ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਬਾਸਕਟਬਾਲ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਦਬੂਲੀਆ ਵਿਖੇ ਪਹਿਲਾ ਆਲ ਇੰਡੀਆ ਸ.ਬਲਕਾਰ ਸਿੰਘ ਚੀਮਾ ਯਾਦਗਾਰੀ ਬਾਸਕਿਟਬਾਲ ਟੂਰਨਾਮੈਂਟ (ਲੜਕੇ ਤੇ ਲੜਕੀਆਂ) 4 ਮਾਰਚ ਤੋਂ 7 ਮਾਰਚ ਤੱਕ ਕਪੂਰਥਲਾ ਜਿਲੇ ਦੇ ਨਿੱਕੇ ਜਿਹੇ ਪਿੰਡ ਦਬੂਲੀਆਂ ਵਿਖੇ ਕਰਵਾਇਆ ਜਾ ਰਿਹਾ ਹੈ1 ਸ.ਬਲਕਾਰ ਸਿੰਘ ਚੀਮਾ ਸਪੋਰਟਸ ਐਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ, ਸ. ਸੱਜਣ ਸਿੰਘ ਚੀਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਇਸ ਟੂਰਨਾਮੈਂਟ ਵਿੱਚ ਕੇਰਲ, ਤਾਮਿਲਨਾਡੂ, ਕਰਨਾਟਕ , ਦਿੱਲੀ ਤੇ ਪੰਜਾਬ ਸਮੇਤ ਪੂਰੇ ਭਾਰਤ ਦੇ ਵੱਖ ਵੱਖ ਰਾਜਾਂ ਚੋਂ ਉੱਚ ਕੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ ।ਇਸ ਟੂਰਨਾਮੈਂਟ ਦਾ ਪਹਿਲਾ ਇਨਾਮ ਦੋ ਦੋ ਲੱਖ ਰੁਪੈ (ਲੜਕੀਆਂ ਅਤੇ ਲੜਕੇ) ਦੀਆਂ ਜੇਤੂ ਟੀਮਾਂ ਨੂੰ ਹਰਨੇਕ ਸਿੰਘ ਨੇਕਾ ਮੈਰੀ ਪੁਰ ਵੱਲੋਂ ਦਿੱਤਾ ਜਾਵੇਗਾ। ਦੂਜਾ ਤੇ ਤੀਜਾ ਕ੍ਰਮਵਾਰ ਡੇਢ ਤੇ ਇਕ ਲੱਖ ਦਾ ਇਨਾਮ ਪਿੰਡ ਜੈਨ ਪੁਰ ਦੇ ਆਪ ਆਗੂਆਂ ਤੇ ਪਿੰਡ ਸੈਫਲਾ ਬਾਦ ਦੇ ਆਪ ਆਗੂਆਂ ਵੱਲੋਂ ਦਿੱਤਾ ਜਾਵੇਗਾ। ਸ.ਸੁਖਦੇਵ ਸਿੰਘ ਵੱਲੋਂ ਲੜਕਿਆਂ ਚ ਬੈਸਟ ਪਲੇਅਰ ਨੂੰ ਬੁਲਟ ਮੋਟਰਸਾਈਕਲ , ਤੇ ਲੜਕੀਆਂ ਚ ਐਕਟਿਵਾ ਨਾਲ ਸਨਮਾਨਿਤ ਕੀਤਾ ਜਾਵੇਗਾ॥
ਜਿਕਰ ਯੋਗ ਹੈ ਕੇ ਇਸ ਨਿੱਕੇ ਜਹੇ ਪਿੰਡ ਦੇ ਪੰਜ ਖਿਡਾਰੀ, ਬਲਕਾਰ ਸਿੰਘ ਚੀਮਾ, ਕੁਲਦੀਪ ਸਿੰਘ ਚੀਮਾ, ਸੱਜਣ ਸਿੰਘ ਚੀਮਾ (ਅਰਜੁਨ ਪੁਰਸਕਾਰ ਵਿਜੇਤਾ), ਗੁਰਮੀਤ ਸਿੰਘ ਚੀਮਾ ਤੇ ਕੋਮਲ ਪ੍ਰੀਤ ਕੋਰ ਚੀਮਾ ਅੰਤਰ ਰਾਸ਼ਟਰੀ ਪੱਧਰ ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ।ਇਸ ਤੋਂ ਇਲਾਵਾ ਇਸ ਪਿੰਡ ਦੇ ਅਨੇਕਾਂ ਖਿਡਾਰੀ ਰਾਸ਼ਟਰੀ ਪੱਧਰ ਤੇ ਅਲੱਗ ਅਲੱਗ ਮੁਕਾਬਲਿਆਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਚੁੱਕੇ ਹਨ। ਕਬੱਡੀ ਦਾ ਨਾਮੀ ਖਿਡਾਰੀ ਅੰਮ੍ਰਿਤਪਾਲ ਸਿੰਘ ਸ਼ੁਰਲੀ ਖੀਰਾ ਵਾਲੀ ਵੀ ਇਸੇ ਪਿੰਡ ਤੋਂ ਹੈ। ਇਹ ਟੂਰਨਾਮੈਂਟ ਚੀਮਾ ਪਰਿਵਾਰ ਤੋਂ ਇਲਾਵਾ ਕਈ ਐਨ ਆਰ ਆਈ ਵੀਰ ਤੇ ਇਲਾਕੇ ਦੇ ਪਤਵੰਤਿਆਂ ਦੇ ਸਹਿਯੋਗ ਨਾਲ ਕਰਵਾਇਆ ਜਾਂ ਰਿਹਾ ਹੈ।ਇਸ ਟੂਰਨਾਮੈਂਟ ਵਿੱਚ ਅਲੱਗ ਅਲੱਗ ਖੇਡਾਂ ਵਿਚ ਅੰਤਰ ਰਾਸ਼ਟਰੀ ਪੱਧਰ ਮੱਲਾਂ ਮਾਰ ਚੁੱਕੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।