- ਪੋਲੈਂਡ ’ਚ ਦਾਖ਼ਲੇ ਲਈ ਵੱਖਰੀ ਐਡਵਾਈਜ਼ਰੀ ਜਾਰੀ
ਨਵੀਂ ਦਿੱਲੀ (ਸਮਾਜ ਵੀਕਲੀ): ਯੂਕਰੇਨ ਸਥਿਤ ਭਾਰਤੀ ਅੰਬੈਸੀ ਨੇ ਇਕ ਜ਼ਰੂਰੀ ਐਡਵਾਈਜ਼ਰੀ ਜਾਰੀ ਕਰਦਿਆਂ ਖਾਰਕੀਵ ਵਿੱਚ ਫ਼ਸੇ ਸਾਰੇ ਭਾਰਤੀਆਂ ਨੂੰ ਟਕਰਾਅ ਵਾਲੇ ਖੇਤਰਾਂ ’ਚੋਂ ਫੌਰੀ ਨਿਕਲ ਜਾਣ ਲਈ ਆਖ ਦਿੱਤਾ ਹੈ। ਅੰਬੈਸੀ ਨੇ ਭਾਰਤੀਆਂ ਨੂੰ ਕਿਹਾ ਕਿ ਉਹ ਜਿੰਨਾ ਜਲਦੀ ਹੋਵੇ ਪੈਸੋਚਿਨ, ਬਾਬੇਈ ਤੇ ਬੇਜ਼ਲਿਊਡੋਵਕਾ ਵਿਚ ਨਿਰਧਾਰਿਤ ਟਿਕਾਣਿਆਂ ’ਤੇ ਪਹੁੰਚ ਜਾਣ। ਅੰਬੈਸੀ ਨੇ ਕਿਹਾ, ‘‘ਆਪਣੀ ਸਲਾਮਤੀ ਤੇ ਸੁਰੱਖਿਆ ਲਈ ਉਹ ਫੌਰੀ ਖਾਰਕੀਵ ਛੱਡ ਦੇਣ। ਜਿੰਨਾ ਛੇਤੀ ਹੋਵੇ ਪੈਸੋਚਿਨ, ਬਾਬੇਈ ਤੇ ਬੇਜ਼ਲਿਊਡੋਵਕਾ ਵੱਲ ਨੂੰ ਚਾਲੇ ਪਾ ਦਿਓ। ਕਿਸੇ ਵੀ ਸੂਰਤ ਵਿੱਚ (ਯੂਕਰੇਨੀ ਸਮੇਂ ਮੁਤਾਬਕ) ਸ਼ਾਮ 6 ਵਜੇ ਤੱਕ ਇਨ੍ਹਾਂ ਟਿਕਾਣਿਆਂ ’ਤੇ ਪਹੁੰਚ ਜਾਣ।’’ ਐਡਵਾਈਜ਼ਰੀ ਵਿੱਚ ਹਾਲਾਂਕਿ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਥਾਵਾਂ ਯੂਕਰੇਨ ਵਿੱਚ ਪੈਂਦੀਆਂ ਹਨ ਜਾਂ ਕਿਸੇ ਹੋਰ ਮੁਲਕ ਵਿੱਚ।
ਇਸੇ ਦੌਰਾਨ ਪੋਲੈਂਡ ਦੀ ਰਾਜਧਾਨੀ ਵਾਰਸਾ ਵਿਚਲੀ ਭਾਰਤੀ ਅੰਬੈਸੀ ਨੇ ਪੱਛਮੀ ਯੂਕਰੇਨ ਦੇ ਲਵੀਵ ਤੇ ਟਰਨੋਪਿਲ ਅਤੇ ਹੋਰਨਾਂ ਥਾਵਾਂ ’ਤੇ ਫਸੇ ਭਾਰਤੀਆਂ ਨੂੰ ਪੋਲੈਂਡ ਵਿੱਚ ਦਾਖ਼ਲੇ ਲਈ ਬੁਡੋਮਾਇਰਜ਼ ਸਰਹੱਦੀ ਨਾਕੇ ’ਤੇ ਛੇਤੀ ਤੋਂ ਛੇਤੀ ਪੁੱਜਣ ਲਈ ਵੱਖਰੀ ਐਡਵਾਈਜ਼ਰੀ ਜਾਰੀ ਕੀਤੀ ਹੈ। ਅੰਬੈਸੀ ਨੇ ਭਾਰਤੀ ਨਾਗਰਿਕਾਂ ਨੂੰ ਸ਼ੇਹਿਨੀ-ਮੈਡਿਕਾ ਸਰਹੱਦੀ ਲਾਂਘੇ ਵਾਲੇ ਪਾਸੇ ਜਾਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਅੰਬੈਸੀ ਨੇ ਕਿਹਾ ਕਿ ਇਸ ਲਾਂਘੇ ’ਤੇ ਲੰਮੀਆਂ ਕਤਾਰਾਂ ਤੇ ਲੋਕਾਂ ਦਾ ਵੱਡਾ ਹਜੂਮ ਵੇਖਣ ਨੂੰ ਮਿਲ ਸਕਦਾ ਹੈ। ਅੰਬੈਸੀ ਨੇ ਕਿਹਾ, ‘‘ਲਵੀਵ ਤੇ ਟਰਨੋਪਿਲ ਅਤੇ ਪੱਛਮੀ ਯੂਕਰੇਨ ਦੀਆਂ ਹੋਰਨਾਂ ਥਾਵਾਂ ’ਤੇ ਫਸੇ ਭਾਰਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੋਲੈਂਡ ਵਿੱਚ ਦਾਖ਼ਲੇ ਲਈ ਛੇਤੀ ਹੀ ਬੁਡੋਮਾਇਰਜ਼ ਸਰਹੱਦੀ ਨਾਕੇ ’ਤੇ ਪੁੱਜਣ।
ਉਨ੍ਹਾਂ ਨੂੰ ਬਦਲਵੇਂ ਰੂਟ ਵਜੋਂ ਦੱਖਣ ਵੱਲ ਸਫ਼ਰ ਕਰਦਿਆਂ ਹੰਗਰੀ ਜਾਂ ਰੋਮਾਨੀਆ ਪੁੱਜਣ ਲਈ ਕਿਹਾ ਗਿਆ ਹੈ। ਭਾਰਤੀਆਂ ਨੂੰ ਸ਼ੇਹਿਨੀ-ਮੇਡਿਕਾ ਸਰਹੱਦੀ ਲਾਂਘੇ ਵੱਲ ਜਾਣ ਤੋਂ ਟਾਲਾ ਵਟਣ ਲਈ ਵੀ ਕਿਹਾ ਗਿਆ ਹੈ।’’ ਐਡਵਾਈਜ਼ਰੀ ਮੁਤਾਬਕ ਮੈਡਿਕਾ ਤੇ ਬੁਡੋਮਾਇਰਜ਼ ਸਰਹੱਦੀ ਨਾਕਿਆਂ ’ਤੇ ਅੰਬੈਸੀ ਨੇ ਅਧਿਕਾਰੀ ਤਾਇਨਾਤ ਕੀਤੇ ਹਨ, ਜੋ ਭਾਰਤੀ ਨਾਗਰਿਕਾਂ ਨੂੰ ਸ਼ਰਨ ਵਿੱਚ ਲੈ ਕੇ ਉਨ੍ਹਾਂ ਦੀ ਭਾਰਤ ਯਾਤਰਾ ਲਈ ਪ੍ਰਬੰਧ ਕਰਨਗੇ। ਅੰਬੈਸੀ ਨੇ ਕਿਹਾ ਕਿ ਪੋਲੈਂਡ ਵਿੱਚ ਦਾਖ਼ਲ ਹੋਣ ਮੌਕੇ ਜੇਕਰ ਕਿਸੇ ਨਾਕੇ ’ਤੇ ਭਾਰਤੀ ਅਧਿਕਾਰੀ ਨਾ ਵੀ ਮਿਲਣ ਤਾਂ ਉਹ ਰਜ਼ੇਜ਼ੋ ਵਿੱਚ ਸਿੱਧੇ ਹੋਟਲ ਪ੍ਰੈਜ਼ੀਡੈਂਸੀ ਵਿੱਚ ਜਾਣ, ਜਿੱਥੇ ਉਨ੍ਹਾਂ ਦੀ ਠਹਿਰ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly