ-ਦਰ-ਕਦਮ ਅੱਗੇ ਵੱਧ ਰਹੀਆਂ ਹਨ।
ਅੱਜ ਧੀਆਂ ਪੁੱਤਰਾਂ ਨਾਲੋਂ ਅੱਗੇ ਵੱਧ ਰਹੀਆਂ ਹਨ। ਧੀਆਂ ਨੇ ਹਰ ਖੇਤਰ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਹੁਣ ਉਨ੍ਹਾਂ ਖੇਤਰਾਂ ਵਿੱਚ ਵੀ ਸਫ਼ਲਤਾ ਹਾਸਲ ਕਰ ਰਹੀਆਂ ਹਨ ਜਿੱਥੇ ਕਦੇ ਧੀਆਂ ਨੇ ਪ੍ਰਵੇਸ਼ ਹੀ ਨਹੀਂ ਸੀ।
ਹਰ ਸਾਲ ਸਤੰਬਰ ਮਹੀਨੇ ਦੇ ਚੋਥੇ ਐਤਵਾਰ ਨੂੰ ਵਿਸ਼ਵ ਧੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਾਡੇ ਵੱਲੋ ਤਾਂ ਸਿਰਫ਼ ਸਾਲ ਦਾ ਇੱਕ ਦਿਨ ਹੀ ਧੀ ਲਈ ਖ਼ਾਸ ਚੁਣਿਆ ਗਿਆ ਹੈ ਪਰ ਧੀਆਂ ਲਈ ਉਸ ਦੇ ਮਾਂ ਬਾਪ ਦਾ ਘਰ , ਪੇਕੇ, ਸੌਹਰੇ ਸਾਲ ਦੇ ਹਰੇਕ ਦਿਨ ਹੀ ਖਾਸ ਹੁੰਦੇ ਹਨ। ਕਿਉਕਿ ਧੀਆਂ ਵਿੱਚ ਆਪਣੇ ਮਾਪਿਆਂ ਪ੍ਰਤੀ , ਸੱਸ ਸੌਹਰੇ ਪ੍ਰਤੀ, ਭਰਾਵਾਂ ਪ੍ਰਤੀ, ਘਰਵਾਲੇ ਪ੍ਰਤੀ ਅਤੇ ਆਪਣੇ ਬੱਚਿਆ ਪ੍ਰਤੀ ਪਿਆਰ,ਸਤਿਕਾਰ, ਫਿਕਰ ਤੇ ਸ਼ਰਧਾ ਹਰ ਘੜੀ ਹੀ ਹੁੰਦੀ ਹੈ । ਇਹ ਇੱਕ ਧੀ ਹੀ ਹੁੰਦੀ ਹੈ, ਜੋ ਆਪਣੇ ਮਾਪਿਆਂ ਦੇ ਹਰ ਦੁੱਖ ਸੁੱਖ ਵਿੱਚ ਹਮੇਸ਼ਾ ਉਨ੍ਹਾਂ ਦਾ ਸਾਥ ਦਿੰਦੀ ਹੈ। ਵਿਆਹ ਤੋਂ ਬਾਅਦ ਚਾਹੇ ਓਹ ਦੂਜੇ ਘਰ ਚਲੀ ਜਾਂਦੀ ਹੈ ਪਰ ਕਦੇ ਵੀ ਆਪਣੇ ਮਾਪਿਆਂ ਦਾ ਫਿਕਰ ਕਰਨਾ ਨਹੀਂ ਛਡਦੀ। ਉਨ੍ਹਾਂ ਦੀ ਸੁੱਖ ਤੇ ਸਲਾਮਤੀ ਹਮੇਸ਼ਾਂ ਹੀ ਓਸ ਪ੍ਰਮਾਤਮਾ ਕੋਲੋ ਮੰਗਦੀ ਰਹਿੰਦੀ ਹੈ। ਓਹ ਸੌਹਰੇ ਘਰ ਦੀਆਂ ਖੁਸ਼ੀਆਂ ਦੇ ਨਾਲ-ਨਾਲ ਆਪਣੇ ਪੇਕੇ ਘਰ ਦੀਆਂ ਸੁੱਖ, ਖੁਸ਼ੀਆਂ ਹਮੇਸ਼ਾ ਓਸ ਪ੍ਰਮਾਤਮਾਂ ਕੋਲੋਂ ਮੰਗਦੀਆਂ ਰਹਿੰਦੀਆਂ ਹਨ ।
ਧੀਆਂ ਸਾਡੇ ਘਰਾਂ ਦੇ ਬਾਗ਼ ਦਾ ਉਹ ਮਹਿਕਦਾ ਫੁੱਲ ਹਨ, ਜਿਸ ਦੀ ਮਹਿਕ ਅਗਰ ਪੇਕੇ ਘਰ ‘ਚ ਨਨਾਣ,ਭੂਆਂ ਅਤੇ ਮਾਸੀ ਵਿੱਚੋ ਆਉਂਦੀ ਹੈ ਤਾਂ ਸੋਹਰੇ ਘਰ ਭਰਜਾਈ, ਚਾਚੀ-ਤਾਈ ਅਤੇ ਮਾਮੀ ਦੇ ਰਿਸ਼ਤੇ ਵਿੱਚੋ ਆਉਂਦੀ ਹੈ।
ਬਲਦੇਵ ਸਿੰਘ ਬੇਦੀ
ਜਲੰਧਰ
https://play.google.com/store/apps/details?id=in.yourhost.samajweekly