ਕਪੂਰਥਲਾ , 28 ਜੁਲਾਈ (ਕੌੜਾ)- ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧਣ ਕਰਕੇ ਦਰਿਆ ਨਾਲ ਲੱਗਦੇ ਖੇਤਰਾਂ ਵਿੱਚ ਪੈਦਾ ਹੋਈ ਸਥਿਤੀ ਨੂੰ ਦੇਖਦਿਆਂ ਪਿੰਡ ਅਮ੍ਰਿੰਤਪੁਰ ਤੋਂ ਬਾਜੇ ਤੱਕ ਬਣਾਏ ਗਏ ਆਰਜ਼ੀ ਬੰਨ੍ਹ ਦਾ ਐਸ.ਡੀ.ਐਮ ਸੁਲਤਾਨਪੁਰ ਲੋਧੀ ਚੰਦਰਾ ਜਯੋਤੀ ਸਿੰਘ ਅਤੇ ਤਹਿਸੀਲਦਾਰ ਗੁਰਲੀਨ ਕੌਰ ਵੱਲੋਂ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ਼ ਲੈ ਦੌਰਾ ਕੀਤਾ ਗਿਆ। ਇਸ ਆਰਜ਼ੀ ਬੰਨ੍ਹ ਉੱਪਰ ਪਿਛਲੇ ਕਈ ਦਿਨਾਂ ਤੋਂ ਇਲਾਕਾ ਨਿਵਾਸੀਆਂ ਵੱਲੋਂ ਮਿੱਟੀ ਪਾਈ ਜਾ ਰਹੀ ਹੈ। ਇਸ ਮੌਕੇ ਬੰਨ੍ਹ ਦਾ ਜਾਇਜ਼ਾ ਲੈਣ ਸਮੇਂ ਐਸ.ਡੀ.ਐਮ ਚੰਦਰਾ ਜਯੋਤੀ ਸਿੰਘ ਨੇ ਕਿਹਾ ਕਿ ਦਰਿਆ ਬਿਆਸ ਵਿੱਚ ਪਾਣੀ ਵਹਾਅ ਤੇਜ਼ੀ ਨਾਲ ਚੱਲ ਰਿਹਾ ਹੈ।ਪਰ ਸਥਿਤੀ ਕਾਬੂ ਹੇਠ ਹੈ।ਇਸ ਮੌਕੇ ਉਨ੍ਹਾਂ ਨੇ ਲੋਕਾਂ ਦੀ ਮੰਗ ਤੇ ਬੰਨ੍ਹ ਦੀ ਮਜ਼ਬੂਤੀ ਲਈ ਗੱਟੇ ਭੇਜਣ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਹਾਜ਼ਰ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਮੰਗਲ ਸਿੰਘ ਭੱਟੀ ਨੇ ਦੱਸਿਆ ਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਆਰਜ਼ੀ ਬੰਨ੍ਹ ਦੇ ਦੂਜੇ ਪਾਸੇ ਪਾਣੀ ਦੀ ਸੇਮ ਪੈਣੀ ਸ਼ੁਰੂ ਹੋ ਗਈ ਸੀ। ਲੋਕਾਂ ਵੱਲੋਂ ਬੰਨ੍ਹ ਦੀ ਮਜ਼ਬੂਤੀ ਲਈ ਪਿਛਲੇ ਕਈ ਦਿਨਾਂ ਤੋਂ ਮਿੱਟੀ ਦੇ ਗੱਟੇ ਭਰ ਕੇ ਬੰਨ੍ਹ ਦੇ ਨਾਲ ਲਾਏ ਜਾ ਰਹੇ ਹਨ।ਇਸ ਮੌਕੇ ਮਾਲ ਵਿਭਾਗ ਦੇ ਪਟਵਾਰੀ ਸੁਖਜੀਤ ਸਿੰਘ ਗੋਇੰਦਵਾਲ ਨੇ ਦੱਸਿਆ ਕਿ ਬੰਨ੍ਹ ਉੱਪਰ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਇਲਾਕ਼ਾ ਨਿਵਾਸੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਮੌਕੇ ਸਰਪੰਚ ਗੁਰਦੀਪ ਸਿੰਘ, ਗੁਰਚਰਨ ਸਿੰਘ, ਮੁਨਸ਼ਾ ਸਿੰਘ,ਮੰਗਲ ਸਿੰਘ,ਚੰਨਣ ਸਿੰਘ,ਅਨੋਖ ਸਿੰਘ, ਕਰਨੈਲ ਸਿੰਘ,ਅਮਰੀਕ ਸਿੰਘ ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly