ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਨੇ ਅੱਜ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀਆਂ ਦਿੱਤੀਆਂ। ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ੍ਰੀਮਤੀ ਗਾਂਧੀ ਨੂੰ ਮਹਿਲਾ ਸ਼ਕਤੀ ਦੀ ਸਭ ਤੋਂ ਉੱਤਮ ਮਿਸਾਲ ਦੱਸਿਆ। ਕਾਂਗਰਸ ਆਗੂ ਨੇ ‘ਸ਼ਕਤੀ ਸਥਲ’ ਜਾ ਕੇ ਇੰਦਰਾ ਗਾਂਧੀ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਦਿੱਤੀ। ਸਾਬਕਾ ਪ੍ਰਧਾਨ ਮੰਤਰੀ ਨੂੰ 1984 ਵਿੱਚ ਉਨ੍ਹਾਂ ਦੇ ਅੰਗਰੱਖਿਅਕਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਰਾਹੁਲ ਗਾਂਧੀ ਨੇ ਹਿੰਦੀ ਵਿੱਚ ਕੀਤੇ ਟਵੀਟ ’ਚ ਕਿਹਾ, ‘‘ਮੇਰੀ ਦਾਦੀ ਨੇ ਆਪਣੇ ਆਖਰੀ ਸਾਹਾਂ ਤੱਕ ਬੇਖੌਫ਼ ਹੋ ਕੇ ਦੇਸ਼ ਦੀ ਸੇਵਾ ਕੀਤੀ…ਉਨ੍ਹਾਂ ਦਾ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਨਾ ਦਾ ਸਰੋਤ ਹੈ। ਉਹ ਮਹਿਲਾ ਸ਼ਕਤੀ ਦੀ ਉੱਤਮ ਮਿਸਾਲ ਸਨ। ਸ੍ਰੀਮਤੀ ਗਾਂਧੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਵਸ ’ਤੇ ਸਿਰ ਨਿਵਾ ਕੇ ਸ਼ਰਧਾਂਜਲੀਆਂ।’’ ਉਧਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇੰਦਰਾ ਗਾਂਧੀ ਨਾਲ ਆਪਣੇ ਬਚਪਨ ਦੀ ਤਸਵੀਰ ਪੋਸਟ ਕਰਦਿਆਂ ਕਿਹਾ, ‘‘ਤੁਹਾਡਾ ਜੀਵਨ ਦਲੇਰੀ, ਦੇਸ਼ ਭਗਤੀ ਤੇ ਨਿਡਰਤਾ ਦਾ ਸੁਨੇਹਾ ਹੈ। ਤੁਹਾਡਾ ਜੀਵਨ ਆਦਰਸ਼ਾਂ ਦੇ ਰਾਹ ’ਤੇ ਚਲਦਿਆਂ ਨਿਆਂ ਲਈ ਲੜਾਈ ਜਾਰੀ ਰੱਖਣ ਦਾ ਸੁਨੇਹਾ ਹੈ।’’
ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਇਤਿਹਾਸ ਹਮੇਸ਼ਾ ਭਾਰਤ ਦੀ ਪਹਿਲਾ ਮਹਿਲਾ ਪ੍ਰਧਾਨ ਮੰਤਰੀ ਵੱਲੋਂ ਪਾਏ ਅਥਾਹ ਯੋਗਦਾਨ ਦਾ ਗਵਾਹ ਤੇ ‘ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਰਹੇਗਾ’। ਪਾਰਟੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਾਰੀ ਇਕ ਟਵੀਟ ਵਿੱਚ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਦੇਸ਼ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਪਾਰਟੀ ਨੇ ਇਕ ਟਵੀਟ ਵਿੱਚ ਕਿਹਾ, ‘‘ਉਹ ਤਾਕਤ ਦੀ ਤਰਜਮਾਨੀ ਕਰਦੇ ਸਨ। ਉਹ ਬਲੀਦਾਨ ਦਾ ਸਾਰ ਸੰਗ੍ਰਹਿ ਸਨ। ਉਨ੍ਹਾਂ ਸੇਵਾ ਨੂੰ ਰੂਪਮਾਨ ਕੀਤਾ। ਭਾਰਤ ਦੀ ਲੋਹ ਮਹਿਲਾ, ਸਾਡੀ ਪਹਿਲਾ ਮਹਿਲਾ ਪ੍ਰਧਾਨ ਮੰਤਰੀ ਤੇ ਅਸਲ ਮਾਅਨਿਆਂ ਵਿੱਚ ਭਾਰਤ ਰਤਨ ਸ੍ਰੀਮਤੀ ਇੰਦਰਾ ਗਾਂਧੀ ਨੂੰ ਉਨ੍ਹਾਂ ਦੀ ਬਰਸੀ ’ਤੇ ਅਰਬਾਂ ਸਲਾਮ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly