ਮਹਿਲ ਕਲਾਂ, (ਸਮਾਜ ਵੀਕਲੀ) (ਗੁਰਭਿੰਦਰ ਗੁਰੀ):ਵੱਖ-ਵੱਖ ਕਿਸਾਨ–ਮਜ਼ਦੂਰ ਜਥੇਬੰਦੀਆਂ ਦੇ ਸੰਯੁਕਤ ਮੋਰਚੇ ਦੇ ਸੱਦੇ ਤਹਿਤ 16 ਜਨਵਰੀ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਲਗਣ ਵਾਲੇ ਧਰਨੇ ਦੀ ਤਿਆਰੀ ਵਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਪਿੰਡ ਠੀਕਰੀਵਾਲਾ, ਕਰਮਗੜ੍ਹ ਅਤੇ ਸੰਘੇੜਾ ਵਿਖੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਦੌਰਾਨ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਤੇ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ।ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬੋਕਣ ਸਿੰਘ ਸੱਦੋਵਾਲ, ਬਲਾਕ ਪ੍ਰਧਾਨ ਜੱਜ ਸਿੰਘ ਗਹਿਲ, ਵੀ.ਕੇ.ਯੂ. (ਡਕੌਂਦਾ-ਧਨੇਰ) ਦੇ ਆਗੂ ਬਲਵੰਤ ਸਿੰਘ ਉਪਲੀ, ਬਲਵੰਤ ਸਿੰਘ ਠੀਕਰੀਵਾਲਾ, ਬੁਰਜ ਗਿੱਲ ਇਕਾਈ ਦੇ ਸੂਬਾ ਮੀਤ ਪ੍ਰਧਾਨ ਚਤਰ ਸਿੰਘ ਠੀਕਰੀਵਾਲਾ, ਪ੍ਰਧਾਨ ਦਰਸ਼ਨ ਸਿੰਘ, ਸੀਟੂ ਦੇ ਸੂਬਾ ਸਕੱਤਰ ਕਾਮਰੇਡ ਸ਼ੇਰ ਸਿੰਘ ਫਰਵਾਹੀ ਅਤੇ ਟੇਟਕ ਦੇ ਖੁਸ਼ੀਆਂ ਸਿੰਘ ਬਰਨਾਲਾ ਨੇ ਕਿਹਾ ਕਿ ਬਿਜਲੀ ਸੋਧ ਬਿਲ, ਨਿੱਜੀਕਰਨ ਦੀ ਨੀਤੀ, ਮਜ਼ਦੂਰ ਵਿਰੋਧੀ ਕਿਰਤ ਕੋਡ ਅਤੇ ਸਰਕਾਰੀ ਸੰਸਥਾਵਾਂ ਦੀ ਵਿਕਰੀ ਰਾਹੀਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕਾਂ ’ਤੇ ਸਿੱਧਾ ਹਮਲਾ ਕੀਤਾ ਜਾ ਰਿਹਾ ਹੈ।ਆਗੂਆਂ ਨੇ ਦੋਸ਼ ਲਗਾਇਆ ਕਿ ਬਿਜਲੀ ਖੇਤਰ ਵਿੱਚ ਨਿੱਜੀਕਰਨ ਨਾਲ ਖੇਤੀ ਦੀ ਲਾਗਤ ਵਧੇਗੀ, ਪਿੰਡਾਂ ’ਤੇ ਆਰਥਿਕ ਬੋਝ ਪਵੇਗਾ ਅਤੇ ਪਾਵਰਕੌਮ ਵਰਗੀਆਂ ਸਰਕਾਰੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਨੀਤੀਆਂ ਬਣਾਉਂਦੀਆਂ ਹੋਈਆਂ ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀਆਂ ਹਨ।ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਆਗੂਆਂ ਨੇ ਕਿਹਾ ਕਿ ਸੰਘਰਸ਼ ਦੌਰਾਨ ਕਿਸਾਨ, ਮਜ਼ਦੂਰ ਆਗੂਆਂ ਅਤੇ ਪੱਤਰਕਾਰਾਂ ’ਤੇ ਝੂਠੇ ਪਰਚੇ ਦਰਜ ਕਰਨਾ ਅਤੇ ਧਮਕੀਆਂ ਦੇ ਕੇ ਆਵਾਜ਼ਾਂ ਨੂੰ ਦਬਾਉਣਾ ਸਰਕਾਰ ਦੀ ਤਾਨਾਸ਼ਾਹੀ ਸੋਚ ਨੂੰ ਦਰਸਾਉਂਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜ਼ੁਲਮ, ਧਮਕੀਆਂ ਜਾਂ ਦਬਾਅ ਨਾਲ ਕਿਸਾਨ ਲਹਿਰ ਨੂੰ ਰੋਕਿਆ ਨਹੀਂ ਜਾ ਸਕਦਾ।ਯੂਨੀਅਨ ਵੱਲੋਂ ਐਲਾਨ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਪੱਧਰ ’ਤੇ ਹੋਰ ਮੀਟਿੰਗਾਂ, ਧਰਨੇ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ ਅਤੇ ਜ਼ਿਲ੍ਹਾ ਬਰਨਾਲਾ ਸਮੇਤ ਪੂਰੇ ਪੰਜਾਬ ਵਿੱਚ ਵੱਡੇ ਸੰਘਰਸ਼ੀ ਕਦਮ ਚੁੱਕੇ ਜਾਣਗੇ। ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਨੂੰ ਇਕਜੁਟ ਹੋ ਕੇ 16 ਜਨਵਰੀ ਦੇ ਧਰਨੇ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


