ਨਵੀਂ ਦਿੱਲੀ — ਗੁਜਰਾਤ ਦੇ ਜਾਮਨਗਰ ਜ਼ਿਲੇ ‘ਚ ਭਾਰਤੀ ਹਵਾਈ ਫੌਜ (IAF) ਦਾ ਇਕ ਜੈਗੁਆਰ ਲੜਾਕੂ ਜਹਾਜ਼ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ ਇਕ ਪਾਇਲਟ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ। ਜਾਮਨਗਰ ਦੇ ਐਸਪੀ ਪ੍ਰੇਮਸੁਖ ਡੇਲੂ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਭਾਰਤੀ ਹਵਾਈ ਸੈਨਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜਹਾਜ਼ ਵਿਚ ਤਕਨੀਕੀ ਖਰਾਬੀ ਆ ਗਈ ਸੀ। ਪਾਇਲਟਾਂ ਨੇ ਜਹਾਜ਼ ਨੂੰ ਆਬਾਦੀ ਵਾਲੇ ਖੇਤਰ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਾਦਸਾ ਵਾਪਰ ਗਿਆ।
ਪੁਲਿਸ ਮੁਤਾਬਕ ਜਹਾਜ਼ ਵਿੱਚ ਦੋ ਪਾਇਲਟ ਸਵਾਰ ਸਨ। ਹਾਦਸੇ ਦੇ ਸਮੇਂ ਇੱਕ ਪਾਇਲਟ ਸਮੇਂ ਸਿਰ ਜਹਾਜ਼ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ, ਜਦਕਿ ਦੂਜੇ ਪਾਇਲਟ ਦੀ ਮੌਤ ਹੋ ਗਈ। ਜ਼ਖਮੀ ਪਾਇਲਟ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਹ ਹਾਦਸਾ ਜਾਮਨਗਰ ਸ਼ਹਿਰ ਤੋਂ ਕਰੀਬ 12 ਕਿਲੋਮੀਟਰ ਦੂਰ ਸੁਵਰਦਾ ਪਿੰਡ ਨੇੜੇ ਹੋਇਆ। ਸਾਹਮਣੇ ਆਈ ਇੱਕ ਵੀਡੀਓ ਵਿੱਚ ਇੱਕ ਖੇਤ ਨੂੰ ਅੱਗ ਲੱਗੀ ਦਿਖਾਈ ਦੇ ਰਹੀ ਹੈ। ਜਹਾਜ਼ ਦੇ ਕਾਕਪਿਟ ਅਤੇ ਟੇਲ ਸੈਕਸ਼ਨ ਵੱਖ-ਵੱਖ ਥਾਵਾਂ ‘ਤੇ ਪਏ ਸਨ, ਅਤੇ ਦੋਵੇਂ ਹਿੱਸੇ ਅੱਗ ਦੀ ਲਪੇਟ ਵਿਚ ਸਨ।
ਭਾਰਤੀ ਹਵਾਈ ਸੈਨਾ ਨੇ ਪਾਇਲਟ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਦੁਖੀ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹਰਿਆਣਾ ਦੇ ਅੰਬਾਲਾ ‘ਚ ਜੈਗੁਆਰ ਦਾ ਸਿਖਲਾਈ ਜਹਾਜ਼ ਵੀ ਕਰੈਸ਼ ਹੋ ਗਿਆ ਸੀ। ਇਸ ਘਟਨਾ ਵਿੱਚ ਪਾਇਲਟ ਨੇ ਸਮੇਂ ਸਿਰ ਆਪਣੇ ਆਪ ਨੂੰ ਬਾਹਰ ਕੱਢ ਲਿਆ ਅਤੇ ਕਿਸੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly