ਕਿਸਾਨ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦੇ ਸੰਕੇਤ

 

  • ਮੰਚ ਵੱਲੋਂ ਆਮ ਆਦਮੀ ਪਾਰਟੀ ਨਾਲ ਸੀਟਾਂ ਦੀ ਵੰਡ ਕਰਕੇ ਚੋਣਾਂ ਲੜਨ ਦੀ ਸੰਭਾਵਨਾ

ਗੁਰੂਸਰ ਸੁਧਾਰ (ਸਮਾਜ ਵੀਕਲੀ):   ਮੁੱਲਾਂਪੁਰ ਵਿਚ 32 ਕਿਸਾਨ ਜਥੇਬੰਦੀਆਂ ਦੀ ਅੱਜ ਹੋਈ ਮੀਟਿੰਗ ਦੌਰਾਨ ਬਹੁਗਿਣਤੀ ਕਿਸਾਨ ਜਥੇਬੰਦੀਆਂ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਲੜਨ ਦੇ ਸੰਕੇਤ ਮਿਲੇ ਹਨ, ਹਾਲਾਂਕਿ ਕਿਸਾਨ ਆਗੂਆਂ ਨੇ ਪ੍ਰੈੱਸ ਕਾਨਫ਼ਰੰਸ ਵਿਚ ਇਸ ਸਬੰਧੀ ਕੋਈ ਵੇਰਵਾ ਦੇਣ ਤੋਂ ਸਾਫ਼ ਇਨਕਾਰ ਕੀਤਾ। ਪੰਜਾਬ ਵਿਚ ਸਿਰ ’ਤੇ ਖੜ੍ਹੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨ ਜਥੇਬੰਦੀਆਂ ਕੋਈ ਮੋਰਚਾ ਬਣਾ ਕੇ ਭਾਗ ਲੈਣਗੀਆਂ ਜਾਂ ਕੋਈ ਹੋਰ ਪੈਂਤੜਾ ਅਖ਼ਤਿਆਰ ਕੀਤਾ ਜਾਵੇਗਾ, ਇਸ ਬਾਰੇ ਭਲਕੇ ਚੰਡੀਗੜ੍ਹ ਵਿਚ ਹੋਣ ਵਾਲੀ ਪ੍ਰੈੱਸ ਕਾਨਫ਼ਰੰਸ ਦੌਰਾਨ ਐਲਾਨ ਦੀ ਸੰਭਾਵਨਾ ਹੈ।

ਸੂਤਰਾਂ ਮੁਤਾਬਕ ਕਿਸਾਨ ਜਥੇਬੰਦੀਆਂ ਵੱਲੋਂ ਆਪਣਾ ਮੰਚ ਬਣਾਇਆ ਜਾ ਰਿਹਾ ਹੈ ਜੋ ਕਿ ਆਪਣੇ ਚੋਣ ਨਿਸ਼ਾਨ ਉਤੇ ਚੋਣਾਂ ਲੜੇਗਾ। ਕਈ ਸੂਤਰਾਂ ਨੇ ਇਹ ਸੰਕੇਤ ਵੀ ਦਿੱਤੇ ਹਨ ਕਿ ਇਸ ਮੰਚ ਵੱਲੋਂ ਆਮ ਆਦਮੀ ਪਾਰਟੀ ਨਾਲ ਸੀਟਾਂ ਵੰਡ ਕੇ ਚੋਣਾਂ ਲੜਨ ਦੀ ਵੀ ਸੰਭਾਵਨਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮਿਲਣੀ ਦੀ ਸਮੀਖਿਆ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਹੁਸ਼ਿਆਰੀ ਨਾਲ ਸਭ ਮੰਗਾਂ ਮੰਨ ਕੇ ਚੋਣ ਜ਼ਾਬਤੇ ਦੀ ਆੜ ਹੇਠ ਨਿਕਲ ਜਾਣ ਦੇ ਚੰਨੀ ਸਰਕਾਰ ਦੇ ਇਰਾਦੇ ਕਿਸੇ ਸੂਰਤ ਵਿਚ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ, ਚੋਣਾਂ ਵਿਚ ਕੀਤੇ ਵਾਅਦੇ ਅਨੁਸਾਰ ਸਮੁੱਚੇ ਕਰਜ਼ੇ ਉੱਪਰ ਲੀਕ ਮਾਰਨ ਸਮੇਤ ਹੋਰ ਮੰਗਾਂ ਦੀ ਪ੍ਰਾਪਤੀ ਲਈ ਅੰਦੋਲਨ ਜਾਰੀ ਰਹੇਗਾ। ਪ੍ਰਧਾਨਗੀ ਮੰਡਲ ਵਿਚ ਸ਼ਾਮਲ ਕਿਸਾਨ ਆਗੂ ਬਲਵੰਤ ਸਿੰਘ ਬਹਿਰਾਮ ਕੇ, ਸਤਨਾਮ ਸਿੰਘ ਅਜਨਾਲਾ, ਕਾਕਾ ਸਿੰਘ ਕੋਟੜਾ, ਕਮਲਪ੍ਰੀਤ ਸਿੰਘ ਪੰਨੂ ਅਤੇ ਬੀਬੀ ਰਵਿੰਦਰਪਾਲ ਕੌਰ ਗਿੱਲ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਅੰਦੋਲਨ ਦੇ ਸ਼ਹੀਦਾਂ ਦਾ ਸਮਾਰਕ ਬਣਾਉਣ ਲਈ ਪੰਜਾਬ ਦਾ ਕੇਂਦਰ ਮੰਨੇ ਜਾਂਦੇ ਲੁਧਿਆਣਾ ਜ਼ਿਲ੍ਹੇ ਵਿਚ ਸ਼ੇਰ ਸ਼ਾਹ ਸੂਰੀ ਕੌਮੀ ਸ਼ਾਹਰਾਹ ਉੱਪਰ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਪੰਜ ਏਕੜ ਜ਼ਮੀਨ ਦੀ ਸ਼ਨਾਖ਼ਤ ਲਈ ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ ਅਤੇ ਰਣਜੀਤ ਸਿੰਘ ਅਧਾਰਿਤ ਕਮੇਟੀ ਬਾਰੇ ਸਰਕਾਰ ਨੂੰ ਸੂਚਿਤ ਕਰ ਦਿੱਤਾ ਜਾਵੇਗਾ।

ਅੱਜ ਵੀ ਕਿਸਾਨ ਜਥੇਬੰਦੀਆਂ ਵੱਲੋਂ ਵਿਧਾਨ ਸਭਾ ਚੋਣਾਂ ਵਿਚ ਕਿਸੇ ਕਿਸਮ ਦੀ ਹਿੱਸੇਦਾਰੀ ਬਾਰੇ ਸਵਾਲ ਤੋਂ ਟਾਲ਼ਾ ਵਟਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੀਟਿੰਗ ਦਾ ਏਜੰਡਾ ਹੀ ਨਹੀਂ ਸੀ, ਇਸ ਬਾਰੇ 15 ਜਨਵਰੀ ਨੂੰ ਦਿੱਲੀ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਰੱਖੀ ਗਈ ਹੈ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੀਟਿੰਗ ਵਿਚ ਭਾਰਤ ਮਾਲਾ ਕੌਮੀ ਮਾਰਗ ਦੇ ਘੇਰੇ ਵਿਚ ਆਉਣ ਵਾਲੀ ਕਿਸਾਨਾਂ ਦੀ ਜ਼ਮੀਨ ਬਾਰੇ ਸਮੁੱਚੇ ਪੰਜਾਬ ਵਿਚ ਇਕ ਸਾਰ 2013 ਦੇ ਜ਼ਮੀਨ ਗ੍ਰਹਿਣ ਕਾਨੂੰਨ ਅਨੁਸਾਰ ਮੁਆਵਜ਼ਾ ਦੇਣ ਦੀ ਮੰਗ ਉੱਪਰ ਸਹਿਮਤੀ ਬਣੀ ਹੈ। ਕਿਸਾਨ ਜਥੇਬੰਦੀਆਂ ਨੇ ਕਰਜ਼ਾ ਮੁਆਫ਼ੀ ਬਾਰੇ ਪਹਿਲਾਂ ਦੋ ਏਕੜ ਅਤੇ ਹੁਣ ਪੰਜ ਏਕੜ ਦੀ ਸ਼ਰਤ ਬਾਰੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਸਾਰੇ ਕਰਜ਼ੇ ਉੱਪਰ ਲੀਕ ਮਾਰਨ ਦੀ ਮੰਗ ਮੁੜ ਦੁਹਰਾਈ ਹੈ। ਕਿਸਾਨ ਜਥੇਬੰਦੀਆਂ ਨੇ ਕਿਸਾਨ ਅੰਦੋਲਨ ਦੌਰਾਨ ਇਕੱਤਰ ਹੋਏ ਫ਼ੰਡ ਅਤੇ ਖ਼ਰਚਿਆਂ ਬਾਰੇ ਗੁਰਬਖ਼ਸ਼ ਸਿੰਘ ਬਰਨਾਲਾ ਦੀ ਅਗਵਾਈ ਵਿਚ ਪੰਜ ਮੈਂਬਰੀ ਆਡਿਟ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜੋ ਜਲਦੀ ਇਸ ਦਾ ਵੇਰਵਾ ਲੋਕਾਂ ਸਾਹਮਣੇ ਰੱਖੇਗੀ। ਅੱਜ ਦੀ ਮੀਟਿੰਗ ਵਿਚ ਸਾਰੀਆਂ 32 ਕਿਸਾਨ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ, ਜਿਨ੍ਹਾਂ ਵਿਚ ਡਾਕਟਰ ਦਰਸ਼ਨ ਪਾਲ, ਬੂਟਾ ਸਿੰਘ ਬੁਰਜ ਗਿੱਲ, ਕੁਲਵੰਤ ਸਿੰਘ ਸੰਧੂ, ਰੁਲਦੂ ਸਿੰਘ ਮਾਨਸਾ, ਹਰਮੀਤ ਸਿੰਘ ਕਾਦੀਆਂ ਅਤੇ ਮਨਜੀਤ ਸਿੰਘ ਰਾਏ ਵੀ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਵਿਡ ਕੇਸਾਂ ਦੀ ਵਧਦੀ ਗਿਣਤੀ ਨੂੰ ਗੰਭੀਰਤਾ ਨਾਲ ਲੈਣ ਮੁੱਖ ਮੰਤਰੀ : ਅਮਰਿੰਦਰ
Next article‘Lack of decorum in Parliament, assemblies a matter of concern’