ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ:- ਐਕਵਾਇਰ ਜਮੀਨ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਨੇੜਲੇ ਪਿੰਡ ਰਾਮਗੜ੍ਹ ਸਿਵੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਲਗਾਏ ਪੱਕੇ ਮੋਰਚੇ ਦੌਰਾਨ ਇੱਕ ਧਰਨਾਕਾਰੀ ਕਿਸਾਨ ਚਰਨ ਸਿੰਘ ਪੁੱਤਰ ਗੁਰਦੇਵ ਸਿੰਘ ਦੀ ਲੰਘੀ ਰਾਤ ਸਿਵੀਆਂ-ਬੋਪਾਰਾਏ ਸੜਕ ਕਿਨਾਰੇ ਟਿਊਬਵੈੱਲ ਤੇ ਬਣੀ ਪਾਣੀ ਵਾਲੀ ਖੇਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਜਿਸਨੂੰ ਖੇਤ ਮਾਲਕ ਸੁਰਿੰਦਰਪਾਲ ਸਿੰਘ ਨੇ ਆਪਣੀ ਖੇਲ ਵਿੱਚ ਡਿੱਗਿਆ ਦੇਖਿਆ ਅਤੇ ਪਰਿਵਾਰ ਦੇ ਮੈਂਬਰਾਂ ਅਤੇ ਪਿੰਡ ਦੇ ਸਾਬਕਾ ਸਰਪੰਚ ਨੂੰ ਸੂਚਿਤ ਕੀਤਾ । ਜਿੰਨਾ ਵਲੋਂ ਇਸ ਦੀ ਸੂਚਨਾ ਰਾਏਕੋਟ ਥਾਣਾ ਸਦਰ ਦੀ ਪੁਲਸ ਨੂੰ ਦਿੰਤੀ ਗਈ। ਸੂਚਨਾ ਮਿਲਣ ਤੇ ਐਸ ਐੱਚ ਓ ਥਾਣਾ ਸਦਰ ਰਾਏਕੋਟ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਅਤੇ ਘਟਨਾ ਦਾ ਜਾਇਜਾ ਲਿਆ। ਸਦਰ ਰਾਏਕੋਟ ਦੇ ਏ ਐਸ ਆਈ ਐਸ ਐਚ ਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਦਲਬੀਰ ਸਿੰਘ ਅਤੇ ਦੋਨਾਂ ਪਿੰਡਾਂ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਲਾਸ਼ ਦੀ ਪੋਸਟਮਾਰਟਮ ਕਰਵਾਉਣ ਅਤੇ ਕਿਸੇ ਕਿਸਮ ਦੀ ਕਾਰਵਾਈ ਕਰਵਾਉਣ ਤੋਂ ਮਨਾਂ ਕਰ ਦਿੱਤਾ। ਜਿਸ ਤੋਂ ਬਾਅਦ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਮ੍ਰਿਤਕ ਦੇਹ ਵਾਰਿਸਾਂ ਹਵਾਲੇ ਕੀਤੀ ਗਈ। ਇਸ ਮੌਕੇ ਹਾਜ਼ਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਮੀਤ ਪ੍ਰਧਾਨ ਹਰਬਖਸੀਸ ਸਿੰਘ ਚੱਕ ਭਾਈਕਾ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਬੋਪਾਰਾਏ ਖੁਰਦ ਨੇ ਕਿਸਾਨਾਂ ਮ੍ਰਿਤਕ ਕਿਸਾਨ ਚਰਨ ਸਿੰਘ ਨੂੰ ਸਹੀਦ ਕਰਾਰ ਦਿੰਦਿਆਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੀ ਨਾਲਾਇਕੀਆਂ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀਆਂ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਅਤੇ ਆਪਣੇ ਇਸ ਮੁਆਵਜ਼ੇ ਦੇ ਹੱਕ ਲਈ ਧਰਨਿਆਂ ਵਿੱਚ ਹਿੱਸਾ ਲੈਣਾ ਪੈ ਰਿਹਾ ਹੈ ਅਤੇ ਚਰਨ ਸਿੰਘ ਵੀ ਇਸੇ ਹੋਣੀ ਦਾ ਸ਼ਿਕਾਰ ਹੋਇਆ ਹੈ ਜ਼ੋ ਰੋਜ਼ਾਨਾ ਪੈਦਲ ਬੋਪਾਰਾਏ ਤੋਂ ਰਾਮਗੜ੍ਹ ਸਿਵੀਆਂ ਕਿਸਾਨੀ ਧਰਨੇ ਵਿੱਚ ਆ ਕੇ ਕਿਸਾਨੀ ਮੰਗਾਂ ਲਈ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਿਹਾ ਸੀ। ਇਸ ਮੌਕੇ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਬੋਪਾਰਾਏ ਖੁਰਦ, ਪ੍ਰਧਾਨ ਹਰਪਾਲ ਸਿੰਘ ਸਿਬੀਆ ਤੇ ਹੋਰਨਾਂ ਵੱਲੋਂ ਵੀ ਕਿਸਾਨੀ ਧਰਨੇ ਦੇ ਸ਼ਹੀਦ ਚਰਨ ਸਿੰਘ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਸਰਕਾਰ ਪਾਸੋਂ ਉਨ੍ਹਾਂ ਦੇ ਪਿੰਡਾਂ ਦੇ ਕਿਸਾਨਾਂ ਦੀ ਹਾਈਵੇ ਲਈ ਐਕਵਾਇਰ ਕੀਤੀ ਜ਼ਮੀਨ ਦੇ ਮੁਆਵਜ਼ੇ ਦੀ ਮੰਗ ਜਲਦ ਪੂਰੀ ਕਰਨ ਦੀ ਅਪੀਲ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



