ਮਹਿੰਗਾਈ ਨੇ ਮਧੋਲਿਆ ਲੋਕਾਂ ਨੂੰ

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

(ਸਮਾਜ ਵੀਕਲੀ)

ਹਰ ਮਨੁੱਖ ਲਈ ਰੋਟੀ ਕੱਪੜਾ ਅਤੇ ਮਕਾਨ ਬਹੁਤ ਅਹਿਮ ਹਨ।ਕੁੱਝ ਇਕ ਨੂੰ ਛੱਡਕੇ ਬਾਕੀ ਬਹੁਤੀ ਗਿਣਤੀ ਤਾਂ ਇੰਨਾ ਤਿੰਨਾਂ ਦੀ ਪੂਰਤੀ ਲਈ ਦੌੜ ਦੀ ਰਹਿੰਦੀ ਹੈ।ਉਸਨੂੰ ਇਹ ਹੀ ਸਮਝ ਆਉਂਦਾ ਹੈ ਕਿ ਜ਼ਿੰਦਗੀ ਇਸਨੂੰ ਹੀ ਕਹਿੰਦੇ ਹਨ।ਪਰ ਮਹਿੰਗਾਈ ਜਿਵੇਂ ਵੱਧ ਰਹੀ ਹੈ,ਇੰਨੀ ਤੇਜ਼ੀ ਨਾਲ ਭੱਜਣਾ ਔਖਾ ਹੁੰਦਾ ਜਾ ਰਿਹਾ ਹੈ। ਆਮ ਬੰਦੇ ਦੀ ਜੇਬ ਵਿੱਚੋਂ ਪੈਸੇ ਵੱਧ ਨਿਕਲਣ ਲੱਗੇ ਹਨ ਪਰ ਜ਼ਰੂਰਤਾਂ ਪੂਰੀਆਂ ਘੱਟ ਹੋ ਰਹੀਆਂ ਹਨ।ਆਏ ਦਿਨ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵੱਧ ਰਹੀਆਂ ਹਨ ਜਿਸ ਨਾਲ ਹਰ ਚੀਜ਼ ਦੀ ਕੀਮਤ ਵੱਧਦੀ ਜਾ ਰਹੀ ਹੈ।ਡੀਜ਼ਲ ਅਤੇ ਪੈਟਰੋਲ ਦੀ ਕੀਮਤ ਨਾਲ ਲੋਕਾਂ ਦਾ ਜਿਊਣਾ ਮਰਨਾ ਵੀ ਪ੍ਰਭਾਵਿਤ ਹੁੰਦਾ ਹੈ।ਪਰ ਸਾਡੀ ਬਦਕਿਸਮਤੀ ਹੈ ਕਿ ਸਾਡੀ ਸਰਕਾਰ ਬਿਲਕੁੱਲ ਇਸ ਸਮੱਸਿਆ ਨੂੰ ਸਮਝ ਹੀ ਨਹੀਂ ਰਹੀ ਜਾਂ ਸਮਝਣਾ ਨਹੀਂ ਚਾਹੁੰਦੀ ਜਾਂ ਸਮਝਕੇ ਅਤੇ ਸੋਚ ਸਮਝਕੇ ਕਰ ਰਹੀ ਹੈ।ਲੋਕਾਂ ਨੂੰ ਐਸੀ ਘੁੰਮਣ ਘੇਰੀਆਂ ਵਿੱਚ ਪਾਇਆ ਹੋਇਆ ਹੈ ਕਿ ਉਨ੍ਹਾਂ ਨੂੰ ਇੰਨਾ ਸੋਚਣ ਦਾ ਵੀ ਸਮਾਂ ਨਹੀਂ ਮਿਲ ਰਿਹਾ ਕਿ ਇਸ ਸਮੱਸਿਆ ਚੋਂ ਨਿਕਲਣਾ ਕਿਵੇਂ ਹੈ।ਪ੍ਰਾਈਵੇਟ ਨੌਕਰੀਆਂ ਨੇ,ਘਰੋਂ ਜਾਣਦਾ ਪਤਾ ਹੈ ਵਾਪਸ ਰਾਤ ਨੂੰ ਕਿੰਨੇ ਵਜੇ ਆਉਣਾ ਪਤਾ ਨਹੀਂ। ਟਾਰਗਿਟ ਬਹੁਤ ਵੱਡੇ ਵੱਡੇ ਦਿੱਤੇ ਜਾਂਦੇ ਹਨ।ਹਕੀਕਤ ਇਹ ਹੈ ਕਿ ਨੌਜਵਾਨ ਪੀੜ੍ਹੀ ਸਿਰਫ ਮਸ਼ੀਨਾਂ ਬਣ ਗਈ ਹੈ।ਮਾਨਸਿਕ ਦਬਾਅ ਬਹੁਤ ਜ਼ਿਆਦਾ ਹੈ,ਹਰ ਵੇਲੇ ਨੌਕਰੀ ਛੁੱਟ ਜਾਣ ਦਾ ਡਰ ਬਣਿਆ ਰਹਿੰਦਾ ਹੈ ਅਤੇ ਘਰ ਚਲਾਉਣ ਦੀ ਸੋਚ ਲੱਗੀ ਰਹਿੰਦੀ ਹੈ।

ਸਭ ਤੋਂ ਪਹਿਲਾਂ ਘਰ ਦੀ ਰਸੋਈ ਨੂੰ ਫਰਕ ਪੈਂਦਾ ਹੈ।ਪੈਸੇ ਜ਼ਿਆਦਾ ਖਰਚ ਹੁੰਦੇ ਹਨ ਪਰ ਥਾਲੀ ਵਿੱਚੋਂ ਕੁੱਝ ਨਾ ਕੁੱਝ ਗਾਇਬ ਜ਼ਰੂਰ ਹੋਣ ਲੱਗਦਾ ਹੈ।ਜਦੋਂ ਢੋਆ ਢੁਆਈ ਦਾ ਖਰਚਾ ਵੱਧਦਾ ਹੈ ਤਾਂ ਸਬਜ਼ੀਆਂ ਦੀ ਕੀਮਤ ਵੱਧਦੀ ਜਾਂਦੀ ਹੈ।ਦਾਲਾਂ, ਮਸਾਲਿਆਂ ਗੱਲ ਕੀ ਕਰਿਆਨੇ ਦੀ ਹਰ ਚੀਜ਼ ਦੀ ਕੀਮਤ ਵੱਧਦੀ ਜਾਂਦੀ ਹੈ।ਹੁਣ ਬੰਦਾ ਰੋਟੀ ਤਾਂ ਖਾਏਗਾ ਹੀ।ਪਰ ਜਿੰਨੀ ਪ੍ਰੇਸ਼ਾਨੀ ਨਾਲ ਉਹ ਰੋਟੀ ਖਾਂਦਾ ਹੈ,ਉਸਦਾ ਸਿਹਤ ਤੇ ਮਾੜਾ ਅਸਰ ਹੀ ਪੈਂਦਾ ਹੈ।ਜਦੋਂ ਰੋਟੀ ਖਾਣੀ ਵੀ ਔਖੀ ਹੋ ਜਾਏ ਤਾਂ ਸਰਕਾਰਾਂ ਦਾ ਨਿਕੰਮਾਪਣ ਹੁੰਦਾ ਹੈ ਅਤੇ ਮਾੜੀਆਂ ਯੋਜਨਾਵਾਂ ਦਾ ਨਤੀਜਾ ਹੁੰਦਾ ਹੈ।ਅਸਲ ਵਿੱਚ ਸਰਕਾਰਾਂ ਵਿੱਚ ਬੈਠਣ ਵਾਲਿਆਂ ਦਾ ਅਸਲੀ ਜ਼ਿੰਦਗੀ ਨਾਲ ਰਿਸ਼ਤਾ ਹੀ ਨਹੀਂ ਰਿਹਾ ਜਾਂ ਨਹੀਂ ਰਹਿੰਦਾ। ਉਨ੍ਹਾਂ ਨੇ ਲੋਕਾਂ ਦੇ ਟੈਕਸਾਂ ਦੇ ਪੈਸਿਆਂ ਨਾਲ ਜਿਊਣਾ ਹੁੰਦਾ ਹੈ।ਜਦੋਂ ਦੂਸਰਿਆਂ ਦਾ ਪੈਸਾ ਹੋਵੇ ਤਾਂ ਖਰਚਣ ਲੱਗਿਆਂ ਨਾ ਦਰਦ ਹੁੰਦਾ ਹੈ ਅਤੇ ਨਾ ਤਕਲੀਫ਼। ਇਸ ਵਕਤ ਲੋਕਾਂ ਨੂੰ ਰਸੋਈ ਚਲਾਉਣੀ ਔਖੀ ਹੋ ਰਹੀ ਹੈ।ਗੈਸ ਸਿਲੈਂਡਰ ਦੀ ਕੀਮਤ ਹੀ ਤਕਰੀਬਨ ਅੱਠ ਸੌ ਰੁਪਏ ਹੋ ਚੱਲੀ ਹੈ।ਕਿਸਾਨਾਂ ਨੂੰ ਪੂਰੀ ਕੀਮਤ ਨਹੀਂ ਮਿਲਦੀ ਅਤੇ ਗਾਹਕਾਂ ਦੀ ਪੂਰੀ ਤਰ੍ਹਾਂ ਲੁੱਟ ਹੋ ਰਹੀ ਹੈ।

ਅਸਲ ਵਿੱਚ ਹੁਣ ਬਜਟ ਵਿੱਚ ਕੁੱਝ ਕਰਨ ਦੀ ਜ਼ਰੂਰਤ ਹੀ ਨਹੀਂ। ਕੀਮਤ ਘਟਾਉਣ ਵਾਲਾ ਫਾਰਮੂਲਾ ਤਾਂ ਸਰਕਾਰਾਂ ਨੂੰ ਭੁੱਲ ਗਿਆ ਹੈ।ਦੋ ਚੀਜ਼ਾਂ ਹੀ ਆਉਂਦੀਆਂ ਹਨ ਟੈਕਸ ਲਗਾ ਦਿਉ ਅਤੇ ਫੇਰ ਸੁਣਨਾ ਬੰਦ ਕਰ ਦਿਉ।ਇਸ ਵੇਲੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੀ ਹਾਲਤ ਦਾੜੀ ਨਾਲੋਂ ਮੁੱਛਾਂ ਲੰਮੀਆਂ ਵਾਲੀ ਗੱਲ ਬਣੀ ਹੋਈ ਹੈ।ਕੀਮਤ ਘੱਟ ਹੈ ਅਤੇ ਟੈਕਸ ਵਧੇਰੇ ਹਨ।ਸਰਕਾਰਾਂ ਵਿੱਚ ਬੈਠਿਆਂ ਨੂੰ ਕੀ ਪਤਾ ਕਿ ਤਨਖਾਹਾਂ ਵਿੱਚੋਂ ਪੈਟਰੋਲ ਡੀਜ਼ਲ ਪਵਾਉਣ ਲੱਗਿਆਂ ਦਿਲ ਕਿਵੇਂ ਘਬਰਾਉਂਦਾ ਹੈ।ਇੰਨਾ ਦੀਆਂ ਕਾਰਾਂ ਅਤੇ ਜਹਾਜ਼ਾਂ ਵਿੱਚ ਤਾਂ ਲੋਕਾਂ ਦੇ ਦਿੱਤੇ ਟੈਕਸਾਂ ਵਿੱਚੋਂ ਪੈ ਜਾਣਾ ਹੈ।ਇੰਨਾ ਤੇ ਸਿਆਣਿਆਂ ਦੀ ਕਹੀ ਗੱਲ ਪੂਰੀ ਤਰ੍ਹਾਂ ਢੁਕਦੀ ਹੈ,”ਨਾ ਹਿੰਗ ਲੱਗੇ ਨਾ ਫੈਕਟਰੀ,ਰੰਗ ਵੀ ਚੋਖਾ ਆਵੇ,”ਖਰਚਾ ਪੱਲਿਓਂ ਕੁੱਝ ਵੀ ਨਹੀਂ ਪਰ ਘੁੰਮੋਂ ਜਿੱਥੇ ਮਰਜ਼ੀ।

ਸਕੂਲਾਂ ਦੀਆਂ ਫੀਸਾਂ ਨੇ ਲੋਕਾਂ ਨੂੰ ਪ੍ਰੇਸ਼ਾਨ ਅਲੱਗ ਕੀਤਾ ਹੋਇਆ ਹੈ।ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੈ।ਜੇਕਰ ਇਹ ਕਿਹਾ ਜਾਏ ਕਿ ਇੱਥੇ ਵੀ ਸਰਕਾਰਾਂ ਨੇ ਹੀ ਸਕੂਲਾਂ ਦਾ ਭੱਠਾ ਬਿਠਾਇਆ ਹੈ ਤਾਂ ਗਲਤ ਨਹੀਂ ਹੋਏਗਾ। ਸਰਕਾਰੀ ਸਕੂਲਾਂ ਦੇ ਮੁਕਾਬਲੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਇੰਨੀ ਚਲਾਕੀ ਅਤੇ ਹੁਸ਼ਿਆਰੀ ਨਾਲ ਖੜ੍ਹੇ ਕੀਤਾ ਕਿ ਲੋਕਾਂ ਨੂੰ ਜਦੋਂ ਸਮਝ ਆਈ ਤਾਂ ਹੁਣ ਸਭ ਕੁੱਝ ਹੱਥੋਂ ਨਿਕਲ ਚੁੱਕਿਆ ਹੈ।ਲੋਕਾਂ ਦਾ ਆਪਣੇ ਬੱਚਿਆਂ ਨੂੰ ਇੰਨਾ ਮਹਿੰਗੇ ਸਕੂਲਾਂ ਵਿੱਚ ਪੜ੍ਹਨ ਭੇਜਣਾ ਮਜ਼ਬੂਰੀਆ ਹੋ ਚੁੱਕੀ ਹੈ।ਸਰਕਾਰੀ ਹਸਪਤਾਲਾਂ ਦਾ ਵਧੇਰੇ ਕਰਕੇ ਹਾਲ ਮਾੜਾ ਹੀ ਹੈ।ਪ੍ਰਾਈਵੇਟ ਹਸਪਤਾਲਾਂ ਨੂੰ ਵੀ ਸਰਕਾਰਾਂ ਨੇ ਉਵੇਂ ਹੀ ਖੜ੍ਹਾ ਕੀਤਾ ਜਿਵੇਂ ਪ੍ਰਾਈਵੇਟ ਸਕੂਲਾਂ ਨੂੰ ਖੜ੍ਹੇ ਕੀਤਾ ਸੀ।ਉਨ੍ਹਾਂ ਹਸਪਤਾਲਾਂ ਨੂੰ ਘੱਟ ਕੀਮਤ ਤੇ ਜ਼ਮੀਨਾਂ ਸਰਕਾਰਾਂ ਦਿੰਦੀਆਂ ਹਨ।

ਪਰ ਉਨ੍ਹਾਂ ਵੱਲੋਂ ਇਲਾਜ ਦੇ ਕਿੰਨੇ ਅਤੇ ਕਿਵੇਂ ਪੈਸੇ ਲੈਣੇ ਹਨ,ਉਸ ਤੇ ਸਰਕਾਰਾਂ ਦਾ ਕੋਈ ਕੰਟਰੋਲ ਨਹੀਂ। ਲੋਕਾਂ ਦੀ ਜੋ ਲੁੱਟ ਉੱਥੇ ਹੁੰਦੀ ਹੈ,ਉਹ ਸਿਰਫ ਉਹ ਜਾਣਦਾ ਹੈ ਜੋ ਕਰਜ਼ਾ ਲੈਕੇ ਇਲਾਜ ਕਰਵਾਉਂਦਾ ਹੈ।ਡਾਕਟਰਾਂ ਨੇ ਕਿੰਨੇ ਪੈਸੇ ਜਮਾਂ ਕਰਵਾਉਣ ਨੂੰ ਕਹਿ ਦੇਣਾ ਹੈ,ਇਸਦੀ ਚਿੰਤਾ ਹੀ ਖਾਂਦੀ ਰਹਿੰਦੀ ਹੈ।ਇਕ ਪਾਸੇ ਸਰਕਾਰਾਂ ਟੈਕਸ ਲਗਾਕੇ ਲੋਕਾਂ ਨੂੰ ਨਚੋੜਦੀਆਂ ਹਨ ਅਤੇ ਦੂਸਰੇ ਪਾਸੇ ਪ੍ਰਾਈਵੇਟ ਹੱਥਾਂ ਵਿੱਚ ਲੋਕਾਂ ਨੂੰ ਦੇਕੇ ਨਪੀੜਿਆ ਜਾ ਰਿਹਾ ਹੈ।

ਪਹਿਲਾਂ ਕਿਹਾ ਜਾਂਦਾ ਸੀ ਕਿ ਗੰਢੇ ਨਾਲ ਰੋਟੀ ਖਾ ਕੇ ਗਰੀਬ ਢਿੱਡ ਭਰ ਲਵੇਗਾ ਜਾਂ ਭਰਦਾ ਹੈ।ਪਰ ਇਸ ਵੇਲੇ ਗੰਢੇ ਖਰੀਦਣਾ ਵੀ ਲੋਕਾਂ ਲਈ ਔਖਾ ਹੋ ਜਾਂਦਾ ਹੈ।ਹਾਂ,ਹੁਣ ਖੇਤੀ ਨੂੰ ਵੀ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਤਿਆਰੀ ਹੈ। ਸਰਕਾਰੀ ਮੰਡੀਆਂ ਦੇ ਬਰਾਬਰ ਜਦੋਂ ਪ੍ਰਾਈਵੇਟ ਵੱਡੇ ਘਰਾਣੇ ਆ ਗਏ ਤਾਂ ਜਿਵੇਂ ਇਲਾਜ ਕਰਵਾਉਣਾ ਔਖਾ ਹੈ ਉਵੇਂ ਹੀ ਖਾਣ ਵਾਲੀਆਂ ਚੀਜ਼ਾਂ ਵੀ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਕੋਈ ਵੀ ਵਿਉਪਾਰੀ ਲੋਕਾਂ ਦੇ ਹਿੱਤ ਲਈ ਵਿਉਪਾਰ ਨਹੀਂ ਕਰਦਾ।ਉਹ ਆਪਣੀ ਤਜੌਰੀ ਭਰਨ ਦੀ ਸੋਚੇਗਾ।ਸਰਕਾਰਾਂ ਦਾ ਸਿਰਫ਼ ਕੁਰਸੀਆਂ ਨਾਲ ਪਿਆਰ ਹੈ।ਲੋਕ ਤਾਂ ਉਨ੍ਹਾਂ ਦੇ ਏਜੰਡੇ ਤੇ ਕਿੱਧਰੇ ਵਿਖਾਈ ਨਹੀਂ ਦੇ ਰਹੇ।ਮਹਿੰਗਾਈ ਨੇ ਲੋਕਾਂ ਦਾ ਜਿਊਣਾ ਬੇਹੱਦ ਔਖਾ ਕਰ ਦਿੱਤਾ ਹੈ।

ਸਾਡੀਆਂ ਸਰਕਾਰਾਂ ਦਾ ਹਾਲ ਇਹ ਹੈ,”ਰੋਮ ਘੜਦਾ ਰਿਹਾ ਤੇ ਨੀਰੋ ਬੰਸਰੀ ਵਜਾਉਂਦਾ ਰਿਹਾ।”ਲੋਕ ਆਰਥਿਕ ਤੌਰ ਤੇ ਪ੍ਰੇਸ਼ਾਨ ਹੋਕੇ ਖੁਦਕੁਸ਼ੀਆਂ ਕਰ ਰਹੇ ਹਨ ਪਰ ਕਿਸੇ ਵੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ।ਸਮਾਜ ਵਿੱਚ ਇਕ ਤਨਾਅ ਹੈ।ਲੋਕਾਂ ਵਿੱਚ ਮਾਨਸਿਕ ਰੋਗਾਂ ਦਾ ਵਾਧਾ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ।ਲੋਕਾਂ ਦੇ ਮੂੰਹਾਂ ਤੇ ਰੌਣਕ ਹੈ ਹੀ ਨਹੀਂ। ਬੁਝੇ ਹੋਏ ਅਤੇ ਮੁਰਝਾਏ ਹੋਏ ਚਿਹਰੇ ਹਨ।ਹਕੀਕਤ ਇਹ ਹੈ ਕਿ ਮਹਿੰਗਾਈ ਨੇ ਲੋਕਾਂ ਨੂੰ ਬੁਰੀ ਤਰ੍ਹਾਂ ਮਧੋਲਿਆ ਹੋਇਆ ਹੈ।

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

ਮੋਬਾਈਲ ਨੰਬਰ 9815030221

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ ਫੱਤੂਢੀਗਾ ਵਿੱਚ ਫੇਅਰਵੈਲ ਪਾਰਟੀ ਆਯੋਜਿਤ
Next articleਮਜ਼ਦੂਰ