ਭਾਰਤੀ ਲੋਕ ਤਿਉਹਾਰਾਂ ਦਾ ਕੀਤਾ ਜਾ ਰਿਹਾ ਸਿੱਖੀਕਰਨ!

ਹਰਚਰਨ ਸਿੰਘ ਪ੍ਰਹਾਰ 
ਹਰਚਰਨ ਸਿੰਘ ਪ੍ਰਹਾਰ 
(ਸਮਾਜ ਵੀਕਲੀ)
1. ਲੋਹੜੀ ਭਾਰਤੀ ਲੋਕਾਂ ਦਾ ਹਜਾਰਾਂ ਸਾਲ ਪੁਰਾਣਾ ਸਾਂਝਾ ਤਿਉਹਾਰ ਹੈ। ਲੋਹੜੀ ਨੂੰ ਮੁਕਤਸਰ ਦੀ ਮਾਘੀ ਨਾਲ਼ ਜੋੜਨਾ ਉਸੇ ਚਾਲ ਦਾ ਹਿੱਸਾ ਸੀ। ਜਿਸ ਅਨੁਸਾਰ ਸਿੱਖਾਂ ਤੇ ਹਿੰਦੂਆਂ ਵਿੱਚ ਭਾਈਚਾਰਕ ਸਾਂਝ ਤੋੜੀ ਜਾਵੇ। ਜਦਕਿ ਇਤਿਹਾਸਿਕ ਤੱਥ ਗਵਾਹ ਹਨ ਕਿ ਮੁਕਤਸਰ ਦੀ ਲੜਾਈ ਜਨਵਰੀ ਨਹੀਂ, ਜੂਨ ਵਿੱਚ ਹੋਈ ਸੀ। ਅੱਜ ਵੀ ਇਸਨੂੰ ਮਾਘੀ ਨਾਲ਼ ਜੋੜ ਕੇ ਸਿੱਖਾਂ ਨੂੰ ਸਾਂਝੇ ਲੋਕ ਤਿਉਹਾਰ ਲੋਹੜੀ ਤੋਂ ਤੜਨ ਦੇ ਯਤਨ ਜਾਰੀ ਹਨ। ਗੁਰਦੁਆਰਿਆਂ ਵਿੱਚ ਇਸਨੂੰ ਹਿੰਦੂ ਤਿਉਹਾਰ ਜਾਂ ਅਗਨੀ ਦੇਵਤੇ ਦੀ ਪੂਜਾ ਤਿਉਹਾਰ ਕਹਿ ਕੇ ਭੰਡਿਆ ਜਾਂਦਾ ਹੈ। ਇਸਦੀ ਜਗ੍ਹਾ ਮਾਘੀ ਦਾ ਤਿਉਹਾਰ ਮਨਾਉਣ ਤੇ ਜ਼ੋਰ ਦਿੱਤਾ ਜਾਂਦਾ ਹੈ।
2. ਮੇਰੀ ਜਾਣਕਾਰੀ ਅਨੁਸਾਰ ਹੋਲਾ ਮਹੱਲਾ ਬਾਰੇ 19ਵੀਂ ਸਦੀ ਤੋਂ ਪਹਿਲਾਂ ਕੋਈ ਇਤਿਹਾਸਿਕ ਪਰਿਮਾਣ ਨਹੀਂ ਕਿ ਗੁਰੂ ਸਾਹਿਬ ਨੇ ਹੋਲੀ ਛੱਡ ਕੇ ਵੱਖਰਾ ਹੋਲਾ ਮਹੱਲਾ ਚਲਾਇਆ ਸੀ। ਜੇ ਕੋਈ ਤੁਹਾਡੇ ਜਾਂ ਕਿਸੇ ਕੋਲ ਗੁਰੂ ਸਾਹਿਬ ਦੀ ਲਿਖਤ ਹੋਵੇ ਤਾਂ ਸਾਂਝੀ ਕਰ ਸਕਦੇ ਹੋ। ਹੋਲਾ-ਮਹੱਲਾ ਵੀ ਹੋਲੀ ਵਰਗੇ ਲੋਕ ਤਿਉਹਾਰ ਤੋਂ ਲੋਕਾਂ ਨੂੰ ਤੋੜਨ ਦੇ ਯਤਨ ਵਜੋ ਪ੍ਰਚੱਲਤ ਕੀਤਾ ਗਿਆ। ਹੋਲੀ ਵੀ ਭਾਰਤੀ ਲੋਕਾਂ ਦਾ ਸਦੀਆਂ ਪੁਰਾਣਾ ਤਿਉਹਾਰ ਹੈ। ਹੋਲਾ-ਮਹੱਲਾ ਬਣਾ ਕੇ ਸਿੱਖ ਤਿਉਹਾਰ ਬਣਾ ਲਿਆ।
3. ਪਿਛਲੇ ਕਈ ਸਾਲਾਂ ਤੋਂ ਦੀਵਾਲੀ ਨੂੰ ਗੁਰਦੁਆਰਿਆਂ ਤੇ ਸੋਸ਼ਲ ਮੀਡੀਆ ਰਾਹੀ ਹਿੰਦੂ ਤਿਉਹਾਰ ਤੇ ਉਸੇ ਦਿਨ ਨੂੰ ਬੰਦੀ ਛੋੜ ਕਿਹਾ ਜਾ ਰਿਹਾ। ਜਦਕਿ ਸਾਰੇ ਸਿੱਖ ਇਤਿਹਾਸ ਵਿੱਚ ਦੀਵਾਲ਼ੀ ਮਨਾਈ ਜਾਂਦੀ ਸੀ। ਕੁਝ ਸਾਲ ਤੋਂ ਪਹਿਲਾਂ ਇੱਕ ਵੀ ਇਤਿਹਾਸਿਕ ਹਵਾਲਾ ਦਿਖਾਉ, ਜਿੱਥੇ ਬੰਦੀ ਛੋੜ ਲਿਖਿਆ ਹੋਵੇ। ਵੈਸੇ ਅਜੇ ਤੱਕ ਤਾਂ ਇਹ ਵੀ ਨਹੀਂ ਪਤਾ ਕਿ ਗੁਰੂ ਹਰਿਗੋਬਿੰਦ ਸਾਹਿਬ ਨੂੰ ਕਦੋਂ ਫੜਿਆ ਸੀ ਤੇ ਕਦੋਂ ਛੱਡਿਆ ਸੀ। ਅਸੀਂ ਛੋਟੇ ਹੁੰਦੇ ਇਹ ਸੁਣਦੇ ਸੀ ਕਿ ਦਾਲ਼ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ।
4. ਇਸੇ ਤਰ੍ਹਾਂ ਵਿਸਾਖੀ ਨੂੰ ਹੁਣ ਕੁਝ ਸਾਲਾਂ ਤੋਂ ਖਾਲਸਾ ਸਾਜਨਾ ਤੇ ਜਲੂਸ ਨੂੰ ਨਗਰ ਕੀਰਤਨ ਕਹਿਣ ਦਾ ਰਿਵਾਜ ਧੱਕੇ ਨਾਲ਼ ਤੋਰਿਆ ਗਿਆ ਹੈ। ਜਦਕਿ ਸਾਰੇ ਇਤਿਹਾਸ ਵਿੱਚ ਤੁਹਾਨੂੰ ਖਾਲਸਾ ਸਾਜਨਾ ਦਿਵਸ ਕਿਤੇ ਨਹੀਂ ਮਿਲ਼ੇਗਾ। ਵੈਸੇ 1699 ਤੋਂ ਪਹਿਲਾਂ ਗੁਰੂ ਸਾਹਿਬ ਨੇ ਕੁਝ ਲੜਾਈਆਂ ਲੜੀਆਂ ਪਹਾੜੀ ਰਾਜਿਆਂ ਨਾਲ਼ ਆਤਮ ਰੱਖਿਆ ਵਜੋਂ ਲੜੀਆਂ ਸਨ। 1699 ਤੋਂ ਬਾਅਦ ਸਾਜੇ ਖਾਲਸੇ ਨੇ ਕਿਹੜੀਆਂ ਲੜਾਈਆਂ ਲੜੀਆਂ?  ਜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਫੌਜ ਜ਼ੁਲਮ ਜਬਰ ਵਿਰੁੱਧ ਲੜਨ ਲਈ ਬਣਾਈ ਸੀ ਤਾਂ ਉਹ ਉਸ ਸਮੇਂ ਦੇ ਹਾਲਾਤਾਂ ਅਨੁਸਾਰ ਆਤਮ ਰੱਖਿਆ ਲਈ ਸੀ। ਅੱਜ ਉਸਨੂੰ ਗੁਰੂ ਵਾਲ਼ੇ ਬਣਾਉਣ ਦੀ ਨਵੀਂ ਪ੍ਰੰਪਰਾ ਬਣਾਉਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਗੁਰੂ ਵਾਲ਼ੇ ਤਾਂ ਸਭ ਲੋਕ ਹਨ, ਜੋ ਗੁਰੂਆਂ ਦੀ ਵਿਚਾਰਧਾਰਾ ਗੁਰਬਾਣੀ ਨੂੰ ਮੰਨਦੇ ਹਨ। ਕਿਹੜੇ ਗ੍ਰੰਥ ਵਿੱਚ ਦਰਜ ਹੈ ਕਿ ਗੁਰੂ ਸਾਹਿਬ ਨੇ ਨਿਗੁਰੇ ਸਿੱਖਾਂ ਨੂੰ 1699 ਵਿੱਚ ਗੁਰੂ ਵਾਲ਼ੇ ਬਣਾਇਆ ਸੀ।
5. ਇਸੇ ਤਰ੍ਹਾਂ ਹੁਣ ਚੜ੍ਹਦੀ ਕਲਾ ਦੇ ਪ੍ਰਤੀਕ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜ ਮੇਲਿਆਂ ਨੂੰ ਬਦਲ ਕੇ ਸੋਗ ਦਿਨ ਮਨਾਉਣ ਅਤੇ ਮਿੱਠਾ ਬਣਾਉਣ ਤੇ ਖਾਣ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਅਜਿਹਾ ਦੁਰ ਪ੍ਰਚਾਰ ਜ਼ੋਰਾਂ ਤੇ ਹੈ ਕਿ ਵਿਦੇਸ਼ੀਂ ਵੱਸਦੇ ਸਿੱਖ ਇਨ੍ਹਾਂ ਦਿਨਾਂ ਵਿੱਚ ਕ੍ਰਿਸਮਿਸ, ਨਵੇਂ ਸਾਲ ਆਦਿ ਦੀਆਂ ਪਾਰਟੀਆਂ ਨਾ ਕਰਨ। ਉਹ ਦਿਨ ਦੂਰ ਨਹੀਂ, ਜਦੋਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੇ ਚੜ੍ਹਦੀ ਕਲਾ ਦੇ ਪ੍ਰਤੀਕ ਜੋੜ ਮੇਲਿਆਂ ਨੂੰ ਬਦਲ ਕੇ ਰਾਗੀ ਢਾਡੀ ਗੁਰਦੁਆਰਿਆਂ ਵਿੱਚ ਕਥਾ ਕੀਰਤਨ ਦੀ ਥਾਂ ਵੈਣ ਪਾਇਆ ਕਰਨਗੇ। ਜਿਵੇਂ ਸ਼ੀਆ ਮੁਸਲਮਾਨ ਮੁਹੱਰਮ ਦੇ ਤਿਉਹਾਰ ਮੌਕੇ ਸੰਗਲ਼ਾਂ ਤੇ ਤੇਜ਼ ਲੋਹੇ ਦੀਆਂ ਪੱਤੀਆਂ ਨਾਲ਼ ਆਪਣੇ ਸਰੀਰ ਨੂੰ ਮਾਰ ਮਾਰ ਕੇ ਲਹੂ ਲੁਹਾਣ ਕਰ ਲੈਂਦੇ ਹਨ।
ਇਹ ਸਭ ਝੂਠ ਉਨ੍ਹਾਂ ਹਿੰਸਕ ਤੇ ਨਫ਼ਰਤ ਦੇ ਬਣਜਾਰਿਆਂ ਵੱਲੋਂ ਫੈਲਾਏ ਜਾ ਰਹੇ ਹਨ। ਜੋ ਹਿੰਦੂ ਸਿੱਖਾਂ ਵਿੱਚ ਵੰਡੀਆਂ ਪਾ ਕੇ ਦੇਸ਼-ਵਿਦੇਸ਼ ਵਿੱਚ ਮਾਹੌਲ ਖ਼ਰਾਬ ਕਰ ਰਹੇ ਹਨ। ਮੇਰਾ ਇਹ ਆਪਣੀ ਇਤਿਹਾਸਕ ਖੋਜ ਅਧਾਰਿਤ ਵਿਸ਼ਵਾਸ ਹੈ ਕਿ ਜੋ ਹਿੰਦੂਆਂ, ਸਿੱਖਾਂ, ਮੁਸਲਮਾਨਾਂ ਵਿੱਚ ਫਿਰਕੂ ਫੁੱਟ ਦੇ ਬੀਜ ਅੰਗਰੇਜ਼ਾਂ ਬੀਜੇ ਸਨ, ਉਸਦੇ ਨਤੀਜੇ ਹੁਣ ਸਪੱਸ਼ਟ ਦਿਸਣ ਲੱਗੇ ਹਨ। ਕੀ ਅਜਿਹੇ ਲੋਕ ਸਮਾਜ ਵਿੱਚ ਧਰਮ ਦੇ ਨਾਮ ਤੇ ਵੰਡੀਆਂ ਪਾ ਕੇ ਸਿੱਖੀ ਦੀ ਸੇਵਾ ਕਰ ਰਹੇ ਹਨ ਜਾਂ ਧ੍ਰੋਹ ਕਮਾ ਰਹੇ ਹਨ? ਜੇ ਸਾਡੀ ਲੀਡਰਸ਼ਿਪ ਨੇ ਹਿੰਸਾ ਤੇ ਨਫ਼ਰਤ ਵਾਲ਼ੀ ਫਿਰਕੂ ਰਾਜਨੀਤੀ ਹੀ ਕਰਨੀ ਹੈ ਤਾਂ ਸਾਡੇ ਸਰਬੱਤ ਦੇ ਭਲੇ ਦੇ ਨਾਹਰੇ ਦਾ ਕੀ ਮਹੱਤਵ ਰਹਿ ਜਾਂਦਾ?
ਗੁਰੂਆਂ ਨੇ ਸਾਰੇ ਭਾਰਤ ਵਿੱਚੋਂ ਸੰਤਾਂ ਭਗਤਾਂ ਦੀ ਬਾਣੀ ਇੱਕ ਜਗ੍ਹਾ ਕਰਕੇ, ਸਾਂਝੀਵਾਲਤਾ ਤੇ ਸਭ ਨੂੰ ਨਾਲ਼ ਲੈ ਕੇ ਚੱਲਣ ਦਾ ਸਿਧਾਂਤ ਪੇਸ਼ ਕੀਤਾ ਸੀ। ਪਰ ਪਿੱਛਲੇ 100 ਸਾਲਾਂ ਵਿੱਚ ਜਦੋਂ ਤੋਂ ਅੰਗਰੇਜ਼ਾਂ ਨੇ ਸਿੰਘ ਸਭਾ ਮੂਵਮੈਂਟ ਰਾਹੀਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਰਾਹੀਂ ਮਾਡਰਨ ਸਿੱਖੀ ਲਾਂਚ ਕੀਤੀ ਸੀ। ਇਨ੍ਹਾਂ ਨੇ ਕਿਸੇ ਨੂੰ ਨਾਲ਼ ਤਾਂ ਨਹੀਂ ਜੋੜਿਆ, ਸਗੋਂ ਹੋਰ ਫ਼ਿਰਕਿਆਂ ਦੇ ਨਾਲ਼-ਨਾਲ਼ ਕਿਤਨੇ ਛੋਟੇ ਸਿੱਖ ਭਾਈਚਾਰਿਆਂ ਜਾਂ ਗਰੁੱਪਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਨ੍ਹਾਂ ਦੀ ਸਾਰੀ ਰਾਜਨੀਤੀ ਬਾਕੀ ਸਭ ਨੂੰ ਬਾਹਰ ਕੱਢ ਕੇ ਥੋੜੇ ਜਿਹੇ ਸਵਾਰਥੀ ਧੜਿਆਂ ਦੇ ਕਬਜ਼ੇ ਦੀ ਹੈ। ਵੋਟਾਂ ਤੇ ਨੋਟਾਂ ਲਈ ਤਾਂ ਸਭ ਸਿੱਖ ਹਨ, ਬਾਕੀ ਸਭ ਕੰਮਾਂ ਲਈ ਕੋਈ ਵੀ ਸਿੱਖ ਨਹੀਂ। ਜੇ ਸਿੱਖ ਇਨ੍ਹਾਂ ਦੀ ਵੋਟ ਤੇ ਨੋਟ ਦੀ ਰਾਜਨੀਤੀ ਵਿੱਚ ਫਸੇ ਰਹਿਣਗੇ, ਸਿੱਖਾਂ ਦਾ ਕਿਤੇ ਭਲਾ ਨਹੀਂ ਹੋ ਸਕਦਾ।
ਜੇ ਸਿੱਖਾਂ ਨੇ ਇਨ੍ਹਾਂ ਤੋਂ ਸਿੱਖੀ ਤੇ ਸਿੱਖ ਬਚਾਉਣੇ ਹਨ ਤਾਂ ਇਨ੍ਹਾਂ ਨੂੰ ਵੋਟ ਤੇ ਨੋਟ ਦੇਣੇ ਛੱਡ ਦਿਓ। ਇਨ੍ਹਾਂ ਦੇ ਕਬਜ਼ੇ ਵਾਲ਼ੇ ਸਥਾਨਾਂ ਨੂੰ ਆਪਣੀ ਲੋੜ ਅਨੁਸਾਰ ਵਰਤੋ, ਜਦੋ ਤੱਕ ਤੁਹਾਡੇ ਕੋਲ਼ ਇਨ੍ਹਾਂ ਦੇ ਬਰਾਬਰ ਸੰਸਥਾਵਾਂ ਨਹੀ ਬਣਦੀਆਂ। ਇਨ੍ਹਾਂ ਦੇ ਮੁਕਾਬਲੇ ਤੇ ਆਪਣੀਆਂ ਸੰਸਥਾਵਾਂ ਤੇ ਸਥਾਨ ਬਣਾਉ, ਇਨ੍ਹਾਂ ਨਾਲ਼ ਲੜਨ ਦੀ ਲੋੜ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਵੀਂ ਚੇਤਨਾ ਲੇਖਕ ਮੰਚ ਵਲੋਂ ਅਜੈ ਤਨਵੀਰ ਦੇ ਗ਼ਜ਼ਲ ਸੰਗ੍ਰਹਿ ਫ਼ਤਵਿਆਂ ਦੇ ਦੌਰ ਵਿੱਚ ਦਾ ਦੂਜਾ ਸੰਸਕਰਣ ਲੋਕ ਅਰਪਣ
Next articleਬੁੱਧ ਚਿੰਤਨ