(ਸਮਾਜ ਵੀਕਲੀ) ਕਰਨੈਲ ਸਿੰਘ ਨੇ ਮੁਸਕਾ੍ਉਂਦੇ ਹੋਏ,ਆਪਣਾ ਪਾਸਪੋਰਟ ਇੰਮੀਗਰੇਸ਼ਨ ਅਫ਼ਸਰ ਦੇ ਹੱਥ ਫੜਾ ਦਿੱਤਾ।ਅਮਰੀਕਾ ਦਾ ਪੀ ਆਰ (ਪੱਕਾ ਨਿਵਾਸੀ ) ਹੋ ਕੇ,ਅੱਠ ਸਾਲ ਬਾਅਦ ਅੱਜ ਉਹ ਆਪਣੇ ਦੇਸ਼ ਵਾਪਸ ਪਰਤਿਆ ਸੀ।ਲੰਬੇ ਸਮੇਂ ਬਾਅਦ,ਆਪਣੇ ਦੇਸ਼ ਦੀ ਹਵਾ ਚ ਸਾਹ ਲੈ ਕੇ ਉਸ ਦਾ ਰੋਮ ਰੋਮ ਖਿੜ ਉਠਿਆ ਸੀ।ਉਸ ਨੂੰ ਯਾਦ ਆ ਰਿਹਾ ਸੀ ਕਿ ਕਿਸ ਤਰ੍ਹਾਂ ਉਹ, ਦਰ ਦਰ ਦੀਆਂ ਠੋਕਰਾਂ ਖਾਂਦਾ ਹੋਇਆ ਅਮਰੀਕਾ ਪਹੁੰਚਿਆ ਸੀ।ਮੈਕਸੀਕੋ ਦੇ ਜੰਗਲਾਂ ਵਿੱਚ ਕਿਸ ਤਰ੍ਹਾਂ ਉਸ ਨੇ ਫਾਕੇ ਕੱਟੇ ਸਨ।ਕਿਸ ਤਰ੍ਹਾਂ ਪਾਣੀ ਦੇ ਇੱਕ ਇੱਕ ਘੁੱਟ ਨਾਲ ਗਲਾ ਤਰ ਕਰ ਕੇ ਉਸ ਨੇ ਕਈ ਕਈ ਮੀਲ ਦਾ ਸਫ਼ਰ ਤਹਿ ਕੀਤਾ ਸੀ।ਅਮਰੀਕਾ ਵਿੱਚ ਦਾਖਲ ਹੋ ਕੇ ਵੀ, ਪੱਕੇ ਹੋਣ ਤੱਕ,ਉਸ ਕਿੰਨੇ ਦੁੱਖ ਝੱਲੇ ਸਨ।ਪੀ ਆਰ ਮਿਲਦੇ ਹੀ ਉਹ ਸਾਰੇ ਦੁੱਖ ਦਰਦ ਅਤੇ ਤਕਲੀਫ਼ਾਂ ਭੁੱਲ ਗਿਆ ਸੀ।ਅਤੇ ਪੀ ਆਰ ਮਿਲਦੇ ਹੀ ਉਸ ਨੂੰ ਆਪਣੇ ਪਰਿਵਾਰ ਦੀ ਬਹੁਤ ਯਾਦ ਆਉਣ ਲੱਗੀ ਸੀ।ਉਸਦਾ ਪਰਿਵਾਰ ਵੀ ਉਸ ਨੂੰ ਮਿਲਣ ਲਈ ਕਾਹਲਾ ਪੈ ਰਿਹਾ ਸੀ। ਫੂਨ ‘ਤੇ ਪਰਿਵਾਰ ਨਾਲ,ਅਮਰੀਕਾ ਚ ਪੱਕਾ ਹੋਣ ਦੀ ਖੁਸ਼ੀ ਸਾਂਝੀ ਕਰਦਾ ਹੋਇਆ ਉਹ ਅਤੇ ਉਸਦਾ ਪਰਿਵਾਰ ਬਹੁਤ ਭਾਵਕ ਹੋ ਗਿਆ ਸੀ। ਫੂਨ ਬੰਦ ਕਰਦੇ ਹੀ ਉਸ ਨੇ ਇੰਡੀਆ ਦੀ ਟਿਕਟ ਖਰੀਦ ਲਈ ਸੀ।ਖੁਸ਼ੀ ਚ ਉਸ ਦਾ ਦਿਲ ਮਚਲ ਰਿਹਾ ਸੀ ਕਿਉਂਕਿ ਹੋਰ ਕੁਝ ਪਲਾਂ ਬਾਅਦ ਉਹ ਆਪਣੇ ਪਰਿਵਾਰ ਦੀ ਗਲਵਕੜੀ ਚ ਹੋਏ ਗਾ ਜੋ ਬਾਹਰ ਉਸ ਦਾ ਇੰਤਜ਼ਾਰ ਕਰ ਰਿਹਾ ਸੀ।
” ਕਿੱਥੋਂ ਆ ਰਿਹਾ ?” ਇੰਮੀਗਰੇਸ਼ਨ ਅਫ਼ਸਰ ਦੇ ਬੋਲ ਸੁਣ ਕੇ ਉਹ ਤਬਕਿਆਂ।
” ਜੀ,ਯੂ ਐਸ ਤੋਂ। ”
” ਕੀ ਤੂੰ ਭਾਰਤੀ ਨਾਗਰਿਕ ਆਂ ? ”
” ਪਾਸਪੋਰਟ ਤੁਹਾਡੇ ਸਾਮ੍ਹਣੇ ਹੈ ਸਰ। ” ਕਰਨੈਲ ਸਿੰਘ ਹੈਰਾਨ ਹੋ ਰਿਹਾ ਸੀ।
” ਪਾਸਪੋਰਟ ਤੇਰੇ ਭਾਰਤੀ ਹੋਣ ਦਾ ਸਬੂਤ ਨਹੀਂ ਹੈ। ਇਹ ਸਿਰਫ਼ ਅੰਤਰਰਾਸ਼ਟਰੀ ਯਾਤਰਾ ਕਰਨ ਦਾ ਦਸਤਾਵੇਜ਼ ਹੈ। ” ਇਮੀਗ੍ਰੇਸ਼ਨ ਅਫ਼ਸਰ ਡੂੰਘੀਆਂ ਨਜ਼ਰਾਂ ਨਾਲ ਉਸ ਵਲ ਦੇਖਦਾ ਜਾ ਰਿਹਾ ਸੀ।
” ਸਰ, ਮੇਰੇ ਪਾਸ ਅਧਾਰ ਕਾਰਡ ਹੈ,ਮੇਰੇ ਪਿੰਡ ਮੇਰਾ ਘਰ ਹੈ, ਜ਼ਮੀਨ ਜਾਇਦਾਦ ਹੈ,ਬਾਹਰ ਮੇਰਾ ਪਰਿਵਾਰ ਮੈਨੂੰ ਲੈਣ ਆਇਆ ਹੋਇਆ।ਮੈਨੂੰ ਆਪਣੇ ਦਾਦਾ, ਪੜਦਾਦਾ ਉਸ ਤੋਂ ਵੀ ਅੱਗੇ ਆਪਣੇ ਪਰਿਵਾਰ ਦੀਆਂ ਸੱਤ ਪੁਸ਼ਤਾਂ ਤੱਕ ਦੀ ਜਾਣਕਾਰੀ ਹੈ,ਜੋ ਸਦੀਆਂ ਤੋਂ ਇੱਕ ਹੀ ਪਿੰਡ ਵਿੱਚ ਰਹਿੰਦੇ ਆ ਰਹੇ ਹਨ।”
“ਇਹ ਤੇਰੀ ਪਹਿਚਾਣ ਹੋ ਸਕਦੀ ਹੈ, ਪਰ ਭਾਰਤੀ ਨਾਗਰਿਕ ਹੋਣ ਸਬੂਤ ਨਹੀਂ ਹੈ। ” ਇੰਮੀਗਰੇਸ਼ਨ ਅਫ਼ਸਰ ਨੇ ਕੁਰਖਤ ਆਵਾਜ਼ ਚ ਕਿਹਾ।
” ਠੀਕ ਹੈ ਸਰ,ਫ਼ੇਰ ਤੁਸੀਂ ਹੀ ਦੱਸ ਦਿਉ ਕਿ ਮੈਂ ਆਪਣੀ ਨਾਗਰਿਕਤਾ ਕਿਸ ਤਰ੍ਹਾਂ ਸਾਬਤ ਕਰਾਂ? ” ਕਰਨੈਲ ਸਿੰਘ ਦਾ ਬਲੱਡ ਪਰੇਸ਼ਰ ਉਬਾਲੇ ਮਾਰ ਰਿਹਾ ਸੀ। ਫ਼ੇਰ ਵੀ ਕਿਸੇ ਤਰ੍ਹਾਂ ਉਸ ਨੇ ਆਪਣੇ ਗੁੱਸੇ ਨੂੰ ਕਾਬੂ ‘ਚ ਰੱਖਿਆ ਹੋਇਆ ਸੀ।
” ਉਹ ਮੈ ਨਹੀਂ ਜਾਣਦਾ,ਪਰ ਆਪਣੀ ਨਾਗਰਿਕਤਾ ਸਿੱਧ ਕੀਤੇ ਬਿਨਾਂ ਤੂੰ ਏਅਰ ਪੋਰਟ ਤੋਂ ਬਾਹਰ ਨਹੀਂ ਜਾ ਸਕਦਾ। ” ਇੰਮੀਗਰੇਸ਼ਨ ਅਫ਼ਸਰ ਗਾਇਬ ਚੇਹਰਾ ਕਠੋਰ ਹੋ ਗਿਆ।
” ਕੀ ਤੁਸੀਂ ਭਾਰਤੀ ਨਾਗਰਿਕ ਹੋ,ਸਰ?” ਕਰਨੈਲ ਸਿੰਘ ਦਾ ਧੀਰਜ ਜੁਆਬ ਦੇ ਗਿਆ ਸੀ। ” ਤੁਸੀਂ ਪਹਿਲਾਂ ਆਪਣੇ ਭਾਰਤੀ ਨਾਗਰਿਕ ਹੋਣ ਦਾ ਸਬੂਤ ਦਿਓ।” ਕਰਨੈਲ ਸਿੰਘ ਆਪੇ ਤੋਂ ਬਾਹਰ ਹੋ ਗਿਆ ਸੀ।
” ਮੈਂ ਇੱਕ ਸਰਕਾਰੀ ਅਫ਼ਸਰ ਹਾਂ। ਤੂੰ,ਮੈਨੂੰ ਕੋਈ ਸਵਾਲ ਨਹੀਂ ਕਰ ਸਕਦਾ। ” ਮਾਹੋਲ ਗਰਮ ਹੋ ਗਿਆ ਸੀ।
” ਕਿਉਂ ਨਹੀਂ ਕਰ ਸਕਦਾ? ਜਿਸ ਅਫ਼ਸਰ ਕੋਲ,ਆਪਣੇ ਭਾਰਤੀ ਨਾਗਰਿਕ ਹੋਣ ਦਾ ਕੋਈ ਸਬੂਤ ਨਹੀਂ ਹੈ,ਉਹ ਮੇਰੇ ਕੋਲੋਂ ਕਿਸ ਹੈਸੀਅਤ ਨਾਲ ਮੇਰੇ ਭਾਰਤੀ ਨਾਗਰਿਕ ਹੋਣ ਦਾ ਸਬੂਤ ਮੰਗ ਰਿਹਾ ਹੈ। ” ਕਰਨੈਲ ਸਿੰਘ ਦੀ ਗੁੱਸੇ ਭਰੀ ਅਵਾਜ਼ ਸੁਣ ਕੇ ਪੂਰਾ ਅਰਾਈਵਲ ਹਾਲ ਸੁੰਨ ਜਿਹਾ ਹੋ ਗਿਆ।
ਉਸੇ ਪਲ,ਦੋ ਪੁਲਿਸ ਵਾਲਿਆਂ ਨੇ,ਉਸ ਨੂੰ ਘੇਰ ਲਿਆ।ਜਿਉਂ ਹੀ ਇੱਕ ਪੁਲਿਸ ਵਾਲੇ ਨੇ ਉਸ ਦਾ ਗੁਟ ਫੜਿਆ,ਉਹ ਤ੍ਬਕ ਕੇ ਉੱਠ ਬੈਠਾ।ਉਸਦਾ ਪੂਰਾ ਸਰੀਰ ਤ੍ਰੇਲੀਆਂ ਨਾਲ ਭਿੱਜ ਚੁੱਕਾ ਸੀ। ਉਦਾਸ ਨਜ਼ਰਾਂ ਨਾਲ ਉਹ,ਮੇਜ਼ ‘ਤੇ ਰੱਖੇ ਆਪਣੇ ਪਾਸਪੋਰਟ ਅਤੇ ਟਿਕਟ ਖਰੀਦਣ ਲਈ ਰੱਖੇ ਡਾਲਰਾਂ ਵਲ ਦੇਖਦਾ ਜਾ ਰਿਹਾ ਸੀ। ~~~~
ਗੁਰਦੀਪ ਸਿੰਘ ਮੁਕੱਦਮ ਪਿੰਡ ਲਧਾਣਾ ਝਿੱਕਾ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



