ਚੀਨ ਨਾਲ ਭਾਰਤ ਦੇ ਰਿਸ਼ਤੇ ‘ਬੇਹੱਦ ਮੁਸ਼ਕਲ ਦੌਰ ਵਿਚ’: ਜੈਸ਼ੰਕਰ

ਮਿਊਨਿਖ (ਸਮਾਜ ਵੀਕਲੀ):  ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਦੇ ਗੁਆਂਢੀ ਮੁਲਕ ਚੀਨ ਨਾਲ ਰਿਸ਼ਤੇ ਬਹੁਤ ਹੀ ‘ਔਖੇ ਦੌਰ’ ਵਿਚੋਂ ਲੰਘ ਰਹੇ ਹਨ। ਮਿਊਨਿਖ ਸੁਰੱਖਿਆ ਕਾਨਫਰੰਸ ਵਿਚ ਜੈਸ਼ੰਕਰ ਨੇ ਕਿਹਾ ਕਿ ਪੇਈਚਿੰਗ ਨੇ ਫ਼ੌਜਾਂ ਨੂੰ ਸਰਹੱਦ ਉਤੇ ਲਿਆ ਕੇ ਸਮਝੌਤਿਆਂ ਦੀ ਉਲੰਘਣਾ ਕੀਤੀ ਹੈ। ਭਾਰਤੀ ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ‘ਸਰਹੱਦ ਦੀ ਸਥਿਤੀ ਹੀ ਰਿਸ਼ਤਿਆਂ ਦੀ ਹਾਲਤ ਤੈਅ ਕਰੇਗੀ।’ ਉਨ੍ਹਾਂ ਕਾਨਫਰੰਸ ਵਿਚ ਕਿਹਾ ਕਿ ਭਾਰਤ ਨੂੰ ਅਸਲ ਕੰਟਰੋਲ ਰੇਖਾ ’ਤੇ ਚੀਨ ਨਾਲ ਟਕਰਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੈਸ਼ੰਕਰ ਨੇ ਕਿਹਾ, ‘45 ਸਾਲਾਂ ਤੱਕ ਸ਼ਾਂਤੀ ਸੀ। ਸਥਿਰ ਸਰਹੱਦੀ ਪ੍ਰਬੰਧਨ ਸੀ, ਸੰਨ 1975 ਤੋਂ ਸਰਹੱਦ ਉਤੇ ਕੋਈ ਫ਼ੌਜੀ ਜਵਾਨ ਸ਼ਹੀਦ ਨਹੀਂ ਹੋਇਆ ਸੀ। ਇਹ ਸਭ ਚੀਨ ਨੇ ਐਲਏਸੀ ’ਤੇ ਸੈਨਾ ਲਿਆ ਕੇ ਬਦਲ ਦਿੱਤਾ ਜਦਕਿ ਇਹ ਸਮਝੌਤਾ ਸੀ ਕਿ ਦੋਵਾਂ ਮੁਲਕਾਂ ਵਿਚੋਂ ਕੋਈ ਵੀ ਸਰਹੱਦ ਉਤੇ ਫ਼ੌਜ ਜਮ੍ਹਾਂ ਨਹੀਂ ਕਰੇਗਾ।’ ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ਦੀ ਸੈਨਾ ਵਿਚਾਲੇ 15 ਜੂਨ, 2020 ਨੂੰ ਲੱਦਾਖ ਦੀ ਗਲਵਾਨ ਵਾਦੀ ਵਿਚ ਹਿੰਸਕ ਟਕਰਾਅ ਹੋਇਆ ਸੀ। ਜੈਸ਼ੰਕਰ ਨੇ ਪਿਛਲੇ ਹਫ਼ਤੇ ਮੈਲਬਰਨ ਵਿਚ ਵੀ ਐਲਏਸੀ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਕੁਆਡ ਸੰਮੇਲਨ ਦੌਰਾਨ ਕਿਹਾ ਸੀ ਕਿ ਜਦ ਕੋਈ ਮੁਲਕ ਲਿਖਤੀ ਸਮਝੌਤਿਆਂ ਦਾ ਨਿਰਾਦਰ ਕਰਦਾ ਹੈ ਤਾਂ ਪੂਰੇ ਕੌਮਾਂਤਰੀ ਭਾਈਚਾਰੇ ਲਈ ਇਹ ਲਾਜ਼ਮੀ ਫ਼ਿਕਰ ਦਾ ਵਿਸ਼ਾ ਬਣ ਜਾਂਦਾ ਹੈ। ਜੈਸ਼ੰਕਰ ਨੇ ਮਿਊਨਿਖ ਵਿਚ ਹੋਈ ਸੁਰੱਖਿਆ ਕਾਨਫਰੰਸ ਦੌਰਾਨ ਯੂਕਰੇਨ ਸੰਕਟ ਬਾਰੇ ਹੋਈ ਵਿਚਾਰ-ਚਰਚਾ ਵਿਚ ਵੀ ਹਿੱਸਾ ਲਿਆ।

ਜ਼ਿਕਰਯੋਗ ਹੈ ਕਿ ਨਾਟੋ ਮੁਲਕਾਂ ਤੇ ਰੂਸ ਵਿਚਾਲੇ ਯੂਕਰੇਨ ਮੁੱਦੇ ਉਤੇ ਟਕਰਾਅ ਵਧਦਾ ਜਾ ਰਿਹਾ ਹੈ। ਵਿਚਾਰ-ਚਰਚਾ ਦੌਰਾਨ ਜਦ ਜੈਸ਼ੰਕਰ ਨੂੰ ਪੁੱਛਿਆ ਗਿਆ ਕਿ ਭਾਰਤ, ਯੂਰੋਪ ਦੀ ਸੁਰੱਖਿਆ ਲਈ ਕਿਵੇਂ ਹਿੱਸਾ ਪਾ ਰਿਹਾ ਹੈ ਤੇ ਯੂਕਰੇਨ ਸੰਕਟ ਨੂੰ ਹਿੰਦ-ਪ੍ਰਸ਼ਾਂਤ ਦੀ ਸਥਿਤੀ ਨਾਲ ਜੋੜ ਕੇ ਉਹ ਕਿਵੇਂ ਦੇਖਦੇ ਹਨ, ਤਾਂ ਉਨ੍ਹਾਂ ਕਿਹਾ, ‘ਮੈਂ ਸੋਚਦਾ ਹਾਂ ਕਿ ਹਿੰਦ-ਪ੍ਰਸ਼ਾਂਤ ਦੀ ਸਥਿਤੀ ਅਤੇ ਅੰਧ ਮਹਾਸਾਗਰ ਦੇ ਆਰ-ਪਾਰ ਦੀ ਸਥਿਤੀ ਇਕੋ ਜਿਹੀ ਨਹੀਂ ਹੈ। ਸਾਡੇ ਲਈ ਚੁਣੌਤੀਆਂ ਵੱਖਰੀਆਂ ਹਨ। ਯੂਰੋਪੀ ਤਾਕਤਾਂ ਪਹਿਲਾਂ ਹੀ ਹਿੰਦ-ਪ੍ਰਸ਼ਾਂਤ ਵਿਚ ਸਖ਼ਤ ਸਟੈਂਡ ਲੈ ਰਹੀਆਂ ਹਨ। ਅਜਿਹਾ ਪਹਿਲਾਂ ਕਦੇ ਨਹੀਂ ਹੋਇਆ।’

ਚੀਨ ਦੇ ਸੰਦਰਭ ਵਿਚ ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਦੂਜਿਆਂ ਨੂੰ ਕਰਜ਼ਾਈ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਦੂਜੇ ਮੁਲਕਾਂ ਦੀ ਖੇਤਰੀ ਅਖੰਡਤਾ, ਖ਼ੁਦਮੁਖਤਿਆਰੀ ਨੂੰ ਭੰਗ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਕੁਆਡ ਗੱਠਜੋੜ ਨੂੰ ਏਸ਼ੀਆ ਦਾ ਨਾਟੋ ਨਹੀਂ ਸਮਝਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕੁਆਡ ਇਕ ਅਜਿਹਾ ਗਰੁੱਪ ਹੈ ਜਿਸ ਵਿਚਲੇ ਮੁਲਕਾਂ ਦੇ ਹਿੱਤ, ਕਦਰਾਂ-ਕੀਮਤਾਂ ਸਾਂਝੀਆਂ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਹੁਣ ਸਾਰੇ ਸਮਝਦੇ ਹਨ ਕਿ ਆਲਮੀ ਚੁਣੌਤੀਆਂ ਨਾਲ ਇਕੱਲਿਆਂ ਨਹੀਂ ਨਜਿੱਠਿਆ ਜਾ ਸਕਦਾ। ਜ਼ਿਕਰਯੋਗ ਹੈ ਕਿ ਕੁਆਡ ਗੱਠਜੋੜ ਵਿਚ ਭਾਰਤ, ਆਸਟਰੇਲੀਆ, ਜਪਾਨ ਤੇ ਅਮਰੀਕਾ ਸ਼ਾਮਲ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿੱਚ ਬਦਲਾਅ ਦੀ ਲੜਾਈ ਨੇ ਇਹ ਚੋਣਾਂ: ਨਵਜੋਤ ਸਿੱਧੂ
Next articleਭਾਰਤ ਨੇ ਟੀ20 ਮੈਚਾਂ ਦੀ ਲੜੀ 3-0 ਨਾਲ ਜਿੱਤੀ