ਆਪ ਨੇ ਪੰਜ ਨਗਰ ਨਿਗਮਾਂ ਵਿੱਚੋਂ ਇੱਕ ਵੀ ਮੇਅਰ ਦੀ ਸੀਟ ਐੱਸਸੀ ਲਈ ਰਾਖਵੀਂ ਨਹੀਂ ਰੱਖੀ
ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਹੈ ਕਿ ਆਪ ਸਰਕਾਰ ਵੱਲੋਂ ਸੂਬੇ ਵਿੱਚ ਲਗਾਤਾਰ ਦਲਿਤ-ਪੱਛੜੇ ਵਰਗਾਂ ਦੇ ਹਿੱਤਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਲਿਤਾਂ ਦੀ ਅਣਦੇਖੀ ਦਾ ਤਾਜਾ ਮਾਮਲਾ ਪੰਜ ਨਗਰ ਨਿਗਮਾਂ ਦੇ ਮੇਅਰ ਦੀ ਚੋਣ ਵਿੱਚ ਦਿਸਦਾ ਹੈ। ਇਨ੍ਹਾਂ ਪੰਜ ਨਗਰ ਨਿਗਮ ਦੇ ਮੇਅਰ ਦੀ ਸੀਟਾਂ ਵਿੱਚੋਂ ਕੋਈ ਵੀ ਦਲਿਤ ਵਰਗ ਲਈ ਰਾਖਵੀਂ ਨਹੀਂ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ 40 ਫ਼ੀਸਦੀ ਤੋਂ ਵੱਧ ਦਲਿਤਾਂ ਦੀ ਆਬਾਦੀ ਹੈ। ਆਪ ਉਨ੍ਹਾਂ ਦੀਆਂ ਵੋਟਾਂ ਤਾਂ ਲੈਣ ਲੱਗੀ ਹੋਈ ਹੈ, ਪਰ ਦਲਿਤਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦੇਣਾ ਚਾਹੁੰਦੀ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਹ ਵੀ ਕਿਹਾ ਕਿ ਇੱਕ ਪਾਸੇ ਲੋਕਾਂ ਵਿੱਚ ਦਿਖਾਵੇ ਲਈ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਉਨ੍ਹਾਂ ਦੇ ਪੈਰੋਕਾਰਾਂ ਦੇ ਹੱਕ ਖੋਹਣ ਦੇ ਫੈਸਲੇ ਲਏ ਜਾ ਰਹੇ ਹਨ, ਜਿਸਦੀ ਬਸਪਾ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਐੱਸਸੀ ਕਮਿਸ਼ਨ ਦਾ ਚੇਅਰਮੈਨ ਵੀ ਆਪ ਸਰਕਾਰ ਵੱਲੋਂ ਨਹੀਂ ਲਗਾਇਆ ਜਾ ਰਿਹਾ ਹੈ ਤੇ ਉਸਦੇ ਮੈਂਬਰਾਂ ਦੀ ਵੀ ਗਿਣਤੀ ਘਟਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਲਾਅ ਅਫ਼ਸਰਾਂ ਦੀ ਭਰਤੀ ਵਿੱਚ ਵੀ ਇਸੇ ਤਰ੍ਹਾਂ ਹੀ ਕੀਤਾ ਗਿਆ ਸੀ, ਜਿਸਨੂੰ ਦਲਿਤਾਂ ਦੇ ਵਿਰੋਧ ਤੋਂ ਬਾਅਦ ਆਪ ਸਰਕਾਰ ਨੂੰ ਬਦਲਣਾ ਪਿਆ। ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਦਲਿਤ-ਪੱਛੜੇ ਵਰਗਾਂ ਨੂੰ ਆਪ ਦੀਆਂ ਅਜਿਹੀਆਂ ਦਲਿਤ-ਪੱਛੜੇ ਵਰਗਾਂ ਵਿਰੋਧੀ ਨੀਤੀਆਂ ਪ੍ਰਤੀ ਸੁਚੇਤ ਹੋਣ ਅਤੇ ਵਿਰੋਧ ਜਤਾਉਣ ਦੀ ਲੋੜ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj