ਭਾਰਤ ਸਾਰੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧ ਰੱਖਣ ਦਾ ਚਾਹਵਾਨ: ਲੇਖੀ

ਅਸਤਾਨਾ (ਸਮਾਜ ਵੀਕਲੀ) : ਭਾਰਤ ਨੇ ਅੱਜ ਕਿਹਾ ਕਿ ਉਹ ਪਾਕਿਸਤਾਨ ਸਣੇ ਆਪਣੇ ਸਾਰੇ ਗੁਆਂਢੀ ਮੁਲਕਾਂ ਨਾਲ ਸੁਖਾਵੇਂ ਸਬੰਧ ਰੱਖਣ ਦਾ ਚਾਹਵਾਨ ਹੈ। ਭਾਰਤ ਨੇ ਪਾਕਿਸਤਾਨ ਨੂੰ ਉਸ ਦੇ ਕੰਟਰੋਲ ਵਾਲੇ ਕਿਸੇ ਵੀ ਖੇਤਰ ਨੂੰ ਸਰਹੱਦ ਪਾਰ ਅਤਿਵਾਦ ਫੈਲਾਉਣ ਲਈ ਇਸਤੇਮਾਲ ਕਰਨ ਦੀ ਮਨਜ਼ੂਰੀ ਨਾ ਦੇਣ ਵਰਗੀਆਂ ਭਰੋਸੇਯੋਗ, ਪ੍ਰਮਾਣਿਤ ਅਤੇ ਨਾ ਬਦਲਣਯੋਗ ਕਾਰਵਾਈਆਂ ਕਰਨ ਸਣੇ ਇਕ ਅਨੁਕੂਲ ਮਾਹੌਲ ਸਿਰਜਣ ਦਾ ਮਸ਼ਵਰਾ ਦਿੱਤਾ।

ਕਜ਼ਾਖ਼ਸਤਾਨ ਦੇ ਅਸਤਾਨਾ ਵਿੱਚ ‘ਏਸ਼ੀਆ ’ਚ ਸੰਵਾਦ ਅਤੇ ਵਿਸ਼ਵਾਸ ਪੈਦਾ ਕਰਨ ਲਈ ਕਦਮ ਚੁੱਕਣ’ ਦੇ ਵਿਸ਼ੇ ਉੱਤੇ ਆਧਾਰਤ ਕਾਨਫ਼ਰੰਸ ਦੇ ਛੇਵੇਂ ਸੰਮੇਲਨ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ, ‘‘ਪਾਕਿਸਤਾਨ ਅਤਿਵਾਦ ਦਾ ਆਲਮੀ ਕੇਂਦਰ ਹੈ ਅਤੇ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਦਾ ਸਰੋਤ ਬਣਿਆ ਹੋਇਆ ਹੈ। ਪਾਕਿਸਤਾਨ ਮਨੁੱਖੀ ਵਿਕਾਸ ’ਚ ਨਿਵੇਸ਼ ਨਾ ਕਰ ਕੇ ਆਪਣੇ ਸਰੋਤਾਂ ਨੂੰ ਅਤਿਵਾਦ ਦਾ ਢਾਂਚਾ ਸਿਰਜਣ ਅਤੇ ਕਾਇਮ ਰੱਖਣ ਲਈ ਮੁਹੱਈਆ ਕਰਵਾ ਰਿਹਾ ਹੈ।’’

ਇਸ ਸੰਮੇਲਨ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਸਣੇ ਵਿਸ਼ਵ ਦੇ ਕਈ ਆਗੂ ਹਾਜ਼ਰ ਸਨ। ਇਸ ਦੌਰਾਨ ਸੰਬੋਧਨ ਕਰਦਿਆਂ ਲੇਖੀ ਨੇ ਕਿਹਾ ਕਿ ਭਾਰਤ, ਪਾਕਿਸਤਾਨ ਸਣੇ ਆਪਣੇ ਸਾਰੇ ਗੁਆਂਢੀਆਂ ਨਾਲ ਸੁਖਾਵੇਂ ਸਬੰਧ ਰੱਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ, ‘‘ਪਾਕਿਸਤਾਨ ਨੂੰ ਮਸ਼ਵਰਾ ਦਿੱਤਾ ਜਾਂਦਾ ਹੈ ਕਿ ਉਹ ਇਕ ਅਨੁਕੂਲ ਮਾਹੌਲ ਸਿਰਜ ਕੇ ਜੋ ਕਹਿੰਦਾ ਹੈ ਉਹ ਕਰ ਕੇ ਦਿਖਾਏ, ਜਿਸ ਵਿੱਚ ਭਰੋਸੇਯੋਗ, ਪ੍ਰਮਾਣਿਤ ਅਤੇ ਨਾ ਬਦਲਣਯੋਗ ਕਾਰਵਾਈ ਕਰਨਾ ਸ਼ਾਮਲ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਭਾਰਤ ਖ਼ਿਲਾਫ਼ ਸਰਹੱਦ ਪਾਰ ਅਤਿਵਾਦ ਲਈ ਉਸ ਦੇ ਕੰਟਰੋਲ ਵਾਲੇ ਕਿਸੇ ਵੀ ਖੇਤਰ ਦਾ ਇਸਤੇਮਾਲ ਨਾ ਕੀਤਾ ਜਾ ਸਕੇ।’’

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਰੀਫ ਵੱਲੋਂ ਸੀਆਈਸੀਏ ਦੀ ਮੀਟਿੰਗ ਵਿੱਚ ਕਸ਼ਮੀਰ ਦਾ ਮੁੱਦਾ ਉਠਾਏ ਜਾਣ ਤੋਂ ਬਾਅਦ ਲੇਖੀ ਨੇ ਕਿਹਾ ਕਿ ਇਸ ਤਰ੍ਹਾਂ ਦੋਵੇਂ ਦੇਸ਼ ਇਸ ਅਹਿਮ ਕੌਮਾਂਤਰੀ ਮੰਚ ਦਾ ਸਹਿਯੋਗ ਸਬੰਧੀ ਉਸ ਦੇ ਏਜੰਡੇ ਤੋਂ ਧਿਆਨ ਭਟਕਾਉਣ ਦੀ ਬਜਾਏ ਦੋ-ਧਿਰੀ ਮੁੱਦਿਆਂ ਨੂੰ ਸੁਲਝਾਉਣ ਦੇ ਸਮਰੱਥ ਹੋਣਗੇ।

ਉਨ੍ਹਾਂ ਪਾਕਿਸਤਾਨ ਨੂੰ ਭਾਰਤ ਵਿਰੋਧੀ ਸਰਹੱਦ ਪਾਰ ਅਤਿਵਾਦ ਤੁਰੰਤ ਬੰਦ ਕਰਨ ਅਤੇ ਅਤਿਵਾਦ ਦੇ ਆਪਣੇ ਬੁਨਿਆਦੀ ਢਾਂਚੇ ਨੂੰ ਢਹਿ-ਢੇਰੀ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ, ‘‘ਇਹ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਅਤੇ ਲੱਦਾਖ (ਪੀਓਜੇਕੇਐੱਲ) ਵਿੱਚ ਗੰਭੀਰ ਅਤੇ ਲਗਾਤਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਰੋਕਣ ਲਈ ਠੀਕ ਹੋਵੇਗਾ। ਉਹ ਪੀਓਜੇਕੇਐੱਲ ਦੀ ਸਥਿਤੀ ਵਿੱਚ ਕੋਈ ਹੋਰ ਅਹਿਮ ਬਦਲਾਅ ਕਰਨ ਤੋਂ ਬਚੇ ਅਤੇ ਉਨ੍ਹਾਂ ਭਾਰਤੀ ਖੇਤਰਾਂ ਨੂੰ ਖਾਲੀ ਕਰੇ, ਜੋ ਉਸ ਦੇ ਨਾਜਾਇਜ਼ ਅਤੇ ਜਬਰੀ ਕਬਜ਼ੇ ਹੇਠ ਹਨ।’’

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAAP candidate in Guj reports attempt to steal Rs 20 lakh cash
Next articleਐੱਸਵਾਈਐੱਲ: ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਅੱਜ