ਭਾਰਤ-ਰੂਸ ਵੱਲੋਂ ਕੌਮੀ ਕਰੰਸੀਆਂ ’ਚ ਵਪਾਰ ਦੇ ਸੰਕੇਤ

ਨਵੀਂ ਦਿੱਲੀ (ਸਮਾਜ ਵੀਕਲੀ):  ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਅੱਜ ਕਿਹਾ ਕਿ ਰੂਸ ਨੇ ਭਾਰਤ ਅਤੇ ਹੋਰ ਭਾਈਵਾਲਾਂ ਨਾਲ ਕੌਮੀ ਕਰੰਸੀਆਂ ’ਚ ਵਪਾਰ ਕਰਨ ਦੀਆਂ ਕੋਸ਼ਿਸ਼ਾਂ ਆਰੰਭ ਦਿੱਤੀਆਂ ਹਨ ਤਾਂ ਜੋ ਪੱਛਮ ਦੀਆਂ ਪਾਬੰਦੀਆਂ ਦੇ ਅਸਰ ਨੂੰ ਘਟਾਇਆ ਜਾ ਸਕੇ। ਉਨ੍ਹਾਂ ਦੁਵੱਲੇ ਰਣਨੀਤਕ ਸਬੰਧਾਂ ਦੀ ਰਫ਼ਤਾਰ ਜਾਰੀ ਰੱਖਣ ਦਾ ਅਹਿਦ ਵੀ ਲਿਆ। ਲਾਵਰੋਵ ਨੇ ਇਹ ਬਿਆਨ ਆਪਣੇ ਭਾਰਤੀ ਹਮਰੁਤਬਾ ਐੱਸ ਜੈਸ਼ੰਕਰ ਨਾਲ ਅੱਜ ਇਥੇ ਵੱਖ ਵੱਖ ਮੁੱਦਿਆਂ ’ਤੇ ਹੋਈ ਗੱਲਬਾਤ ਮਗਰੋਂ ਦਿੱਤਾ।

ਮੀਟਿੰਗ ਦੌਰਾਨ ਰੂਸ-ਯੂਕਰੇਨ ਜੰਗ ਅਤੇ ਉਸ ਦੇ ਮਾਸਕੋ ਤੇ ਨਵੀਂ ਦਿੱਲੀ ਵਿਚਕਾਰ ਰਿਸ਼ਤਿਆਂ ’ਤੇ ਪੈਣ ਵਾਲੇ ਅਸਰ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਗੱਲਬਾਤ ਉਸ ਸਮੇਂ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਅਮਰੀਕਾ ਨੇ ਰੂਸ ਖ਼ਿਲਾਫ਼ ਲਾਈਆਂ ਗਈਆਂ ਪਾਬੰਦੀਆਂ ਨੂੰ ਅਣਗੌਲਿਆ ਕਰਨ ਦੀਆਂ ਕੋਸ਼ਿਸ਼ਾਂ ਦੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ। ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਦੋਂ ਲਾਵਰੋਵ ਤੋਂ ਪੁੱਛਿਆ ਗਿਆ ਕਿ ਕੀ ਭਾਰਤ, ਰੂਸ ਅਤੇ ਯੂਕਰੇਨ ਵਿਚਕਾਰ ਜੰਗ ਖ਼ਤਮ ਕਰਾਉਣ ’ਚ ਸਹਾਇਤਾ ਕਰ ਸਕਦਾ ਹੈ ਤਾਂ ਉਨ੍ਹਾਂ ਕਿਹਾ ਕਿ ਜੇਕਰ ਭਾਰਤ ਕੌਮਾਂਤਰੀ ਸਮੱਸਿਆਵਾਂ ਪ੍ਰਤੀ ਆਪਣੀ ‘ਢੁੱਕਵੀਂ ਅਤੇ ਤਰਕਸੰਗਤ ਪਹੁੰਚ’ ਨਾਲ ਹਮਾਇਤ ਕਰਨਾ ਚਾਹੁੰਦਾ ਹੈ ਤਾਂ ਕੋਈ ਵੀ ਇਸ ਖ਼ਿਲਾਫ਼ ਨਹੀਂ ਹੋਵੇਗਾ।

ਉਂਜ ਉਨ੍ਹਾਂ ਨਾਲ ਹੀ ਕਿਹਾ ਕਿ ਭਾਰਤ ਤੋਂ ਇਸ ਬਾਰੇ ਅਜੇ ਕੋਈ ਵੀ ਪੇਸ਼ਕਸ਼ ਨਹੀਂ ਮਿਲੀ ਹੈ। ਗੱਲਬਾਤ ਦੌਰਾਨ ਰੂਬਲ-ਰੁਪਏ ’ਚ ਭੁਗਤਾਨ ਪ੍ਰਣਾਲੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਲਾਵਰੋਵ ਨੇ ਕਿਹਾ ਕਿ ਅਜਿਹਾ ਪ੍ਰਬੰਧ ਬਹੁਤ ਸਾਲ ਪਹਿਲਾਂ ਭਾਰਤ ਅਤੇ ਚੀਨ ਵਰਗੇ ਮੁਲਕਾਂ ਨਾਲ ਵਪਾਰ ਲਈ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਪੱਛਮੀ ਭੁਗਤਾਨ ਪ੍ਰਣਾਲੀ ਨੂੰ ਉਲੰਘਣ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕੀਤੀਆਂ ਜਾਣਗੀਆਂ। ‘ਅਸੀਂ ਅਜਿਹੀ ਕਿਸੇ ਪ੍ਰਣਾਲੀ ’ਤੇ ਨਿਰਭਰ ਨਹੀਂ ਰਹਿਣਾ ਚਾਹੁੰਦੇ ਜੋ ਕਿਸੇ ਸਮੇਂ ਵੀ ਬੰਦ ਹੋ ਜਾਣ ਅਤੇ ਜਿਸ ਦੇ ਮਾਲਕ ਰਾਤੋ-ਰਾਤ ਤੁਹਾਡਾ ਪੈਸਾ ਚੋਰੀ ਕਰ ਸਕਦੇ ਹੋਣ।’

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਕੁੜੀਆਂ ਦੀ ਯੋਗਤਾ ਨੂੰ ਮਾਨਤਾ ਨਾ ਦੇਣ ਵਾਲਾ ਸਮਾਜ ਤਰੱਕੀ ਨਹੀਂ ਕਰ ਸਕਦਾ’
Next articleਰੂਸ ਨੇ ਚਰਨੋਬਲ ਪਰਮਾਣੂ ਪਲਾਂਟ ਮੁੜ ਯੂਕਰੇਨ ਨੂੰ ਸੌਂਪਿਆ